ਸਿੱਖ ਜਥਿਆਂ ਨੇ ਖਾਲਸਾ ਸਾਜਨਾ ਦਿਵਸ ਮੌਕੇ ਮੇਲਾ ਸਭਿਆਚਾਰ ਅਤੇ ਰੌਲੇ ਰੱਪੇ ਨੂੰ ਸਖਤੀ ਨਾਲ ਨਜਿੱਠਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਲਵੰਡੀ ਸਾਬੋ ਪ੍ਰਸ਼ਾਸਨ ਨੂੰ ਦਿੱਤੇ ਸੁਝਾਅ ਪੱਤਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸ੍ਰੀ ਦਮਦਮਾ ਸਾਹਿਬ: ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਚਾਰ ਸਭਾ -ਲੱਖੀ ਜੰਗਲ ਖਾਲਸਾ ਅਤੇ ਸਿੱਖ ਜਥਾ ਮਾਲਵਾ ਵੱਲੋਂ ਤਖਤ ਸਾਹਿਬ ਦੇ ਮਨੇਜਰ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਹੁੰਦੇ ਸਮਾਗਮਾਂ ਦੌਰਾਨ ਮੇਲਾ ਸਭਿਆਚਾਰ ਨੂੰ ਠੱਲ੍ਹ ਪਾਉਣ ਲਈ ਲਿਖਤੀ ਸੁਝਾਵਾਂ ਦੀ ਕਾਪੀ ਸੌਂਪੀ ਗਈ। ਲਿਖਤੀ ਸੁਝਾਵਾਂ ਵਿੱਚ ਕਿਹਾ ਗਿਆ ਕਿ ਉਹ ਸਾਰੀਆਂ ਦੁਕਾਨਾਂ ਜੋ ਗੁਰਮਤਿ ਅਨੁਸਾਰੀ ਨਹੀਂ ਹਨ, ਮੇਲੇ ਵਾਲੇ ਮਹੌਲ ਨਾਲ ਸਬੰਧਤ ਹਨ, ਉਹ ਨਹੀਂ ਹੋਣੀਆਂ ਚਾਹੀਦੀਆਂ ਜਾਂ ਘੱਟੋ-ਘੱਟ ਬਾਹਰ ਕਿਸੇ ਖੇਤ ਵਿੱਚ ਹੋਣ। ਇਸ ਦੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਕਿ ਲੰਗਰਾਂ ਵਿੱਚੋਂ ਸਪੀਕਰਾਂ ਰਾਹੀਂ ਲੰਗਰ ਛਕਣ ਦੀਆਂ ਅਵਾਜਾਂ ਦੇਣ ਅਤੇ ਮਾਇਆ ਭੇਟਾ ਕਰਨ ਵਾਲਿਆਂ ਸਬੰਧੀ ਸਪੀਕਰਾਂ ਵਿੱਚ ਬੋਲਣ 'ਤੇ ਪੂਰਨ ਪਾਬੰਦੀ ਹੋਵੇ। ਜੇਕਰ ਕੋਈ ਸਪੀਕਰ ਲਾਉਣਾ ਹੈ ਤਾਂ ਸਿਰਫ ਗੁਰਬਾਣੀ ਦੇ ਪ੍ਰਵਾਹ ਹੀ ਚੱਲਣ ਉਹਨਾਂ ਦੀ ਵੀ ਅਵਾਜ ਜਿਆਦਾ ਨਾ ਹੋਵੇ।
ਇਸ ਮੌਕੇ ਹਾਜਰ ਸਿੱਖ ਜਥਿਆਂ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਹਰ ਸਾਲ 'ਖਾਲਸਾ ਸਾਜਨਾ ਦਿਵਸ' ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਮਨਾਇਆ ਜਾਂਦਾ ਹੈ। ਦੂਰੋਂ-ਦੂਰੋਂ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਦਿਹਾੜੇ 'ਤੇ ਹਾਜਰੀ ਭਰਦੀਆਂ ਹਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਪਵਿੱਤਰ ਦਿਹਾੜੇ ਨੂੰ ਇੱਕ ਮੇਲੇ ਵਜੋਂ ਜਾਣਿਆ ਜਾਣ ਲੱਗਾ ਹੈ, ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਇਹਨਾਂ ਸਮਾਗਮ ਨੂੰ ਲਿਜਾਣ ਦੀ ਬਜਾਏ ਇਹਨਾਂ ਸਮਾਗਮਾਂ ਦੀ ਦਿਸ਼ਾ ਹੁਣ ਚਿੱਤ ਵਿੱਚ ਕਾਹਲ ਵਰਤਾਉਣ, ਮਨ ਨੂੰ ਭਟਕਾਉਣ ਵਾਲੇ, ਦੁਨਿਆਵੀ ਮੌਜ ਮੇਲੇ ਦੇ ਵੱਲ ਮੁੜਦੀ ਜਾ ਰਹੀ ਹੈ। ਖਾਲਸੇ ਦੇ ਸਾਜਨਾ ਦਿਵਸ ਨੂੰ ਜਿਸ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ ਉਸ ਦਿਸ਼ਾ ਵੱਲ ਲਿਜਾਣ ਲਈ ਉਦਮ ਵਧਾਉਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ। ਅਜਿਹੇ ਅਮਲ ਜਿਹੜੇ ਇਸ ਪਵਿੱਤਰ ਯਾਦ ਦੇ ਅਹਿਸਾਸ ਨੂੰ ਲਗਾਤਾਰ ਧੁੰਦਲਾ ਕਰ ਰਹੇ ਹਨ, ਉਹਨਾਂ ਨੂੰ ਤੁਰੰਤ ਰੋਕਣਾ ਚਾਹੀਦਾ ਹੈ।
ਇਸ ਉਪਰੰਤ ਸਿੱਖ ਜਥੇ ਤਲਵੰਡੀ ਸਾਬੋ ਦੇ ਐਸ.ਡੀ.ਐਮ ਨੂੰ ਮਿਲੇ ਅਤੇ ਲਿਖਤੀ ਸੁਝਾਵਾਂ ਦੀ ਕਾਪੀ ਦਿੱਤੀ ਜਿਸ ਵਿੱਚ ਲਿਖਿਆ ਗਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਪ੍ਰਸ਼ਾਸ਼ਨ ਵੱਲੋਂ ਸਾਧਨਾਂ ਦੇ ਦਾਖਲੇ ਲਈ ਜੋ ਪਾਸ ਮੁਹਈਆ ਕਰਵਾਏ ਜਾਂਦੇ ਹਨ ਉਹਨਾਂ 'ਤੇ 'ਮੇਲਾ ਪਾਸ' ਲਿਖਿਆ ਹੁੰਦਾ ਹੈ ਜੋ ਕਿ ਸਹੀ ਨਹੀਂ ਹੈ। ਇਸ ਨੂੰ ਬਦਲ ਕੇ 'ਸਾਧਨ ਪਾਸ' ਜਾਂ ਕੋਈ ਹੋਰ ਢੁੱਕਵਾਂ ਸ਼ਬਦ ਲਿਖਿਆ ਜਾਵੇ। ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਟ੍ਰੈਕਟਰਾਂ ਦੇ ਡੈੱਕ 'ਤੇ ਪੂਰਨ ਪਾਬੰਦੀ ਹੋਵੇ ਅਤੇ ਮੋਟਰਸਾਈਕਲਾਂ ‘ਤੇ ਵੱਡੇ ਹਾਰਨ ਅਤੇ ਬਿਨਾ ਕੰਮ ਤੋਂ ਸ਼ੋਰ ਸ਼ਰਾਬਾ ਪਾਉਣ ਵਾਲਿਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਜਾਵੇ।
ਸਿੱਖ ਜਥਿਆਂ ਨੇ ਸਮੂਹ ਸਿੱਖ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਆਪਣੇ ਸਭ ਦਾ ਹੀ ਫਰਜ ਹੈ ਕਿ ਅਸੀਂ ਇਸ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪੋ ਆਪਣੀ ਸਮਰੱਥਾ ਅਨੁਸਾਰ ਯਤਨ ਕਰੀਏ। ਖਾਲਸਾ ਪ੍ਰਮਾਤਮਾ ਦੀ ਮੌਜ ਵਿੱਚ ਪਰਗਟ ਹੋਇਆ ਹੈ, ਇਹ ਅਕਾਲ ਪੁਰਖ ਦੀ ਫੌਜ ਹੈ ਜੋ ਹਮੇਸ਼ਾ ਨਿਤਾਣਿਆਂ ਦੀ ਧਿਰ ਬਣ ਕੇ ਪੂਰੀ ਧਰਤ 'ਤੇ ਸਰਬੱਤ ਦੇ ਭਲੇ ਅਤੇ ਬਰਾਬਰਤਾ ਦਾ ਢਾਂਚਾ ਸਿਰਜਦੀ ਰਹੇਗੀ। ਇਹਦੇ ਅਮਲਾਂ ਦੀਆਂ ਮਹਿਕਾਂ ਹਵਾਵਾਂ ਵਿੱਚ ਸਦਾ ਲਈ ਰਹਿਣਗੀਆਂ, ਜਿਹੜੀਆਂ ਯੁਗਾਂ-ਯੁਗਾਂ ਤਕ ਲੁਕਾਈ ਦੇ ਸਾਹਾਂ ਵਿੱਚ ਘੁਲ ਕੇ ਇਸ ਲਗਾਤਾਰਤਾ ਨੂੰ ਜਾਰੀ ਰੱਖਣਗੀਆਂ।
ਇਸ ਮੌਕੇ ਭਾਈ ਸਵਰਨ ਸਿੰਘ, ਭਾਈ ਮਲਕੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਪਰਗਟ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਅਮਨਪ੍ਰੀਤ ਸਿੰਘ ਆਦਿ ਸਿੰਘ ਹਾਜਰ ਸਨ।
Comments (0)