ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵਿਤਕਰਾ-ਆਗੂ

ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵਿਤਕਰਾ-ਆਗੂ

* ਕਈ ਗੁਣਾਂ ਵਧ  ਕਿਰਾਇਆ ਖਰਚ ਕਰਕੇ ਤੇ ਲੰਬਾ ਸਮਾਂ ਲਾ ਕੇ ਕੈਨੇਡਾ ਪਹੁੰਚਦੇ ਹਨ ਭਾਰਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਹਵਾਈ ਉਡਾਨਾਂ ਉਪਰ 21 ਸਤੰਬਰ 2021 ਤੱਕ ਲਾਈ ਪਾਬੰਦੀ ਤੇ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਟੀਕਾਕਰਣ ਕਰਵਾ ਚੁੱਕੇ ਪਰਿਵਾਰਾਂ ਤੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਖੁਲ ਦੇਣ ਦੇ ਫੈਸਲੇ ਕਾਰਨ ਇੰਡੋ-ਕੈਨੇਡਾ ਭਾਈਚਾਰੇ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਤੇ ਭਾਈਚਾਰੇ ਦੇ ਆਗੂਆਂ ਨੇ ਕੈਨੇਡਾ ਦੇ ਇਸ ਫੈਸਲੇ ਨੂੰ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵਿਤਕਰਾ ਕਰਾਰ ਦਿੱਤਾ ਹੈ। ਇੰਡੋ ਕੈਨੇਡੀਅਨ ਐਵੀਏਸ਼ਨ ਮਾਹਿਰ ਹੇਮੰਤ ਸ਼ਾਹ, ਕੈਨੇਡਾ-ਇੰਡੀਆ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਠਾਕੁਰ ਤੇ ਰਿਸ਼ੀ ਕਪੂਰ ਨਾਨਕ ਫਲਾਈਟਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਦੋਂ ਅਸੀਂ ਮਾਨਵੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਜਦ ਕਿ ਕੈਨੇਡਾ ਦੇ ਕਿਰਤੀਆਂ ਦਾ ਵੱਡਾ ਹਿੱਸਾ ਭਾਰਤੀ ਮੂਲ ਦੇ ਕੈਨੇਡੀਅਨ ਹਨ ਤੇ ਭਾਰਤੀ ਵਿਦਿਆਰਥੀਆਂ ਵੱਲੋਂ ਖਰਚ ਕੀਤੇ ਜਾ ਰਹੇ ਕਰੋੜਾਂ ਡਾਲਰ ਕੈਨੇਡਾ ਦੀ ਅਰਥ ਵਿਵਸਥਾ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨਾਂ ਆਗੂਆਂ ਨੇ ਕਿਹਾ ਹੈ ਕਿ ਇਸ ਪਾਬੰਦੀ ਨੇ ਭਾਈਚਾਰੇ ਵਿਚ ਭੰਬਲਭੂਸਾ ਖੜਾ ਕਰ ਦਿੱਤਾ ਹੈ ਕਿਉਂਕਿ ਭਾਰਤ ਵਿਚ ਕੋਵਿਡ ਮਾਮਲੇ ਘੱਟ ਰਹੇ ਹਨ ਜਦ ਕਿ ਹੋਰ ਕਈ ਦੇਸ਼ਾਂ ਵਿਚ ਵਧ ਰਹੇ ਹਨ। ਉਨਾਂ ਕਿਹਾ ਹੈ ਕਿ ਭਾਰਤੀ ਯਾਤਰੀਆਂ ਨੇ ਵਿਸ਼ਵ ਸਿਹਤ ਸੰਗਠਨ ਤੇ ਕੈਨੇਡਾ ਵੱਲੋਂ ਮਾਨਤਾ ਪ੍ਰਾਪਤ ਕੋਵੀਸ਼ੀਲਡ ਟੀਕੇ ਲਵਾਏ ਹਨ ਜੇਕਰ ਹੋਰਨਾਂ ਦੇਸ਼ਾਂ ਦੇ ਦੋ ਟੀਕੇ ਲਵਾ ਚੁੱਕੇ ਲੋਕ ਕੈਨੇਡਾ ਆ ਸਕਦੇ ਹਨ ਤਾਂ ਭਾਰਤੀਆਂ ਉਪਰ ਵੀ ਇਹ ਹੀ ਨਿਯਮ ਲਾਗੂ ਹੋਣਾ ਚਾਹੀਦਾ ਹੈ। ਆਗੂਆਂ ਨੇ ਪੁੱਛਿਆ ਹੈ ਕਿ ਜੇਕਰ ਭਾਰਤੀ ਕਿਸੇ ਤੀਸਰੇ ਦੇਸ਼ ਰਾਹੀਂ ਕੈਨੇਡਾ ਆ ਸਕਦੇ ਹਨ ਤਾਂ ਫਿਰ ਸਿੱਧੀਆਂ ਉਡਾਨਾਂ ਰਾਹੀਂ ਕਿਉਂ ਨਹੀਂ ਆ ਸਕਦੇ? ਆਗੂਆਂ ਨੇ ਕਿਹਾ ਹੈ ਕਿ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਕਾਰਨ ਭਾਰਤੀਆਂ ਉਪਰ ਭਾਰੀ ਆਰਥਕ ਬੋਝ ਪੈ ਰਿਹਾ ਹੈ।                                                       ਹਾਲਾਂ ਕਿ ਵੈਟਰਨਜ ਐਸੋਸੀਏਸ਼ਨ ਓਨਟਾਰੀਓ ਦੇ ਪ੍ਰਧਾਨ  ਬ੍ਰਿਗੇਡੀਅਰ (ਸੇਵਾਮੁਕਤ) ਨਵਾਬ ਹੀਰ ਨੇ ਕੈਨੇਡਾ ਦੇ ਫੈਸਲੇ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਕੋਵਿਡ-19 ਦੇ ਭਾਰਤੀ ਡੈਲਟਾ ਰੂਪ ਦੇ ਖਤਰੇ ਕਾਰਨ ਭਾਰਤੀ ਉਡਾਨਾਂ ਉਪਰ ਪਾਬੰਦੀ ਲਾਈ ਗਈ ਹੈ। ਇਥੇ ਜਿਕਰਯੋਗ ਹੈ ਕਿ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਕਾਰਨ ਭਾਰਤੀ ਵਿਦਿਆਰਥੀਆਂ ਤੇ  ਪਰਿਵਾਰਾਂ ਨੂੰ ਕੈਨੇਡਾ ਆਉਣ ਲਈ ਹੋਰ ਦੇਸ਼ਾਂ ਰਾਹੀਂ ਆਉਣਾ ਪੈਂਦਾ ਹੈ ਜਿਸ ਕਾਰਨ ਪ੍ਰਤੀ ਮੁਸਾਫਿਰ 4000 ਤੋਂ 6000 ਡਾਲਰ ਤੱਕ ਖਰਚਣੇ ਪੈ ਰਹੇ ਹਨ। ਉਹ ਮੈਕਸੀਕੋ, ਮਾਲਦੀਵ, ਦੋਹਾ, ਬੈਲਗਰੇਡ ਤੇ ਕਾਹਿਰਾ ਰਾਹੀਂ ਕੈਨੇਡਾ ਪਹੁੰਚਦੇ ਹਨ ਜਿਥੇ ਉਨਾਂ ਨੂੰ ਕੋਵਿਡ ਟੈਸਟ ਕਰਵਾਉਣ ਤੇ ਕੈਨੇਡਾ ਲਈ ਉਡਾਨ ਭਰਨ ਵਾਸਤੇ 2 ਤੋਂ 10 ਤੱਕ ਰਾਤਾਂ ਗੁਜਾਰਨੀਆਂ ਪੈਂਦੀਆਂ ਹਨ। ਸੂਤਰਾਂ ਅਨੁਸਾਰ ਕੈਨੇਡਾ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਭਾਰਤ ਤੋਂ ਆਉਣ ਵਾਲੇ ਯਾਤਰੀ ਕੋਵਿਡ ਵੈਕਸੀਨ ਲਵਾਉਣ ਸਬੰਧੀ ਫਰਜੀ ਦਸਤਾਵੇਜਾਂ ਦੀ ਵਰਤੋਂ ਕਰਦੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪਾਕਿਸਤਾਨ ਤੋਂ ਕੈਨੇਡਾ ਲਈ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਨਹੀਂ ਹੈ।