ਨਿਊਯਾਰਕ ਵਿਚ ਸਾਊਥ ਏਸ਼ੀਅਨ ਕੌਂਸਲ ਦੇ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ

ਨਿਊਯਾਰਕ ਵਿਚ ਸਾਊਥ ਏਸ਼ੀਅਨ ਕੌਂਸਲ ਦੇ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ
ਸਾਊਥ ਏਸ਼ੀਅਨ ਕੌਂਸਲ ਫਾਰ ਸੋਸ਼ਲ ਸਰਵਿਸਜ਼ ਦੀ ਪ੍ਰਧਾਨ ਸੁਧਾ ਅਚਾਰੀਆ ਸਮਾਗਮ ਨੂੰ ਸੰਬਧੋਨ ਕਰਦੀ ਹੋਈ। ਨਾਲ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਬਾਹਰੀ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਚ 'ਸਾਊਥ ਏਸ਼ੀਅਨ ਕੌਂਸਲ ਫਾਰ ਸੋਸ਼ਲ ਸਰਵਿਸਜ਼' ਦੇ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਸਾਊਥ ਏਸ਼ੀਅਨ ਕੌਂਸਲ ਫਾਰ ਸੋਸ਼ਲ ਸਰਵਿਸਜ਼ ਇਕ 20 ਸਾਲ ਪੁਰਾਣੀ ਸਮਾਜ ਸੇਵੀ ਸੰਸਥਾ ਹੈ ਜੋ ਭਾਰਤੀ ਮੂਲ ਦੇ ਅਮਰੀਕੀ ਲੋੜਵੰਦਾਂ, ਦੱਖਣ ਏਸ਼ੀਅਨਾਂ ਤੇ ਹੋਰ ਪ੍ਰਵਾਸੀਆਂ ਨੂੰ ਸਮਰਪਿਤ ਹੈ। ਕੌਂਸਲ ਲੋੜਵੰਦ ਬਜੁਰਗਾਂ ਸਮੇਤ ਹੋਰ ਪ੍ਰਵਾਸੀਆਂ ਦੀ ਹਰ ਤਰਾਂ ਮੱਦਦ ਕਰਨ ਲਈ ਤਿਆਰ ਰਹਿੰਦੀ ਹੈ। ਦੋ ਮੰਜਿਲੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਾਂਗਰਸਮੈਨ ਗਰੇਸ ਮੈਂਗ, ਨਿਊਯਾਰਕ ਸਟੇਟ ਸੈਨੇਟਰ ਟੌਬੀ ਐਨ ਸਤਾਵਿਸਕੀ ਤੇ ਜੌਹਨ ਲਿਊ, ਅਸੈਂਬਲੀ ਮੈਂਬਰ ਨਿਲੀ ਰੋਜ਼ਿਕ, ਕੁਈਨਜ ਬਰੌਘ ਪ੍ਰਧਾਨ ਡੋਨੋਵੈਨ ਰਿਚਰਡ ਜੁਨੀਆ, ਡਿਪਟੀ ਕੁਈਨਜ ਬਰੌਘ ਪ੍ਰਧਾਨ ਰੌਂਡਾ ਬਿੰਦਾ, ਨਿਊਯਾਰਕ ਦੇ ਕੌਂਸਲ ਮੈਂਬਰਾਂ ਪੀਟਰ ਕੂ, ਡੈਨੀਅਲ ਡਰੌਮ ਤੇ ਬੈਰੀ ਗਰੌਡਨਚਿਕ ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਕੀਤਾ।

ਇਸ ਮੌਕੇ ਹੋਏ ਸਮਾਗਮ ਨੂੰ  ਸੰਬੋਧਨ ਕਰਦਿਆਂ ਸਾਊਥ ਏਸ਼ੀਅਨ ਕੌਂਸਲ ਦੀ ਕਾਰਜਕਾਰੀ ਮੁੱਖੀ ਸੁਧਾ ਅਚਾਰੀਆ ਨੇ ਕਿਹਾ ਕਿ ਵਧ ਰਹੀਆਂ ਲੋੜਾਂ ਦੇ ਮੱਦੇਨਜਰ ਕਮਿਊਨਿਟੀ ਸੈਂਟਰ ਦੀ ਉਸਾਰੀ ਇਕ ਸੁਪਨਾ ਸੀ ਜੋ ਸੁਪਨਾ ਅੱਜ ਪੂਰਾ ਹੋਇਆ ਹੈ। ਉਨਾਂ ਨੇ ਚੁਣੇ ਹੋਏ ਅਧਿਕਾਰੀਆਂ, ਦਾਨ ਦੇਣ ਵਾਲਿਆਂ ਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਹ ਸੁਪਨਾ ਸਾਕਾਰ ਕਰਨ ਵਿਚ ਯੋਗਦਾਨ ਪਾਇਆ।