ਕੋਰੋਨਾ ਦੌਰਾਨ 8 ਮਹੀਨੇ ਰੋਜ਼ਾਨਾ 20 ਹਜ਼ਾਰ ਲੋਕਾਂ ਨੂੰ ਚੰਡੀਗੜ੍ਹ  ਗੁਰਦੁਆਰਾ ਪ੍ਰਬੰਧਕਾਂ  ਨੇ ਛਕਾਇਆ ਲੰਗਰ

ਕੋਰੋਨਾ ਦੌਰਾਨ 8 ਮਹੀਨੇ ਰੋਜ਼ਾਨਾ 20 ਹਜ਼ਾਰ ਲੋਕਾਂ ਨੂੰ ਚੰਡੀਗੜ੍ਹ  ਗੁਰਦੁਆਰਾ ਪ੍ਰਬੰਧਕਾਂ  ਨੇ ਛਕਾਇਆ ਲੰਗਰ

 ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ : ਆਫ਼ਤ ਜਿੱਡੀ ਮਰਜ਼ੀ ਵੱਡੀ ਹੋਵੇ, ਪਰ ਕਿਸੇ ਨੂੰ ਭੁੱਖਾ ਨਾ ਰਹਿਣ ਦਿਉ। ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਇਸੇ ਵਚਨ ਨੂੰ ਕੋਰੋਨਾ ਮਹਾਮਾਰੀ ਦੌਰਾਨ ਸੱਚ ਕਰ ਕੇ ਦਿਖਾਇਆ ਹੈ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ 'ਚ ਲਾਕਡਾਊਨ ਤੇ ਕਰਫ਼ਿਊ ਲੱਗਾ ਤਾਂ ਸਭ ਤੋਂ ਵੱਡੀ ਪਰੇਸ਼ਾਨੀ ਰੋਟੀ ਦੀ ਸੀ। ਚੰਡੀਗੜ੍ਹ 'ਚ ਹਜ਼ਾਰਾਂ ਲੋਕ ਅਜਿਹੇ ਰਹਿੰਦੇ ਸਨ ਜਿਹੜੇ ਹਰ ਰੋਜ਼ ਕਮਾ ਕੇ ਪਰਿਵਾਰ ਦਾ ਪੇਟ ਭਰਦੇ ਸਨ। ਉਨ੍ਹਾਂ ਲੋਕਾਂ ਲਈ ਰੋਟੀ ਜੁਟਾਉਣਾ ਸਭ ਤੋਂ ਵੱਡੀ ਮੁਸ਼ਕਲ ਚੰਡੀਗੜ੍ਹ ਪ੍ਰਸ਼ਾਸਨ ਅੱਗ ਆ ਰਹੀ ਸੀ।ਪ੍ਰਸ਼ਾਸਨ ਨੇ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਲੋਕਾਂ ਦਾ ਪੇਟ ਭਰਨ ਦਾ ਜ਼ਿੰਮਾ ਚੁੱਕਿਆ ਤੇ 8 ਮਹੀਨੇ ਤਕ ਰੋਜ਼ਾਨਾ 20 ਹਜ਼ਾਰ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ। ਇਸ ਕੰਮ ਵਿਚ ਚੰਡੀਗੜ੍ਹ ਦੇ ਸੈਕਟਰ ਤੇ ਪਿੰਡ ਦੇ ਸਾਰੇ 60 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਿੱਸਾ ਲਿਆ ਤੇ ਆਪਣਾ ਯੋਗਦਾਨ ਲੰਗਰ 'ਚ ਪਾਇਆ। ਨਤੀਜਾ ਇਹ ਰਿਹਾ ਕਿ ਮਹਾਮਾਰੀ ਦੌਰਾਨ ਚੰਡੀਗੜ੍ਹ 'ਚ ਕੋਈ ਵਿਅਕਤੀ ਭੁੱਖਾ ਨਹੀਂ ਰਿਹਾ।8 ਮਹੀਨੇ ਤਕ ਸ਼ਹਿਰ ਦੇ ਵੱਖ-ਵੱਖ ਏਰੀਆਂ 'ਚ ਜਾ ਕੇ ਲੰਗਰ ਲਗਾਉਣ ਤੋਂ ਬਾਅਦ ਕੋਰੋਨਾ ਟੀਕਾਕਰਨ ਸਭ ਤੋਂ ਵੱਡੀ ਜ਼ਰੂਰਤ ਬਣ ਕੇ ਸਾਹਮਣੇ ਆਇਆ। ਟੀਕਾਕਰਨ ਲਈ ਚੰਡੀਗੜ੍ਹ ਦੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨੇ ਹੱਥ ਵਧਾਇਆ, ਉਸੇ ਦੌਰਾਨ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੋਖੇ ਤਰੀਕੇ ਨਾਲ ਟੀਕਾਕਰਨ ਦੀ ਮੁਹਿੰਮ ਚਲਾਈ। ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਟੀਕਾਕਰਨ ਕੈਂਪਲ ਗਾਇਆ ਗਿਆ ਜਿੱਥੇ ਵੈਕਸੀਨੇਸ਼ਨ ਲਈ ਆਉਣ ਵਾਲੇ ਲੋਕਾਂ ਨੂੰ ਚਾਹ-ਪਕੌੜਿਆਂ ਤੋਂ ਲੈ ਕੇ ਭੋਜਨ ਦਾ ਲੰਗਰ ਲਗਾਇਆ ਗਿਆ। ਇਸੇ ਤਰ੍ਹਾਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੂਸ ਤਕ ਵੀ ਵੰਡਿਆ। ਪਿੰਡ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਵਿਚ ਲੱਗਣ ਵਾਲੇ ਵੈਕਸੀਨੇਸ਼ਨ ਕੈਂਪ 'ਤੇ ਜਾ ਕੇ ਕਮਾਂਡ ਸੰਭਾਲੀ ਤੇ ਲੋਕਾਂ ਨੂੰ ਚਾਹ ਤੇ ਲੰਗਰ ਦੀ ਸਹੂਲਤ ਮੁਹੱਈਆ ਕਰਵਾਈ ਤਾਂ ਜੋ ਟੀਕਾਕਰਨ ਲਈ ਉਹ ਭੁੱਖਾ ਨਾ ਰਹੇ। ਇਹ ਕੰਮ ਲਗਾਤਾਰ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਤੇ ਮਹਾਮਾਰੀ ਖ਼ਤਮ ਹੋਣ ਤਕ ਇਸ ਨੂੰ ਜਾਰੀ ਕਰਨ ਦੇ ਹੱਕ ਵਿਚ ਹੈ।

ਵਾਹਿਗੁਰੂ ਦਾ ਦਿੱਤਾ ਵੰਡਿਆ ਲੋਕਾਂ ਨੂੰ : ਰਘੁਵੀਰ ਸਿੰਘ

ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਨੇ ਜੋ ਲੋੜਵੰਦਾਂਂ ਲਈ ਲੰਗਰ ਲਗਾਇਆ ਸੀ। ਉਹ ਲੰਗਰ ਅੱਜ ਵੀ ਖ਼ਤਮ ਨਹੀਂ ਹੋਇਆ ਹੈ। ਹੁਣ ਆਪਣੇ ਰਾਸ਼ਨ ਦਾ ਸਿਰਫ਼ 20ਵਾਂ ਹਿੱਸਾ ਲੰਗਰ ਲਈ ਦਾਨ ਕਰਦੇ ਹਨ ਤੇ ਉਸੇ ਲੰਗਰ ਨਾਲ ਕਿਸੇ ਦਾ ਪੇਟ ਭਰਦਾ ਹੈ। ਇਹ ਮੁਹਿੰਮ ਲਗਾਤਾਰ ਚੱਲਦੀ ਰਹੇਗੀ ਕਿਉਂਕਿ ਇਸ ਦਾ ਸੰਦੇਸ਼ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ।