4 ਜੁਲਾਈ ਤੱਕ 70% ਅਮਰੀਕਨਾਂ ਦੇ ਟੀਕਾਕਰਣ ਸੰਭਵ ਨਹੀਂ- ਬਾਇਡਨ ਪ੍ਰਸ਼ਾਸਨ ਨੇ ਮੰਨਿਆ
* 16 ਰਾਜਾਂ ਵਿਚ 70% ਆਬਾਦੀ ਦੇ ਘੱਟੋ ਘੱਟ ਇਕ ਟੀਕਾ ਲੱਗਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਬਾਇਡਨ ਪ੍ਰਸ਼ਾਸਨ ਨੇ ਸਵਿਕਾਰ ਕੀਤਾ ਹੈ ਕਿ ਰਾਸ਼ਟਰਪਤੀ ਜੋ ਬਾਇਡਨ ਵੱਲੋਂ 4 ਜੁਲਾਈ ਤੱਕ 70% ਬਾਲਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਲਾਉਣ ਦਾ ਨਿਰਧਾਰਤ ਟੀਚਾ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਵਾਈਟ ਹਾਊਸ ਦੇ ਕੋਰੋਨਾਵਾਇਰਸ ਰੈਸਪਾਂਸ ਕੋਆਰਡੀਨੇਟਰ ਜੈਫ ਜੀਨਟਸ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 16 ਰਾਜ ਤੇ ਡਿਸਟ੍ਰਿਕਟ ਆਫ ਕੋਲੰਬੀਆ ਪਹਿਲਾਂ ਹੀ 70% ਬਾਲਗ ਆਬਾਦੀ ਦੇ ਟੀਕਾਕਰਣ ਕਰਨ ਦਾ ਟੀਚਾ ਪ੍ਰਾਪਤ ਕਰ ਚੁੱਕੇ ਹਨ ਪਰੰਤੂ ਕੁਝ ਰਾਜਾਂ ਵਿਚ 50% ਤੋਂ ਘੱਟ ਬਾਲਗ ਅਮਰੀਕਨਾਂ ਦੇ ਟੀਕਾਕਰਣ ਹੋਇਆ ਹੈ।
ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ 30 ਸਾਲ ਤੋਂ ਉਪਰ 70% ਬਾਲਗ ਆਬਾਦੀ ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ ਤੇ 27 ਸਾਲ ਤੋਂ ਉਪਰ 70% ਆਬਾਦੀ ਦੇ 4 ਜੁਲਾਈ ਤੱਕ ਕੋਵਿਡ ਵੈਕਸੀਨ ਲਗਾਉਣ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਸਮੁੱਚੀ 70% ਬਾਲਗ ਆਬਾਦੀ ਦੇ ਟੀਕਾਕਰਣ ਲਈ ਕੁਝ ਹਫਤੇ ਹੋਰ ਲੱਗਣਗੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਹੁਣ ਤੱਕ ਜਿਸ ਰਫਤਾਰ ਨਾਲ ਟੀਕਾਕਰਣ ਹੋਇਆ ਹੈ, ਉਹ ਹੈਰਾਨ ਕਰਨ ਵਾਲੀ ਪ੍ਰਾਪਤੀ ਹੈ। ਇਸ ਟੀਕਾਕਰਣ ਕਾਰਨ ਹੀ ਅਮਰੀਕਨ 4 ਜੁਲਾਈ ਨੂੰ ਆਜ਼ਾਦੀ ਦੇ ਜਸ਼ਨ ਖੁਲ ਕੇ ਮਨਾ ਸਕਣਗੇ। ਇਸ ਮੌਕੇ ਬਾਇਡਨ ਦੇ ਮੁਖ ਮੈਡੀਕਲ ਸਲਾਹਕਾਰ ਡਾ ਐਨਥਨੀ ਨੇ ਜੋਰ ਦਿੱਤਾ ਕਿ ਲੋਕਾਂ ਨੂੰ ਟੀਕਾਕਰਣ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਮਹਾਮਾਰੀ ਨੂੰ ਜੜ ਤੋਂ ਪੱਟਿਆ ਜਾ ਸਕੇ। ਉਨਾਂ ਕਿਹਾ ਕਿ ਇਹ ਸੋਚਣ ਤੋਂ ਬਿਨਾਂ ਕਿ 70% ਬਾਲਗ ਆਬਾਦੀ ਦੇ ਟੀਕਾਕਰਣ ਕਦੋਂ ਪੂਰਾ ਹੋਵੇਗਾ , ਸਾਨੂੰ ਨਿਰੰਤਰ ਟੀਕਾਕਰਣ ਜਾਰੀ ਰਖਣਾ ਚਾਹੀਦਾ ਹੈ।
Comments (0)