ਔਰਤ ਜ਼ਿੰਦਗੀ ਦਾ ਸਰਮਾਇਆਂ

ਔਰਤ ਜ਼ਿੰਦਗੀ ਦਾ ਸਰਮਾਇਆਂ

ਸਿਰਫ ਘਰ ਦਾ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ

ਪੁਰਾਤਨ ਸਮੇਂ ਵਿੱਚ ਇਸਤਰੀ ਨੂੰ ਮਰਦ ਦੇ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ, ਪਰ ਹੁਣ ਸਮੇਂ ਦੀ ਤਬਦੀਲੀ ਦੇ ਨਾਲ-ਨਾਲ ਇਸਤਰੀਆਂ ਦੀ ਹਾਲਤ ਵਿੱਚ ਕਾਫੀ ਸੁਧਾਰ ਆਇਆ ਹੈ। ਅੱਜ ਇਸਤਰੀਆਂ ਪੁਰਸ਼ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਹਨ ਅਤੇ ਕਈ ਖੇਤਰਾਂ ਵਿੱਚ ਤਾਂ ਔਰਤਾਂ ਨੇ ਮਰਦਾਂ ਨਾਲੋਂ ਕਾਫੀ ਜ਼ਿਆਦਾ ਤਰੱਕੀਆਂ ਕੀਤੀਆਂ ਹੋਈਆਂ ਹਨ। ਸਾਡੀ ਜ਼ਿੰਦਗੀ ਇੱਕ ਗੱਡੀ ਦੇ ਸਮਾਨ ਹੁੰਦੀ ਹੈ ਜਿਸ ਦੇ ਪਤੀ-ਪਤਨੀ ਦੋ ਪਹੀਏ ਦੇ ਸਮਾਨ ਹੁੰਦੇ ਹਨ, ਜੇ ਬਰਾਬਰ ਚੱਲਣ ਤਾਂ ਜ਼ਿੰਦਗੀ ਦੀ ਗੱਡੀ ਆਸਾਨੀ ਨਾਲ ਚਲਦੀ ਰਹਿੰਦੀ ਹੈ। ਪਰ ਅੱਜੇ ਵੀ ਕੁਝ ਤੰਗ ਸੋਚ ਵਾਲੇ ਮਰਦ, ਇਸਤਰੀਆਂ ਨੂੰ ਉਹਨਾਂ ਬਣਦਾ ਮਾਣ-ਸਨਮਾਨ ਜਾਂ ਹੱਕ ਨਹੀਂ ਦਿੰਦੇ। ਜੇਕਰ ਦੇਖਿਆ ਜਾਵੇ ਤਾਂ ਇਕ ਲੜਕੀ ਆਪਣੇ ਵਿਆਹ ਸਮੇਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਕਿਸੇ ਅਣਜਾਣ ਪਰਿਵਾਰ ਵਿੱਚ ਜਾਂਦੀ ਹੈ, ਉਸ ਲਈ ਉਸ ਦੇ ਸੁਹਰੇ ਪਰਿਵਾਰ ਦੇ ਸਾਰੇ ਮੈਂਬਰ ਅਣਜਾਣ ਹੁੰਦੇ ਹਨ ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਆਪਣੇ ਸੁਹਰੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਆਪਣੇ ਲਈ ਸਮਾਂ ਵੀ ਨਹੀਂ ਕੱਢ ਪਾਉਂਦੀ। ਕੁੱਝ ਸਮਝਦਾਰ ਵਿਅਕਤੀ ਤਾਂ ਔਰਤਾਂ ਦੀ ਅਜਿਹੀ ਮਨੋਵਿਗਿਆਨੀਕ ਸਥਿਤੀ ਨੂੰ ਸਮਝਦੇ ਹੋਏ, ਉਸ ਦਾ ਸਨਮਾਨ ਕਰਦੇ ਹਨ ਅਤੇ ਉਸ ਨੂੰ ਖੁਸ਼ ਰੱਖਣ ਰੱਖਦੇ ਹਨ ਤਾਂ ਜੋ ਉਸ ਨੂੰ ਆਪਣੇ ਪੇਕੇ ਪਰਿਵਾਰ ਦੀ ਯਾਦ ਨਾ ਆਵੇ, ਪਰ ਸਾਡੇ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਰਹਿੰਦੇ ਹਨ ਜੋ ਵਿਆਹ ਤੋਂ ਤੁਰੰਤ ਬਾਅਦ ਲੜਕੀ ਤੇ ਆਪਣਾ ਦਬਾਅ ਬਣਾ ਲੈਂਦੇਂ ਹਨ ਅਤੇ ਉਸ ਨੂੰ ਸਿਰਫ ਘਰ ਦਾ ਕੰਮ ਕਰਨ ਅਤੇ ਉਹਨਾਂ ਦੀ ਸੇਵਾਵਾਂ ਕਰਨ ਤੱਕ ਹੀ ਸੀਮਤ ਕਰ ਦਿੰਦੇ ਹਨ। ਉਸ ਨੂੰ ਸਿਰਫ ਘਰ ਦਾ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਹ ਲੋਕ ਲੜਕੀ ਨੂੰ ਉਸ ਦਾ ਬਣਦਾ ਸਨਮਾਨ ਨਹੀਂ ਦਿੰਦੇ ਅਤੇ ਕਈਆਂ ਔਰਤਾਂ ਨਾਲ ਤਾਂ ਉਸ ਦੇ ਸੁਹਰੇ ਪਰਿਵਾਰ ਵੱਲੋਂ ਮਾਰ-ਕੁੱਟ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਕਿ ਸਾਡੇ ਸਮਾਜ ਲਈ ਬਹੁਤ ਸ਼ਰਮਨਾਕ ਗੱਲ ਹੈ। ਸਗੋਂ ਚਾਹੀਦਾ ਤਾਂ ਇਹ ਹੈ ਕਿ ਜਦੋਂ ਵੀ ਕੋਈ ਲੜਕੀ ਵਿਆਹ ਤੋਂ ਬਾਅਦ ਆਪਣੇ ਸੁਹਰੇ ਘਰ ਪ੍ਰਵੇਸ਼ ਕਰੇ ਤਾਂ ਉਸ ਨੂੰ ਉਸ ਦਾ ਬਣਦਾ ਹੱਕ ਅਤੇ ਮਾਣ-ਸਨਮਾਨ ਦੇਣਾ ਚਾਹੀਦਾ ਹੈ ਅਤੇ ਖਾਸ ਕਰਕੇ ਉਸ ਦੇ ਪਤੀ  ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਨੂੰ ਖੁਸ਼ ਰੱਖਣ ਵੱਲ ਧਿਆਨ ਦੇਵੇ ਅਤੇ ਉਹ ਜੋ ਵੀ ਕੁਝ ਕਰਨਾ ਚਾਹੇ, ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ, ਭਾਵ ਜੇਕਰ ਉਹ ਨੌਕਰੀ ਆਦਿ ਵੀ ਕਰਨਾ ਚਾਹੇ ਤਾਂ ਉਸ ਨੂੰ ਰੋਕਣਾ ਨਹੀਂ ਚਾਹੀਦਾ। ਇੱਕ ਔਰਤ ਆਪਣੇ ਪਤੀ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਉਸ ਦੇ ਨਾਲ ਰਹਿੰਦੀ ਹੈ। ਇਕ ਮਰਦ ਔਰਤ ਤੋਂ ਬਿਨ੍ਹਾ ਅਧੂਰਾ ਹੈ, ਕਿਸੇ ਨੇ ਠੀਕ ਹੀ ਕਿਹਾ ਹੈ ਕਿ WITHOUT WIFE WE  ARE LIKE A TREE WITHOUT LEAVES OR WE CAN SAY WITHOUT WIFE WE ARE HANDICAP.   

ਅਕਸਰ ਦੇਖਿਆ ਗਿਆ ਹੈ ਕਿ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਦੇ ਕੰਮਾਂ ਅਤੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਕਾਰਨ ਆਪਣੇ ਲਈ ਕੁਝ ਵੀ ਕਰਨ ਦਾ ਸਮਾਂ ਹੀ ਨਹੀਂ ਮਿਲਦਾ। ਅਜਿਹੀਆਂ ਔਰਤਾਂ ਦੇ ਪਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਘਰ ਦੇ ਕੰਮ ਵਿੱਚ ਆਪਣੀ ਪਤਨੀ ਦਾ ਹੱਥ-ਵਟਾਵੇ ਅਤੇ ਉਸ ਦੀ ਮਨ ਦੀ ਇੱਛਾਂ ਨੂੰ ਜਾਣਨ ਦੀ ਕੋਸ਼ਿਸ਼ ਕਰੇ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਘਰ ਦੇ ਕੰਮਾਂ ਨੂੰ ਸਿਰਫ ਔਰਤਾਂ ਦਾ ਹੀ ਕੰਮ ਸਮਝਿਆ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਸੋਚ ਬਿਲਕੁਲ ਗਲਤ ਹੈ। ਇਕ ਔਰਤ ਆਪਣੇ ਘਰ ਪ੍ਰਤੀ ਜ਼ਿੰਮੇਵਾਰੀ ਸਮਝਦੇ ਹੋਏ ਘਰ ਦੇ ਕੰਮ ਕਰਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਿਰਫ ਔਰਤ ਦਾ ਹੀ ਕੰਮ ਹੈ, ਘਰ ਦੇ ਕੰਮ ਕਰਨ ਲਈ ਮਰਦ ਦੀ ਵੀ ਔਰਤ ਦੇ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਜਦੋਂ ਵੀ ਕੋਈ ਮਰਦ ਆਪਣੇ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਘਰ ਵਾਪਸ ਆਉਂਦਾ ਹੈ ਤਾਂ ਉਸ ਨੂੰ ਜਿੰਨਾ ਹੋ ਸਕੇ ਆਪਣੀ ਪਤਨੀ ਨਾਲ ਘਰ ਦੇ ਕੰਮਾਂ ਵਿੱਚ ਹੱਥ-ਵਟਾਉਣਾ ਚਾਹੀਦਾ ਹੈ ਅਤੇ ਉਸ ਨੂੰ ਖੁਸ਼ ਰੱਖਣਾ ਚਾਹੀਦਾ ਹੈ ਅਤੇ ਉਸ  ਨੂੰ ਦਿਨ ਵਿੱਚ ਵਾਪਰੀਆਂ ਦਸੱਣਯੋਗ ਘਟਨਾਵਾਂ ਬਾਰੇ ਦੱਸਣਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਥੋੜ੍ਹਾ ਬਹੁਤ ਹਾਸੀ-ਮਜਾਕ ਵੀ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਪਰਿਵਾਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਦੂਸਰਾ ਪਤੀ-ਪਤਨੀ ਦੀਆਂ ਉਮਰਾਂ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਇਨਸਾਨ ਬਹੁਤ ਲੰਮੇ ਸਮੇਂ ਤੱਕ ਜਵਾਨ ਰਹਿੰਦਾ ਹੈ। 

ਐਡਵੋਕੇਟ ਨਰਿੰਦਰ ਸਿੰਘ (ਨੋਟਰੀ) ਖਰੜ੍ਹ - 98156-2233