ਹੋਸਟਨ ਮੈਥੋਡਿਸਟ ਹਸਪਤਾਲ ਦੇ 150 ਤੋਂ ਵਧ ਮੁਲਾਜ਼ਮ ਕੋਲੋਂ ਖੁਸੀ ਨੌਕਰੀ

ਹੋਸਟਨ ਮੈਥੋਡਿਸਟ ਹਸਪਤਾਲ ਦੇ 150 ਤੋਂ ਵਧ ਮੁਲਾਜ਼ਮ ਕੋਲੋਂ ਖੁਸੀ ਨੌਕਰੀ
ਕੈਪਸ਼ਨ : ਹਸਪਤਾਲ ਦਾ ਬਾਹਰੀ ਦ੍ਰਿਸ਼

* ਕੋਵਿਡ ਵੈਕਸੀਨ ਨਾ ਲਵਾਉਣ ਦਾ ਮਾਮਲਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਹੋਸਟਨ ਮੈਥੋਡਿਸਟ ਹਸਪਤਾਲ ਦੇ 150 ਤੋਂ ਵਧ  ਮੁਲਾਜ਼ਮਾਂ ਨੂੰ ਕੋਵਿਡ-19 ਟੀਕਾਕਰਣ ਨਾ ਕਰਵਾਉਣ ਕਾਰਨ ਆਪਣੀ ਨੌਕਰੀ ਗਵਾਉਣੀ ਪਈ ਹੈ। ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਇਕ ਅਦਾਲਤ ਵੱਲੋਂ ਮੁਲਾਜ਼ਮਾਂ ਵੱਲੋਂ ਨੌਕਰੀ ਲਈ ਲਾਜ਼ਮੀ ਟੀਕਾਕਰਣ ਦੀ ਸ਼ਰਤ ਵਿਰੁੱਧ ਦਾਇਰ ਪਟੀਸ਼ਨ ਰੱਦ ਕਰਨ ਦੇ 10 ਦਿਨਾਂ ਬਾਅਦ 153 ਮੁਲਾਜ਼ਮਾਂ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਉਨਾਂ ਨੂੰ ਕੱਢ ਦਿੱਤਾ ਗਿਆ ਹੈ। ਹੋਸਟਨ ਮੈਥੋਡਿਸਟ ਅਮਰੀਕਾ ਦਾ ਪਹਿਲਾ ਹਸਪਤਾਲ ਹੈ ਜਿਸ ਨੇ ਮੁਲਾਜ਼ਮਾ ਲਈ ਕੋਵਿਡ ਵੈਕਸੀਨ ਲਵਾਉਣੀ ਲਾਜ਼ਮੀ ਕੀਤੀ ਹੋਈ ਹੈ। ਬੁਲਾਰੇ ਅਨੁਸਾਰ ਅਦਾਲਤ ਨੇ ਹਸਪਤਾਲ ਦੇ ਹੱਕ ਵਿਚ ਆਪਣਾ ਫੈਸਲਾ ਦਿੰਦਿਆਂ ਕਿਹਾ ਹੈ ਕਿ ਮੁਲਾਜ਼ਮਾ ਨੂੰ ਕੋਵਿਡ-19 ਟੀਕਾਕਰਣ ਕਰਵਾਉਣਾ ਪਵੇਗਾ। ਹਸਪਤਾਲ ਦੇ ਮੁਖ ਕਾਰਜਕਾਰੀ ਅਧਿਕਾਰੀ ਮਾਰਕ ਬੂਮ ਅਨੁਸਾਰ ਇਸ ਸਾਲ 31 ਮਾਰਚ ਨੂੰ ਲਾਜ਼ਮੀ ਟੀਕਾਕਰਣ ਦੀ ਸ਼ਰਤ ਲਾਗੂ ਕੀਤੀ ਗਈ ਸੀ। ਹਸਪਤਾਲ ਦੇ 100 ਤੋਂ ਵਧ ਮੁਲਾਜ਼ਮਾਂ ਨੇ ਦਾਇਰ ਪਟੀਸ਼ਨ ਵਿਚ ਕਿਹਾ ਸੀ ਕਿ ਕੋਵਿਡ-19 ਵੈਕਸੀਨ ' ਇਕ ਤਜ਼ਰਬਾ ਹੈ ਤੇ ਇਹ ਖਤਰਨਾਕ ਹੈ'। ਇਸ ਲਈ ਜਿਹੜਾ ਮੁਲਾਜ਼ਮ ਟੀਕਾਕਰਣ ਨਹੀਂ ਕਰਵਾਉਂਦਾ ਉਸ ਨੂੰ ਬਰਖਾਸਤ ਕਰਨਾ ਗਲਤ ਹੋਵੇਗਾ। ਜੱਜ ਨੇ ਮੁਲਾਜ਼ਮਾਂ ਦੀ ਇਸ ਦਲੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।