ਅਮਰੀਕਾ ਵਿਚ ਹੁਣ ਤੇਜੀ ਨਾਲ ਹੋਵੇਗਾ ਕੋਵਿਡ ਟੀਕਾਕਰਣ

ਅਮਰੀਕਾ ਵਿਚ ਹੁਣ ਤੇਜੀ ਨਾਲ ਹੋਵੇਗਾ ਕੋਵਿਡ ਟੀਕਾਕਰਣ

 

* 19 ਅਪ੍ਰੈਲ ਤੋਂ ਹਰ ਬਾਲਗ ਅਮਰੀਕੀ ਨੂੰ ਲੱਗੇਗਾ ਟੀਕਾ

* ਟੀਕੇ ਲਵਾਉਣ ਵਾਲਿਆਂ ਦੀਆਂ ਲੱਗ ਰਹੀਆਂ ਹਨ ਲੰਬੀਆਂ ਕਤਾਰਾਂ

 ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ 19 ਅਪ੍ਰੈਲ ਤੋਂ ਹਰ ਬਾਲਗ ਅਮਰੀਕੀ ਲਈ ਕੋਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਵਾਸਤੇ ਦਰਵਾਜ਼ੇ ਖੋਲ ਦਿੱਤੇ ਹਨ ਪਰ ਸਪਲਾਈ ਦੀ ਘਾਟ ਕਾਰਨ ਟੀਕਾਕਰਣ ਪ੍ਰਭਾਵਿਤ ਹੋ ਸਕਦਾ ਹੈ। ਇਸ ਵੇਲੇ ਹਾਲਤ ਇਹ ਹੈ ਕਿ ਟੀਕਾ ਲਵਾਉਣ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਤੇ ਲੋਕ ਰੋਜਾਨਾ ਆਪਣੇ ਕੰਪਿਊਟਰ ਉਪਰ 'ਮਾਈ ਟਰਨ ਵੈੱਬ ਪੇਜ਼' ਖੋਲ ਕੇ ਵੇਖਦੇ ਹਨ ਕਿ ਟੀਕਾ ਲਵਾਉਣ ਲਈ ਵਾਰੀ ਆਈ ਹੈ ਕਿ ਨਹੀਂ। ਬਹੁਤ ਸਾਰੇ ਲੋਕਾਂ ਨੂੰ ਵਾਰੀ ਨਾ ਆਉਣ ਕਾਰਨ ਨਿਰਾਸ਼ਤਾ ਹੱਥ ਲੱਗ ਰਹੀ ਹੈ। ਜਦੋਂ ਸਾਰੇ ਅਮਰੀਕੀਆਂ ਨੂੰ ਟੀਕੇ ਲੱਗਣੇ ਸ਼ੁਰੂ ਹੋਣਗੇ ਤਾਂ ਹਾਲਾਤ ਹੋਰ ਵੀ ਪੇਚੀਦਾ ਹੋ ਸਕਦੇ ਹਨ । ਰਾਸ਼ਟਰਪਤੀ ਬਾਇਡੇਨ ਨੇ ਐਲਾਨ ਕੀਤਾ ਹੈ ਕਿ 19 ਅਪ੍ਰੈਲ ਤੋਂ ਸਾਰੇ ਅਮਰੀਕੀ ਟੀਕਾ ਲਵਾ ਸਕਣਗੇ ਪਹਿਲਾਂ ਉਨਾਂ ਨੇ ਸਾਰੇ ਅਮਰੀਕੀਆਂ ਲਈ ਟੀਕਾਕਰਣ 1 ਮਈ ਤੱਕ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਬਾਇਡੇਨ ਨੇ ਆਪਣੇ ਐਲਾਨ ਵਿਚ ਕਿਹਾ ਹੈ '' ਬਹੁਤ ਸਾਰੇ ਰਾਜ ਪਹਿਲਾਂ ਹੀ ਸਾਰੇ ਅਮਰੀਕੀਆਂ ਲਈ ਟੀਕਾਕਰਣ ਸ਼ੁਰੂ ਕਰ ਚੁੱਕੇ ਹਨ ਪਰੰਤੂ 19 ਅਪ੍ਰੈਲ ਤੱਕ ਹਰ ਬਾਲਗ ਅਮਰੀਕੀ ਕੋਵਿਡ ਵੈਕਸੀਨ ਲਵਾ ਸਕੇਗਾ।'' ਮਾਹਿਰਾਂ ਤੇ ਮੈਡੀਕਲ ਖੇਤਰ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਸਾਰੇ ਅਮਰੀਕੀਆਂ ਦੇ ਟੀਕਾਕਰਣ ਲਈ ਸਪਲਾਈ ਕੁਝ ਹਫਤਿਆਂ ਤੱਕ ਮੰਗ ਪੂਰੀ ਸਕੇਗੀ ਤੇ ਅਮਰੀਕੀਆਂ ਨੂੰ ਟੀਕਾ ਲਵਾਉਣ ਲਈ ਉਡੀਕ ਕਰਨੀ ਪਵੇਗਾ ਤੇ ਸਬਰ ਰਖਣਾ ਪਵੇਗਾ। ਯੇਲ ਯੁਨੀਵਰਸਿਟੀ ਵਿਖੇ ਸਿਹਤ ਨੀਤੀ ਬਾਰੇ ਅਸਿਸਟੈਂਟ ਪ੍ਰੋਫਸਰ ਤੇ ਕੋਨੈਕਟੀਕਟ ਵੈਕਸੀਨ ਸਲਾਹਕਾਰ ਕਮੇਟੀ ਮੈਂਬਰ ਜੈਸਨ ਐਲ ਸ਼ਵਰਟਜ਼ ਦਾ ਕਹਿਣਾ ਹੈ ਕਿ ''ਸ਼ੁਰੂ ਵਿਚ ਭੀੜ ਹੋ ਸਕਦੀ ਹੈ ਪਰੰਤੂ ਵਧੀਆ ਗੱਲ ਇਹ ਹੈ ਕਿ ਅਸੀਂ ਵੈਕਸੀਨ ਸਪਲਾਈ ਦੀ ਉਸ ਸਥਿੱਤੀ ਵੱਲ ਵਧ ਰਹੇ ਹਾਂ ਜਿਥੇ ਲੰਬ ਸਮੇ ਦੀ ਉਡੀਕ ਖਤਮ ਹੋ ਜਾਵੇਗੀ। ਅਸੀਂ ਇਕ ਅਹਿਮ ਪੜਾਅ ਵਿਚ ਦਾਖਲ ਹੋ ਰਹੇ ਹਾਂ ਜਿਥੇ ਸਾਡੇ ਕੋਲ ਲੋੜੀਂਦੀ ਮਾਤਰਾ ਵਿਚ ਵੈਕਸੀਨ ਹੋਵੇਗੀ।'' ਵਾਈਟ ਹਾਊਸ ਕੋਵਿਡ-19 ਟੀਮ ਦੇ ਸੀਨੀਅਰ ਸਲਾਹਕਾਰ ਐਂਡੀ ਸਲਾਵਿਟ ਨੇ ਕਿਹਾ ਹੈ ਕਿ ਪਿਛਲੇ ਹਫਤੇ ਪਹਿਲੀ ਵਾਰ ਰੋਜਾਨਾ ਔਸਤ 31 ਲੱਖ ਲੋਕਾਂ ਦੇ ਟੀਕਾਕਰਣ ਹੋਇਆ ਹੈ ਤੇ ਇਕ ਦਿਨ ਵਿਚ ਰਿਕਾਰਡ 41 ਲੱਖ ਲੋਕਾਂ ਦੇ ਕੋਵਿਡ-19 ਵੈਕਸੀਨ ਲਾਇਆ ਗਿਆ ਹੈ।

ਇਸ ਹਫਤੇ 2 ਕਰੋੜ 80 ਲੱਖ ਹੋਰ ਲੋਕਾਂ ਦੇ ਟੀਕਾ ਲੱਗ ਜਾਵੇਗਾ। ਸੈਂਟਰ ਫਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਅਨੁਸਾਰ  ਤਕਰੀਬਨ 33% ਅਮਰੀਕੀ ਇਕ ਟੀਕਾ ਲਵਾ ਚੁੱਕੇ ਹਨ ਤੇ 19% ਦੇ ਦੋਨੋਂ ਟੀਕੇ ਲੱਗ ਚੁੱਕੇ ਹਨ। ਯੁਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਵਿਖੇ ਮੈਡੀਸਨ ਵਿਭਾਗ ਦੇ ਮੁੱਖੀਤੇ ਪ੍ਰੋਫੈਸਰ ਡਾ ਰਾਬਰਟ ਵਾਚਰ ਨੇ ਯੂ.ਐਸ ਵੈਕਸੀਨ ਕੋਸ਼ਿਸ਼ਾਂ ਨੂੰ ਬੀ+ ਗਰੇਡ ਦਿੱਤਾ ਹੈ ਜਦ ਕਿ ਟਰੰਪ ਪ੍ਰਸ਼ਾਸਨ ਨੂੰ ਪਹਿਲੇ ਪੰਜ ਹਫਤਿਆਂ ਦੌਰਾਨ ਐਫ ਗਰੇਡ ਮਿਲਿਆ ਸੀ। ਉਨਾਂ ਕਿਹਾ ਕਿ ਇਕ ਵੱਡਾ ਦੇਸ਼ ਹੋਣ ਦੇ ਨਾਤੇ ਅਸੀਂ ਇੰਗਲੈਂਡ ਤੋਂ ਕੁਝ ਪਿਛੇ ਹਾਂ ਪਰੰਤੂ ਵਿਸ਼ਵ ਵਿਚ ਬਾਕੀ ਸਭ ਨਾਲੋਂ ਅੱਗੇ ਹਾਂ।