ਕੀ ਪਰਵਾਸ ਨੇ ਸਾਡੇ ਵਿੱਚ ਨੈਤਿਕ ਨਿਘਾਰ ਪੈਦਾ ਕੀਤਾ ਹੈ?

ਕੀ ਪਰਵਾਸ ਨੇ ਸਾਡੇ ਵਿੱਚ ਨੈਤਿਕ ਨਿਘਾਰ ਪੈਦਾ ਕੀਤਾ ਹੈ?

 ਵਿਸ਼ੇਸ਼ ਮੁੱਦਾ                               

 ਸ਼ਮੀਲ ਕੈਨੇਡਾ

ਇਹ ਬੜਾ ਅਜੀਬ ਸਵਾਲ ਹੈ। ਕਈਆਂ ਨੂੰ ਇਹ ਬੇਤੁਕਾ ਵੀ ਲੱਗ ਸਕਦਾ ਹੈ। ਪਰ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਤਾਂ ਅਜਿਹੀ ਸਚਾਈ ਦਿਸਣੀ ਸ਼ੁਰੂ ਹੁੰਦੀ ਹੈ, ਜਿਸ ਨੂੰ ਦੇਖਕੇ ਸ਼ਰਮ ਆਵੇਗੀ। ਇਸਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਨੁਕਤਾ ਇਹ ਵੀ ਕੁਝ ਲੋਕ ਪੇਸ਼ ਕਰਦੇ ਹਨ ਕਿ ਪਰਵਾਸ ਨਾਲ ਨੈਤਿਕ ਨਿਘਾਰ ਵਿੱਚ ਕੋਈ ਵਾਧਾ ਨਹੀਂ ਹੋਇਆ। ਜੋ ਨੈਤਿਕ ਕਦਰਾਂ-ਕੀਮਤਾਂ ਸਾਡੇ ਕੋਲ ਪਹਿਲਾਂ ਹੀ ਸਨ, ਉਹੀ ਲੈ ਕੇ ਅਸੀਂ ਸਾਰੀ ਦੁਨੀਆ ਵਿੱਚ ਗਏ ਹਾਂ ਅਤੇ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਉਹ ਸਚਾਈ ਸਿਰਫ ਪੰਜਾਬ ਤਕ ਸੀਮਤ ਸੀ ਅਤੇ ਹੁਣ ਸਾਰੀ ਦੁਨੀਆ ਵਿੱਚ ਬਿਖਰ ਗਈ ਹੈ।

ਕੁਝ ਨੂੰ ਇਹ ਸੁਣਨਾ ਚੰਗਾ ਵੀ ਨਹੀਂ ਲੱਗੇਗਾ, ਕਿਉਂਕਿ ਅਸੀਂ ਪੰਜਾਬੀ ਮਹਿਮਾ ਸੁਣਨ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਸਾਨੂੰ ਆਪਣੀ ਨੁਕਤਾਚੀਨੀ ਸੁਣਕੇ ਬੁਰਾ ਲੱਗ ਸਕਦਾ ਹੈ। ਇੱਕ ਤਾਜ਼ਾ ਘਟਨਾ ਮੇਰੇ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਮੈਂਨੂੰ ਫੋਨ ਕੀਤਾ, ਜਿਸਦਾ ਦੋਸਤ ਇੰਡੀਆ ਤੋਂ ਵਾਪਸ ਆਇਆ ਸੀ। ਉਹ ਦੋਵੇਂ ਇੱਥੇ ਵਰਕ ਪਰਮਿਟ ’ਤੇ ਸਨ। ਕੈਨੇਡਾ ਦੇ ਨਵੇਂ ਨਿਯਮਾਂ ਮੁਤਾਬਕ ਮੁਲਕ ਦੇ ਬਾਹਰੋਂ ਜੋ ਵੀ ਹਵਾਈ ਸਫ਼ਰ ਕਰਕੇ ਆਉਂਦਾ ਹੈ, ਉਸ ਨੂੰ ਤਿੰਨ ਦਿਨ ਆਪਣੇ ਖਰਚੇ ’ਤੇ ਸਰਕਾਰ ਦੁਆਰਾ ਮਨਜ਼ੂਰ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ। ਇਸ ਦੌਰਾਨ ਉਸਦੇ ਕੋਵਿਡ ਟੈਸਟ ਦੀ ਉਡੀਕ ਕੀਤੀ ਜਾਂਦੀ ਹੈ। ਇਸ ਤੋਂ ਬਾਦ ਉਸ ਨੂੰ 10-11 ਦਿਨ ਲਈ ਸੈਲਫ ਆਈਸੋਲੇਟ ਕਰਨਾ ਪੈਂਦਾ ਹੈ, ਕਿਸੇ ਅਜਿਹੀ ਥਾਂ ’ਤੇ ਜਿੱਥੇ ਉਹ ਦੂਜਿਆਂ ਤੋਂ ਅਲੱਗ ਇੱਕ ਵੱਖਰੇ ਕਮਰੇ ਵਿੱਚ ਰਹੇ। ਜਿਹੜੇ ਨੌਜਵਾਨ ਪੜ੍ਹਨ ਲਈ ਆਏ ਹਨ ਜਾਂ ਜਿਹੜੇ ਵਰਕ ਪਰਮਿਟ ’ਤੇ ਹਨ, ਉਨ੍ਹਾਂ ਕੋਲ ਇਸ ਤਰ੍ਹਾਂ ਰਹਿਣ ਦੀ ਸੁਵਿਧਾ ਨਹੀਂ ਹੁੰਦੀ। ਉਹ ਅਕਸਰ ਕਈ-ਕਈ ਜਣੇ ਕੋਈ ਬੇਸਮੈਂਟ ਜਾਂ ਅਪਾਰਟਮੈਂਟ ਕਿਰਾਏ ’ਤੇ ਲੈ ਕੇ ਰਹਿੰਦੇ ਹਨ। ਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਵਾਸਤੇ ਕਈਆਂ ਨੇ ਸੈਲਫ-ਆਈਸੋਲੇਸ਼ਨ ਵਾਸਤੇ ਥਾਂ ਕਿਰਾਏ ’ਤੇ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਪਾਉਂਦੇ ਹਨ ਅਤੇ ਉੱਥੋਂ ਹੀ ਅਜਿਹੇ ਲੋੜਵੰਦ ਨੌਜਵਾਨ ਇਨ੍ਹਾਂ ਦੀਆਂ ਥਾਂਵਾਂ ਬੁੱਕ ਕਰ ਲੈਂਦੇ ਹਨ। ਜਿਸ ਨੌਜਵਾਨ ਨੇ ਮੈਂਨੂੰ ਕਾਲ ਕੀਤੀ ਸੀ, ਉਸ ਦੇ ਦੋਸਤ ਨੇ ਅਜਿਹੀ ਕੋਈ ਥਾਂ ਹੀ ਬੁੱਕ ਕੀਤੀ ਸੀ। ਉਸ ਨੌਜਵਾਨ ਨੇ ਮੇਰੀ ਅੱਗੇ ਅਜਿਹੇ ਮੁੰਡਿਆਂ ਨਾਲ ਗੱਲਬਾਤ ਕਰਵਾਈ, ਜਿਹੜੇ ਅਜਿਹੀਆਂ ਕੁਝ ਥਾਂਵਾਂ ’ਤੇ ਰਹਿ ਰਹੇ ਸਨ। ਜਿਹੜੇ ਕਮਰੇ ਉਨ੍ਹਾਂ ਬੁੱਕ ਕੀਤੇ ਸਨ, ਉਨ੍ਹਾਂ ਬਾਰੇ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਅਲੱਗ ਕਮਰਾ ਮਿਲੇਗਾ, ਅਲੱਗ ਵਾਸ਼ਰੂਮ ਹੋਵੇਗਾ, ਖਾਣਾ ਨਾਲ ਮਿਲੇਗਾ। ਇਨ੍ਹਾਂ ਵਿੱਚੋਂ ਕੁਝ ਕੁ ਨੂੰ ਜਿਨ੍ਹਾਂ ਥਾਂਵਾਂ ’ਤੇ ਲਿਜਾਇਆ ਗਿਆ ਸੀ, ਉਨ੍ਹਾਂ ਦੀ ਹਾਲਤ ਕੈਨੇਡੀਅਨ ਮਿਆਰਾਂ ਮੁਤਾਬਕ ਬਹੁਤ ਬੁਰੀ ਸੀ। ਕਿਸੇ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘਰ ਦੇ ਲਿਵਿੰਗ ਏਰੀਆ ਵਿੱਚ ਪਾਰਟੀਸ਼ਨ ਕਰਕੇ ਡੱਬੇ ਨੁਮਾ ਕਮਰੇ ਬਣਾਏ ਸਨ। ਇਨ੍ਹਾਂ ਕਮਰਿਆਂ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਠਹਿਰਾਇਆ ਗਿਆ। ਇੱਕੋ ਵਾਸ਼ਰੂਮ ਸਾਰੇ ਵਰਤਦੇ ਸਨ। ਵਾਸ਼ਰੂਮ ਵਿੱਚ ਕੋਈ ਟਾਇਲਟ ਪੇਪਰ, ਸੋਪ ਆਦਿ ਕੁਝ ਵੀ ਨਹੀਂ ਸੀ। ਕਿਚਨ ਵਿੱਚ ਚਾਹ ਬਣਾਉਣ ਵਾਸਤੇ ਵੀ ਕੋਈ ਸਮਾਨ ਨਹੀਂ ਸੀ। ਖਾਣੇ ਦੇ ਨਾਂ ’ਤੇ ਇੱਕ ਟਿਫਨ ਸਵੇਰੇ 11-12 ਵਜੇ ਆ ਜਾਂਦਾ, ਜਿਸ ਵਿੱਚ ਦੋ ਸਬਜ਼ੀਆਂ ਤੇ ਛੇ ਰੋਟੀਆਂ ਹੁੰਦੀਆਂ ਅਤੇ ਕਿਹਾ ਇਹ ਜਾਂਦਾ ਸੀ ਕਿ ਇਸ ਨਾਲ ਹੀ ਤੁਸੀਂ ਪੂਰਾ ਦਿਨ ਕੱਢਣਾ ਹੈ। ਕਮਰਿਆਂ ਵਿੱਚ ਕੋਈ ਸਫਾਈ ਨਹੀਂ ਸੀ। ਘਰ ਵਿੱਚ ਕੌਕਰੋਚ ਘੁੰਮਦੇ ਸਨ।

ਇਹ ਨੌਜਵਾਨ ਕੈਨੇਡਾ ਵਿੱਚ ਪਹਿਲੀ ਵਾਰ ਆਏ ਸਨ। ਇਨ੍ਹਾਂ ਨੂੰ ਇੱਥੋਂ ਦੇ ਸਿਸਟਮ ਦਾ ਕੁਝ ਵੀ ਪਤਾ ਨਹੀਂ ਸੀ। ਆਈਸੋਲੇਸ਼ਨ ਕਾਰਨ ਵੈਸੇ ਵੀ ਕਿਤੇ ਜਾਣ ਦੀ ਮਨਾਹੀ ਸੀ ਅਤੇ ਉੱਤੋਂ ਨਵੇਂ ਹੋਣ ਕਰਕੇ ਵੈਸੇ ਵੀ ਕਿਤੇ ਜਾਣਾ ਉਨ੍ਹਾਂ ਲਈ ਮੁਸ਼ਕਲ ਸੀ। ਇਨ੍ਹਾਂ ਨੂੰ ਲੱਗਿਆ ਕਿ ਉਹ ਤਾਂ ਕਿਸੇ ਦੀ ਕੈਦ ਵਿੱਚ ਪਹੁੰਚ ਗਏ ਹਨ। ਇਨ੍ਹਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਹਾਨੂੰ ਕੋਈ ਕੁਆਰਨਟੀਨ ਅਫਸਰ ਪੁੱਛਣ ਆਵੇ ਤਾਂ ਕਹਿਣਾ ਕਿ ਸਾਡੇ ਕੋਲ ਅਲੱਗ ਕਮਰਾ ਅਤੇ ਅਲੱਗ ਵਾਸ਼ਰੂਮ ਹੈ। ਸਾਰਾ ਕੁਝ ਠੀਕ ਹੈ।ਇਸ ਤਰ੍ਹਾਂ ਦਾ ਧੰਦਾ ਚਲਾਉਣ ਵਾਲਾ ਇਹ ਪੰਜ-ਛੇ ਲੋਕਾਂ ਦਾ ਇੱਕ ਗਰੁੱਪ ਹੈ, ਜਿਨ੍ਹਾਂ ਨੇ ਅਲੱਗ ਅਲੱਗ ਘਰਾਂ ਵਿੱਚ ਅਜਿਹੇ ਇੰਤਜ਼ਾਮ ਕਰ ਰੱਖੇ ਹਨ। ਅਜਿਹੇ ਹੋਰ ਵੀ ਬਹੁਤ ਲੋਕ ਹੋਣਗੇ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਹੂਲਤਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਜਾਵੇਗੀ। ਜਿਹੜੇ ਨੌਜਵਾਨ ਬੱਚੇ ਪਹਿਲੀ ਵਾਰ ਇਸ ਮੁਲਕ ਵਿੱਚ ਆਏ ਹੋਣ, ਉਨ੍ਹਾਂ ਲਈ ਅਜਿਹੀ ਹਾਲਤ ਵਿੱਚ ਡਰ ਜਾਣਾ ਕੁਦਰਤੀ ਹੈ।ਮੈਂ ਇਨ੍ਹਾਂ ਵਿੱਚੋਂ ਕੁਝ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਕੀਤੀ, ਪਰ ਉਹ ਇੰਨੇ ਡਰੇ ਹੋਏ ਸਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਕਿਵੇਂ ਔਖੇ ਹੋ ਕੇ ਪੰਜ-ਸੱਤ ਦਿਨ ਹੋਰ ਕੱਢ ਲਈਏ। ਉਹ ਕੋਈ ਵੀ ਪੰਗਾ ਲੈਣ ਤੋਂ ਡਰਦੇ ਸਨ।ਇੱਕ ਨੌਜਵਾਨ ਜਿਹੜਾ ਇੱਥੋਂ ਨਿਕਲ ਆਇਆ, ਉਸਨੇ ਮੇਰੇ ਰੇਡੀਓ ਸ਼ੋਅ ਵਿੱਚ ਆ ਕੇ ਆਪਣੀ ਕਹਾਣੀ ਸੁਣਾਈ। ਇਸ ਕਹਾਣੀ ਨੂੰ ਸੁਣਨ ਤੋਂ ਬਾਦ ਮੈਂਨੂੰ ਕੁਝ ਹੋਰ ਲੋਕਾਂ ਦੇ ਫੋਨ ਆਏ। ਇੱਕ ਬਜ਼ੁਰਗ ਦੇ ਸ਼ਬਦ ਮੇਰੇ ਦਿਮਾਗ ਵਿੱਚ ਚੱਲ ਰਹੇ ਹਨ: “ਅਸੀਂ ਹੋਰ ਕਿੰਨਾ ਕੁ ਗਰਕਾਂਗੇ!” ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਬਿਜ਼ਨਸ ਚਲਾ ਹੀ ਰਹੇ ਹੋ, ਹਰ ਸਟੂਡੈਂਟ ਤੋਂ ਪੰਜ-ਸੱਤ ਸੌ ਲੈ ਰਹੇ ਹੋ ਤਾਂ ਜੇ ਉਨ੍ਹਾਂ ਨੂੰ ਤਿੰਨ ਵਕਤ ਖਾਣਾ ਦੇ ਦੇਵੋਗੇ ਤਾਂ ਤੁਹਾਡਾ ਕੀ ਘਟ ਜਾਣਾ ਹੈ? ਉਹ ਬੋਲੇ ਕਿ ਅਸੀਂ ਉਹ ਲੋਕ ਹਾਂ, ਜੋ ਜਗ੍ਹਾ-ਜਗ੍ਹਾ ਲੰਗਰ ਖਵਾਉਣ ਵਾਲੇ ਹਾਂ। ਪਰ ਪੈਸੇ ਦੇ ਲਾਲਚ ਵਿੱਚ ਸਾਡੀ ਇਹ ਹਾਲਤ ਹੋ ਗਈ ਹੈ!ਇਸ ਇੱਕ ਮਿਸਾਲ ਨੂੰ ਸਾਰੀ ਕਮਿਉਨਿਟੀ ਦੀ ਮਿਸਾਲ ਨਹੀਂ ਬਣਾਇਆ ਜਾ ਸਕਦਾ, ਪਰ ਅਜਿਹਾ ਇੰਨਾ ਕੁਝ ਹੋ ਰਿਹਾ ਹੈ, ਜਿਹੜਾ ਅਸੀਂ ਰੋਜ਼ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਮੁਲਕਾਂ ਵਿੱਚ ਪਹੁੰਚਣ ਵਾਲੇ ਸਾਡੇ ਬਹੁਤ ਸਾਰੇ ਲੋਕਾਂ ਅੰਦਰ ਪੈਸੇ ਦੀ ਦੌੜ ਨੇ ਇੰਨਾ ਕੁਝ ਤੋੜ ਦਿੱਤਾ ਹੈ, ਜਿਹੜਾ ਕਈ ਵਾਰ ਸਾਰੀ ਕਮਿਊਨਿਟੀ ਦਾ ਜਲੂਸ ਕੱਢ ਦਿੰਦਾ ਹੈ।

ਇਸ ਨੈਤਿਕ ਨਿਘਾਰ ਦੀ ਇੱਕ ਵਿਆਖਿਆ ਕਿਸੇ ਦੋਸਤ ਨੇ ਦਿੱਤੀ। ਉਹ ਕਹਿੰਦਾ ਹੈ ਕਿ ਕੈਨੇਡਾ ਪਹੁੰਚਣ ਲਈ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਲੋਕ ਫਰੌਡ, ਝੂਠ ਅਤੇ ਹੇਰਾਫੇਰੀਆਂ ਦਾ ਸਹਾਰਾ ਲੈ ਰਹੇ ਨੇ, ਉਨ੍ਹਾਂ ਦਾ ਨਿਘਾਰ ਉਸੇ ਦਿਨ ਸ਼ੁਰੂ ਹੋ ਜਾਂਦਾ ਹੈ। ਜਿਹੜੇ ਇਨਸਾਨ ਨੇ ਕੈਨੇਡਾ ਪਹੁੰਚਣ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀਆਂ ਲਾਵਾਂ ਲਈਆਂ ਹੋਣਗੀਆਂ, ਉਸ ਨੂੰ ਤੁਸੀਂ ਦੁਨੀਆ ਦੀ ਕਿਹੜੀ ਸਹੁੰ ਨਾਲ ਡਰਾ ਸਕੋਗੇ? ਜਾਂ ਉਸਦੀ ਕਿਹੜੀ ਸਹੁੰ ’ਤੇ ਤੁਸੀਂ ਯਕੀਨ ਕਰੋਗੇ?

ਇੰਮੀਗਰੇਸ਼ਨ, ਪ੍ਰੌਪਰਟੀਆਂ ਖਰੀਦਣ, ਮੌਰਗੇਜ ਲੈਣ, ਸਰਕਾਰਾਂ ਵਲੋਂ ਮਿਲਦੇ ਤਰ੍ਹਾਂ ਤਰਾਂ ਦੇ ਬੈਨੀਫਿਟ ਲੈਣ ਅਤੇ ਹਰ ਸੁਵਿਧਾ ਦੀ ਦੁਰਵਰਤੋਂ ਕਰਨ ਲਈ ਦੁਨੀਆ ਦਾ ਜੋ ਫਰੌਡ ਸਾਡੇ ਲੋਕ ਕਰ ਰਹੇ ਹਨ, ਉਸਨੇ ਅਜਿਹੀ ਹਾਲਤ ਬਣਾ ਦਿੱਤੀ ਹੈ ਕਿ ਸਾਨੂੰ ਅੱਜਕੱਲ੍ਹ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਲੋਕਾਂ ਨੇ ਕੈਨੇਡਾ ਨੂੰ ਵੀ ਉਸੇ ਤਰ੍ਹਾਂ ਦਾ ਬਣਾ ਦੇਣਾ ਹੈ, ਜਿਹੋ ਜਿਹੇ ਇਹ ਆਪ ਹਨ।ਇਸਦਾ ਇਹ ਮਤਲਬ ਨਹੀਂ ਕਿ ਸਾਡੀ ਕਮਿਊਨਿਟੀ ਵਿੱਚ ਚੰਗੇ ਲੋਕਾਂ ਦੀ ਕਮੀ ਹੈ ਅਤੇ ਨਾ ਹੀ ਇਸਦਾ ਇਹ ਮਤਲਬ ਹੈ ਕਿ ਇਹ ਨੈਤਿਕ ਨਿਘਾਰ ਸਿਰਫ ਸਾਡੇ ਲੋਕਾਂ ਵਿੱਚ ਹੀ ਹੈ। ਪਰ ਅਸੀਂ ਚਿੰਤਾ ਸਿਰਫ ਆਪਣਿਆਂ ਦੀ ਕਰ ਸਕਦੇ ਹਾਂ ਅਤੇ ਜੇ ਅੱਜਕਲ੍ਹ ਕਿਤੇ ਵੀ ਬੈਠੀਏ ਤਾਂ ਗੱਲ ਇਸ ਤਰ੍ਹਾਂ ਦੇ ਫਰੌਡ ਅਤੇ ਨੈਤਿਕ ਨਿਘਾਰ ’ਤੇ ਪਹੁੰਚ ਹੀ ਜਾਂਦੀ ਹੈ। ਕੁਝ ਤਾਂ ਅਜਿਹਾ ਹੈ, ਜਿਸ ਬਾਰੇ ਸਾਨੂੰ ਸੋਚਣ ਵਿਚਾਰਨ ਦੀ ਲੋੜ ਹੈ।