ਅਮਰੀਕਾ ਵਿਚ ਗਵਾਂਢੀ ਮੁਲਕਾਂ ਦੀ ਤੁਲਨਾ ਵਿਚ ਕੋਵਿਡ ਟੀਕਾਕਰਣ ਦੀ ਰਫ਼ਤਾਰ ਤੇਜ

ਅਮਰੀਕਾ ਵਿਚ ਗਵਾਂਢੀ ਮੁਲਕਾਂ ਦੀ ਤੁਲਨਾ ਵਿਚ ਕੋਵਿਡ ਟੀਕਾਕਰਣ ਦੀ ਰਫ਼ਤਾਰ ਤੇਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

*ਕੁਵੈਤ ਦੀ ਪ੍ਰਵਾਸੀਆਂ ਦੇ ਟੀਕਾਕਰਣ ਨਾ ਕਰਨ ਲਈ ਅਲੋਚਨਾ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਵਿਡ-19 ਦੇ ਬਚਾਅ ਲਈ ਮੌਜੂਦ ਟੀਕੇ ਲੈਣ ਦਾ ਢੰਗ ਤਰੀਕਾ ਟੇਢਾ ਮੇਢਾ ਹੋ ਸਕਦਾ ਹੈ ਪਰ ਟੀਕਾਕਰਣ ਦੀ ਰਫਤਾਰ ਗਵਾਂਢੀ ਮੁਲਕਾਂ ਤੋਂ ਕਿਤੇ ਵਧ ਹੈ। ਹੁਣ ਤੱਕ 30% ਅਮਰੀਕਨਾਂ ਨੂੰ ਘੱਟੋ ਘੱਟ ਇਕ ਟੀਕਾ ਲਗਾਇਆ ਜਾ ਚੁੱਕਾ ਹੈ ਜਦ ਕਿ ਕੈਨੇਡਾ ਵਿਚ ਤਕਰੀਬਨ 12% ਲੋਕਾਂ ਨੂੰ ਇਕ ਟੀਕਾ ਲੱਗਾ ਹੈ। ਇਹ ਅੰਕੜੇ ਦੋਨਾਂ ਦੇਸ਼ਾਂ ਦੇ ਜਨਤਿਕ ਸਿਹਤ ਵਿਭਾਗਾਂ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਲੈ ਕੇ ਕੈਨੇਡਾ ਸਰਕਾਰ ਦੀ ਅਲੋਚਨਾ ਵੀ ਹੋ ਰਹੀ ਹੈ ਕਿ ਆਖਰਕਾਰ ਕੀ ਵਜਾ ਹੈ ਜਿਸ ਕਾਰਨ ਕੈਨੇਡਾ ਟੀਕਾਕਰਣ ਵਿਚ ਅਮਰੀਕਾ ਨਾਲੋਂ ਕਾਫੀ ਪਿਛੇ ਹੈ।

ਕੰਜਰਵੇਟਿਵ ਕੈਨੇਡੀਅਨ ਸੰਸਦ ਮੈਂਬਰ ਮਿਸ਼ੈਲ ਰਮਪੈਲ ਨੇ ਟਵਿਟਰ ਉਪਰ ਅਮਰੀਕਾ ਦੁਆਰਾ ਆਪਣੇ ਸਾਰੇ ਬਾਲਗਾਂ ਲਈ ਟੀਕਾਕਰਣ ਸ਼ੁਰੂ ਕਰਨ ਦਾ ਨੋਟਿਸ ਲਿਆ ਹੈ। ਉਸ ਨੇ ਓਕਲੈਂਡ ਚਿੜਿਆ ਘਰ ਵੱਲੋਂ ਆਪਣੇ ਉਨਾਂ ਪੱਛੂਆਂ ਦੇ ਟੀਕਾਕਰਣ ਦੀ ਯੋਜਨਾ ਬਣਾਉਣ ਦੀ ਵੀ ਪ੍ਰਸੰਸਾ ਕੀਤੀ ਹੈ ਜਿਨਾਂ ਦੇ ਬਿਮਾਰ ਹੋਣ ਦੀ ਜਿਆਦਾ ਸੰਭਾਵਨਾ ਹੈ। ਉਸ ਨੇ ਟਵੀਟ ਕੀਤਾ ਹੈ ''ਅਗਲੇ ਇਕ ਜਾਂ ਦੋ ਹਫਤਿਆਂ ਦੌਰਾਨ 16 ਸਾਲ ਜਾਂ ਇਸ ਤੋਂ ਵਧ ਉਮਰ ਦੇ ਅਮਰੀਕੀ ਟੀਕਾ ਲਵਾ ਲੈਣਗੇ ਜਦ ਕਿ ਕੈਨੇਡਾ ਵਿਚ ਅਜੇ ਅਜਿਹਾ ਕਰਨਾ ਦੂਰ ਦੀ ਗੱਲ ਹੈ। ਇਥੋਂ ਤੱਕ ਕਿ ਕੈਨੇਡੀਅਨ ਲੋਕਾਂ ਤੋਂ ਪਹਿਲਾਂ ਅਮਰੀਕਾ ਦੇ ਚਿੜੀਆ ਘਰਾਂ ਦੇ ਪੱਸ਼ੂਆਂ ਨੂੰ ਵੀ ਟੀਕਾ ਲਗਾਇਆ ਜਾ ਸਕਦਾ ਹੈ।'' ਇਥੇ ਜਿਕਰਯੋਗ ਹੈ ਕਿ ਅਮਰੀਕਾ ਵੱਲੋਂ ਹਾਲ ਹੀ ਵਿਚ ਇਕ ਦਿਨ ਵਿਚ ਤਕਰੀਬਨ 40 ਲੱਖ ਲੋਕਾਂ ਦੇ ਟੀਕਾਕਰਣ ਕੀਤਾ ਗਿਆ ਹੈ ਜਦ ਕਿ ਕੈਨੇਡਾ ਵਿਚ ਇਕ ਦਿਨ ਵਿਚ ਵਧ ਤੋਂ ਵਧ 72000 ਲੋਕਾਂ ਦੇ ਟੀਕਾਕਰਣ ਹੋਇਆ  ਹੈ। ਇਸੇ ਦੌਰਾਨ ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ ਡੀ ਸੀ) ਨੇ ਕਿਹਾ ਹੈ ਕਿ ਜਿਨਾਂ ਅਮਰੀਕਨਾਂ ਨੇ ਕੋਵਿਡ ਦੇ ਬਚਾਅ ਲਈ ਟੀਕੇ ਲਵਾ ਲਏ ਹਨ ਉਹ ਇਧਰ ਉਧਰ ਜਾ ਸਕਦੇ ਹਨ। ਉਨਾਂ ਨੂੰ ਜਿਨਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਦੀ ਤੁਲਨਾ ਵਿਚ ਖਤਰਾ ਘੱਟ ਹੈ ਪਰੰਤੂ ਅਜੇ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਉਹ ਲੋਕਾਂ ਨੂੰ ਸਫਰ ਕਰਨ ਦੀ ਇਜਾਜ਼ਤ ਦੇਣ ਦੇ ਹੱਕ ਵਿਚ ਨਹੀਂ ਹੈ।

ਮਿਸ਼ੀਗਨ ਵਿਚ ਨਵੇਂ ਮਾਮਲੇ ਵਧੇ

  ਮਿਸ਼ੀਗਨ ਵਿਚ ਦਸੰਬਰ ਤੋਂ ਬਾਅਦ ਪਹਿਲੀ ਵਾਰ ਲੰਘੇ ਦਿਨ ਕੋਵਿਡ-19 ਦੇ ਰਿਕਾਰਡ 8413 ਨਵੇਂ ਮਾਮਲੇ ਸਾਹਮਣੇ ਆਏ ਹਨ।  ਪਿਛਲੇ ਸਾਲ 7 ਦਸੰਬਰ ਨੂੰ 9350 ਨਵੇਂ ਮਾਮਲੇ ਰਿਕਾਰਡ ਹੋਏ ਸਨ।  8 ਹਫਤੇ ਪਹਿਲਾਂ ਸਭ ਤੋਂ ਘੱਟ 563 ਮਾਮਲੇ ਦਰਜ ਹੋਏ ਸਨ। ਇਨਾਂ ਅੰਕੜਿਆਂ ਤੋਂ ਕੋਵਿਡ-19 ਕਾਰਨ ਹਾਲਾਤ ਹੋਰ ਗੰਭੀਰ ਹੋ ਜਾਣ ਦਾ ਸੰਕੇਤ ਮਿਲ ਰਿਹਾ ਹੈ। ਯੁਨੀਵਰਿਸਟੀ ਆਫ ਮਿਨੀਸੋਟਾ ਸੈਂਟਰ ਫਾਰ ਇਨਫੈਕਸ਼ੀਅਸ਼ ਡਸੀਜ਼ ਰਿਸਰਚ ਐਂਡ ਪਾਲਿਸੀ ਦੇ ਡਾਇਰੈਕਟਰ ਮੀਸ਼ੈਲ ਓਸਟਰਹੋਲਮ ਨੇ ਕਿਹਾ ਹੈ ਕਿ ਇਹ ਕੋਰੋਨਾ ਵਾਇਰਸ ਦੇ ਫੈਲਾਅ ਦੀ ਚੌਥੀ ਲਹਿਰ ਹੈ ਜਿਸ ਕਾਰਨ ਹਸਪਤਾਲਾਂ ਵਿਚ ਬਿਮਾਰਾਂ ਦੀ ਗਿਣਤੀ ਵਧ ਰਹੀ ਹੈ। ਖਾਸ ਕਰਕੇ 30 ਤੋਂ 50 ਸਾਲ ਦੇ ਲੋਕ ਜਿਨਾਂ ਦੇ ਕੋਵਿਡ ਤੋਂ ਬਚਾਅ ਲਈ  ਟੀਕਾ ਨਹੀਂ ਲੱਗਾ ਹੈ, ਪ੍ਰਭਾਵਿਤ ਹੋ ਰਹੇ ਹਨ।

ਕੁਵੈਤ ਦੀ ਅਲੋਚਨਾ

ਜਿਨਾਂ ਵਿਦੇਸ਼ੀਆਂ ਨੇ ਤੇਲ ਨਾਲ ਭਰਪੂਰ ਕੁਵੈਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਤੇ ਕੁਵੈਤੀ ਸਮਾਜ ਦੀ ਸੇਵਾ ਕੀਤੀ, ਉਹ ਕੋਵਿਡ ਤੋਂ ਬਚਾਅ ਲਈ ਟੀਕੇ ਲਵਾਉਣ ਵਾਸਤੇ ਜਦੋਜਹਿਦ ਕਰ ਰਹੇ ਹਨ। ਖਾੜੀ ਦੇ ਦੂਸਰੇ ਦੇਸ਼ਾਂ ਦੇ ਉਲਟ ਕੁਵੈਤ ਵੱਲੋਂ ਪਹਿਲਾਂ ਆਪਣੇ ਲੋਕਾਂ ਨੂੰ ਟੀਕਾ ਲਗਾਉਣ ਦੇ ਫੈਸਲੇ ਕਾਰਨ ਸਖਤ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਸ਼ੀਆ, ਅਫਰੀਕਾ ਤੇ ਹੋਰ ਦੇਸ਼ਾਂ ਦੇ ਕਿਰਤੀ ਜੋ ਕੁਵੈਤੀਆਂ ਦੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਹਨ, ਉਨਾਂ ਨਾਲ ਡਰਾਇਵਰ ਵਜੋਂ ਕੰਮ ਕਰਦੇ ਹਨ ਜਾਂ ਹੋਰ ਕੰਮ ਕਰਦੇ ਹਨ, ਦੇ ਅਜੇ ਕੋਵਿਡ ਤੋਂ ਬਚਾਅ ਲਈ ਇਕ ਟੀਕਾ ਵੀ ਨਹੀਂ ਲੱਗਾ।