ਫਰੀਮਾਂਟ ਦੇ ਹਸਪਤਾਲ ਵਿਚ 14 ਭਾਰਤੀ ਕੋਵਿਡ ਮਰੀਜ਼ਾਂ ਦੇ ਦਾਖਲ ਹੋਣ ਦੀ ਖਬਰ ਅਫਵਾਹ ਨਿਕਲੀ

ਫਰੀਮਾਂਟ ਦੇ ਹਸਪਤਾਲ ਵਿਚ 14 ਭਾਰਤੀ ਕੋਵਿਡ ਮਰੀਜ਼ਾਂ ਦੇ ਦਾਖਲ ਹੋਣ ਦੀ ਖਬਰ ਅਫਵਾਹ ਨਿਕਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਸਨ ਫਰਾਂਸਿਸਕੋ ਈਸਟ ਬੇਅ ਖੇਤਰ ਵਿਚ ਰਹਿੰਦੇ ਭਾਰਤੀ ਖਾਸ ਕਰਕੇ ਪੰਜਾਬੀ ਸੋਸ਼ਲ ਮੀਡੀਆ ਉਪਰ ਇਹ ਖਬਰ ਪੜ ਕੇ ਫਿਕਰਮੰਦ ਹੋ ਗਏ ਕਿ ਫਰੀਮਾਂਟ, ਕੈਲੀਫੋਰਨੀਆ ਦੇ ਵਾਸ਼ਿੰਗਟਨ ਹਸਪਤਾਲ ਵਿਚ ਭਾਰਤੀ ਮੂਲ ਦੇ 14 ਅਮਰੀਕੀਆਂ ਨੂੰ ਕੋਵਿਡ ਤੋਂ ਪ੍ਰਭਾਵਿਤ ਹੋਣ ਕਾਰਨ ਦਾਖਲ ਕੀਤਾ ਗਿਆ ਹੈ ਜੋ ਭਾਰਤ ਤੋਂ ਵਾਪਿਸ ਆਏ ਸਨ। ਈਸਟ ਬੇਅ ਖੇਤਰ ਦੇ ਇਕ ਭਾਰਤੀ ਮੂਲ ਦੇ ਅਮਰੀਕੀ ਨੇ ਫੇਸ ਬੁੱਕ ਉਪਰ ਲਿਖਿਆ ਕਿ ਉਸ ਨੂੰ ਇਕ ਗਵਾਂਢੀ ਵੱਲੋਂ ਸੁਨੇਹਾ ਭੇਜਿਆ ਗਿਆ ਹੈ ਜਿਸ ਨੇ ਵਾਸ਼ਿੰਗਟਨ ਹਸਪਤਾਲ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਹਸਪਤਾਲ ਵਿਚ 16 ਕੋਵਿਡ ਪੌਜੇਟਿਵ ਮਰੀਜ਼ ਹਨ ਇਨਾਂ ਵਿਚ 14 ਮਰੀਜ਼ ਉਹ ਹਨ ਜੋ ਭਾਰਤ ਤੋਂ ਪਰਤੇ ਹਨ। ਇਨਾਂ ਵਿਚੋਂ 3 ਮਰੀਜ਼ ਆਈ ਸੀ ਯੂ ਵਿਚ ਦਾਖਲ ਹਨ। ਸੋਸ਼ਲ ਮੀਡੀਆ ਉਪਰ ਇਹ ਖਬਰ ਪੜ ਕੇ ਹਸਪਤਾਲ ਦੇ ਡਾਕਟਰ ਵੀ ਹੈਰਾਨ ਹਨ। ਵਸ਼ਿੰਗਟਨ ਹਸਪਤਾਲ ਦੇ ਜਨ ਸੰਪਰਕ ਡਾਇਰੈਕਟਰ ਗਿਸੇਲਾ ਹਰਨੰਦੇਜ਼ ਨੇ ਸਪਸ਼ਟ ਕੀਤਾ ਹੈ ਕਿ ਇਹ ਖਬਰ ਬਿਲਕੁੱਲ ਝੂਠੀ ਹੈ ਤੇ ਕੋਰੀ ਅਫਵਾਹ ਹੈ। ਉਨਾਂ ਸਪਸ਼ਟ ਕੀਤਾ ਹੈ ਕਿ ਹਸਪਤਾਲ ਵਿਚ ਕੋਵਿਡ ਦੇ 6 ਮਰੀਜ਼ ਹਨ ਜਿਨਾਂ ਵਿਚੋਂ ਕੇਵਲ ਇਕ ਮਰੀਜ਼ ਆਈ ਸੀ ਯੂ ਵਿਚ ਹੈ। ਉਨਾਂ ਕਿਹਾ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਹਨ ਜਿਨਾਂ ਨੇ ਸੋਸ਼ਲ ਮੀਡੀਆ ਉਪਰ ਇਹ ਖਬਰ ਪੜੀ ਸੀ। ਮੈ ਸਪਸ਼ਟ ਕਰਦੀ ਹਾਂ ਕਿ ਹਾਲ ਹੀ ਵਿਚ ਕੋਈ ਵੀ ਭਾਰਤ ਤੋਂ ਪਰਤਿਆ ਵਿਅਕਤੀ ਹਸਪਤਾਲ ਵਿਚ ਦਾਖਲ ਨਹੀਂ ਹੋਇਆ ਹੈ। ਹਸਪਤਾਲ ਨੇ ਆਪਣੀ  ਵੈੱਬਸਾਈਟ ਉਪਰ ਪਾਏ ਬਿਆਨ ਵਿਚ ਵੀ  ਕਿਹਾ ਹੈ ਕਿ ਹਾਲ ਹੀ ਵਿਚ ਹਸਪਤਾਲ ਵਿਚ ਕੋਵਿਡ ਮਰੀਜਾਂ ਦੇ ਦਾਖਲ ਕਰਨ ਦੀ  ਨੌਬਤ ਨਹੀਂ ਆਈ ਜਦ ਕਿ ਇਸ ਸਾਲ ਦੇ ਸ਼ੁਰੂ ਵਿਚ ਜਰੂਰ ਭਾਰੀ ਤਦਾਦ ਵਿਚ ਕੋਵਿਡ ਮਰੀਜ਼ ਹਸਪਤਾਲ ਪੁੱਜੇ ਸਨ।