ਕੁਦਰਤ ਦੀ ਇਬਾਦਤ ਸੱਚ ਨਾਲ ਪਿਆਰ

ਕੁਦਰਤ ਦੀ ਇਬਾਦਤ ਸੱਚ  ਨਾਲ ਪਿਆਰ

ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ

ਅੱਜ ਹਵਾ ,ਪਾਣੀ ,ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ । ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ  ਕੁਦਰਤ ਨਾਲ ਛੇੜਖਾਨੀ ਕੀਤੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ।ਜਨਸੰਖਿਆ  ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ ।ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ । 2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ । ਲੱਖਾਂ ਪਰਿਵਾਰ ਖਤਮ ਹੋ ਗਏ।2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ । ਲੱਖਾਂ ਦੀ ਤਦਾਦ ਵਿੱਚ ਲੋਕ ਸੈਲਾਨੀ ਪਾਣੀ ਵਿੱਚ ਰੁੜ ਗਏ। ਹੁਣ ਪਿਛਲੇ ਮਹੀਨੇ ਫਿਰ ਉਤਰਾਖੰਡ ਵਿੱਚ ਬੱਦਲ ਫਟੱਣ ਕਾਰਣ ਜੋ ਤਬਾਹੀ ਮੱਚੀ ਸੀ ਉਸ ਨੇ ਦਿਲ ਕੰਬਾ ਦਿੱਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੁੜ ਗਏ। ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕ ਤਾਂ ਪਾਣੀ ਵਿਚ ਹੀ ਵਹਿ ਗਏ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ।

    ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ।ਭੂਚਾਲ ਆਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਡਿੱਗਦੀਆਂ ਹਨ। ਪਿਛਲੇ ਵਰ੍ਹੇ ਅਫਾਨ ਤੂਫਾਨ  ਪੱਛਮੀ ਬੰਗਾਲ ਵਿੱਚ ਆਫ਼ਤ ਲੈ ਕੇ ਆਇਆ ਸੀ। ਫਿਰ ਨਿਸਰਗ ਤੂਫਾਨ ਦੀ ਦਸਤਕ ਹੋਈ  ,ਇਸ ਸਮੁੰਦਰੀ ਤੂਫ਼ਾਨ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ।  ਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ  । ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਹੈ। ਪਿੱਛੇ ਜਿਹੇ ਬਿਆਸ ਦਰਿਆ ਵਿਚ ਫੈਕਟਰੀਆ ਦੀ ਰਹਿੰਦ-ਖੂਹਿੰਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈ। ਇਨਸਾਨ ਨੇ ਇਹਨਾਂ ਬੇਜ਼ੁਬਾਨਾਂ ਨੂੰ ਵੀ ਨਹੀਂ ਬਖਸ਼ਿਆ।ਫ਼ਸਲ ਦੀ ਜ਼ਿਆਦਾ  ਪੈਦਾਵਾਰ  ਲਈ ਤਰ੍ਹਾਂ ਤਰ੍ਹਾਂ ਦੇ ਖਾਦ ਪਦਾਰਥ ਕੈਮੀਕਲ ਪਾਏ ਜਾ ਰਹੇ ਹਨ , ਜਿਸ ਨਾਲ ਧਰਤੀ ਹੇਠਲਾ  ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈ। ਲੋਕ ਕੈਂਸਰ  ,ਦਿਲ ਦੇ ਮਰੀਜ਼ ਬਣਦੇ ਜਾ ਰਹੇ ।  ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵਾਤਾਵਰਨ ਦਿਵਸ ਤੇ ਜ਼ਿਆਦਾ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਹੈ ।ਸਿਰਫ਼ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ ,ਸਮੇਂ ਸਮੇਂ ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ।  ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਰੀ ਨੇ ਭਾਰਤ ਵਿੱਚ ਦਸਤਕ ਦਿੱਤੀ, ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ   ਲੱਗਾ ਦਿੱਤਾ ਗਿਆ।ਲਾਕਡਾਊਨ ਕਰ ਕੇ ਵਾਤਾਵਰਨ ਸਾਫ਼ ਸੁਥਰਾ ਹੋਇਆ ।ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ  ਸਾਫ ਸੁਥਰਾ ਹੋ ਗਿਆ । ਕੁਦਰਤ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸੱਜ ਗਈ।ਗੰਗਾ, ਜਮੁਨਾ ਘੱਗਰ ਦਰਿਆ ਵਰਗੇ ਸਾਫ-ਸੁਥਰੇ ਹੋ ਗਏ।ਪੰਜਾਬ ਵਿੱਚ ਚਿੱਟੀ ਬੇਈ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਸੀ । ਓਜ਼ੋਨ ਪਰਤ ਵਿੱਚ ਵੀ ਬਹੁਤ ਸੁਧਾਰ ਹੋਇਆ।ਹਰੀਕੇ ਪੱਤਣ  ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆਏ ।ਬਿਆਸ ਦਰਿਆ ਵਿੱਚ ਡਾਲਫਿਨ ਨੇ ਆਨੰਦ ਮਾਣਿਆਂ  । ਅੱਜ ਫਿਰ ਮਹਾਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮਚ ਗਈ ਹੈ।  ਦੇਸ਼ ਵਿੱਚ ਆਕਸੀਜਨ ਦੀ ਕਮੀ ਹੋ ਚੁੱਕੀ ਹੈ। ਹੁਣ ਲੋਕਾਂ ਨੂੰ ਚੇਤੇ ਆ ਰਿਹਾ ਹੈ ਕਿ ਜੇ ਰੁੱਖ  ਹੁੰਦੇ ਤਾਂ ਅੱਜ ਇਹ ਹਾਲ ਨਾ ਹੁੰਦਾ। ਪਿੰਡਾਂ ਵਿੱਚ ਫਿਰ ਵੀ ਹਜੇ ਠੀਕ ਹੈ। ਪਿੰਡਾਂ ਵਿੱਚ ਸਾਰੀ ਹੀ ਤਰਾਂ ਦੇ ਦਰਖਤ ਦੇਖਣ ਨੂੰ ਮਿਲ ਜਾਂਦੇ ਹਨ। 

      ਹਾਲ ਹੀ ਵਿੱਚ  ਖਬਰ ਵੀ ਪੜ੍ਹੀ ਸੀ ਕਿ ਕਿਸੇ ਪਿੰਡ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਗਈ, ਹੋਇਆ ਕੀ  ਖੇਤਾਂ ਦੇ ਆਸ ਪਾਸ ਜਿੰਨੇ ਵੀ ਰੁੱਖ ਸਨ, ਉਹ ਅੱਗ ਦੀ ਲਪੇਟ ਵਿੱਚ ਆ ਗਏ। ਸਾਰੇ ਹੀ ਰੁੱਖ ਜਲ ਗਏ। ਨਾੜ ਨੂੰ ਫੁੱਕਣਾ ਬਹੁਤ ਜ਼ਿਆਦਾ ਗਲਤ ਹੈ। ਇਕ ਤਾਂ ਹਵਾ ਪ੍ਰਦੂਸ਼ਣ ਹੁੰਦੀ ਹੈ। ਰੁੱਖਾਂ ਦੇ ਬਹੁਤ ਫ਼ਾਇਦੇ ਹਨ। ਇੱਕ ਵਾਤਾਵਰਣ ਸਾਫ਼-ਸੁਥਰਾ ਰਹਿੰਦਾ ਹੈ । ਲੋਕ ਬਿਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨ। ਬਾਰਸ਼ ਦੇ ਸਹਾਈ ਹੋਣ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਅਸੀਂ ਆਮ ਦੇਖਦੇ ਹਾਂ ਕਿ ਪਹਾੜੀ ਖੇਤਰਾਂ ਵਿੱਚ ਰੁੱਖ ਬਹੁਤ ਹੁੰਦੇ ਹਨ। ਇੱਥੇ ਬਹੁਤ ਜ਼ਿਆਦਾ ਫਿਰ ਬਾਰਿਸ਼ ਹੁੰਦੀ ਹੈ। ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ। ਲੋਕ ਬੀਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨ। ਅਜਿਹੇ ਵਾਤਾਵਰਣ ਵਿੱਚ ਰਹਿਣ ਨੂੰ ਬਹੁਤ ਦਿਲ ਕਰਦਾ ਹੈ। ਜੇ ਹਰ ਥਾਂ ਤੇ ਸੰਘਣੇ ਸੰਘਣੇ ਦਰੱਖਤ ਹੁੰਦੇ ਤਾਂ ਅੱਜ ਦੇਸ਼ ਵਿੱਚ ਆਕਸੀਜਨ ਦੀ ਕਮੀ ਨਾ ਹੁੰਦੀ। ਕਿਉਂਕਿ ਦਰਖਤ ਕਾਰਬਨ ਡਾਈਆਕਸਾਈਡ ਸੋਖ ਲੈਂਦੇ ਹਨ। ਤੇ ਆਕਸੀਜਨ ਛੱਡਦੇ ਹਨ। ਅਕਸਰ ਅਸੀਂ ਆਮ ਦੇਖਦੇ ਹਾਂ ਕਿ ਜਦੋਂ ਅਸੀਂ ਸਵੇਰੇ ਸੈਰ ਕਰਨ ਜਾਂਦੇ ਹਨ ਤਾਂ ਵਾਤਾਵਰਣ ਬਹੁਤ ਸਾਫ਼-ਸੁਥਰਾ ਹੁੰਦਾ ਹੈ। ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ। ਵਾਤਾਵਰਨ ਵਿੱਚ ਆਕਸੀਜਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਲੰਮੇ ਲੰਮੇ ਸਾਹ ਲੈਣ ਨਾਲ ਫੇਫੜੇ ਸਾਫ ਸੁਥਰੇ ਹੋ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖ ਲਗਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ।ਇਹ ਹੁਣ ਸੰਭਲਣ ਦਾ ਸਮਾਂ ਹੈ ।ਜੇ ਇੰਨਾ ਕੁਝ ਹੋ ਕੇ  ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ ।ਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿ  ਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ । ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।

           ਸੰਜੀਵ ਸੈਣੀ