ਬਾਲਟੀਮੋਰ ਕਾਊਂਟੀ ਵਿਚ ਗੋਲੀਬਾਰੀ ਵਿਚ 3 ਮੌਤਾਂ, ਸ਼ੱਕੀ ਹਮਲਾਵਰ ਵੀ ਮਾਰਿਆ ਗਿਆ

ਬਾਲਟੀਮੋਰ ਕਾਊਂਟੀ ਵਿਚ ਗੋਲੀਬਾਰੀ ਵਿਚ 3 ਮੌਤਾਂ, ਸ਼ੱਕੀ ਹਮਲਾਵਰ ਵੀ ਮਾਰਿਆ ਗਿਆ
ਬਾਲਟੀਮੋਰ ਕਾਊਂਟੀ ਵਿਚ ਗੋਲੀਬਾਰੀ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 9 ਮਈ (ਹੁਸਨ ਲੜੋਆ ਬੰਗਾ)-ਬਾਲਟੀਮੋਰ ਕਾਊਂਟੀ ਵਿਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ। ਬਾਲਟੀਮੋਰ ਕਾਊਂਟੀ ਦੇ ਪੁਲਿਸ ਦੇ ਬੁਲਾਰੇ ਜੋਏ ਸਟੀਵਰਟ ਨੇ ਕਿਹਾ ਹੈ ਕਿ ਪੁਲਿਸ ਤੇ ਅੱਗ ਬੁਝਾਊ ਵਿਭਾਗ ਦੇ ਅਮਲੇ ਨੂੰ ਲੰਘੇ ਦਿਨ ਤੜਕਸਾਰ 6.40 ਵਜੇ ਦੇ ਆਸ ਪਾਸ ਵੁੱਡਲਾਅਨ ਵਿਚ  ਗੋਲੀ ਚੱਲਣ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਉਪੰਰਤ ਤੁਰੰਤ ਅਧਿਕਾਰੀ ਮੌਕੇ ਉਪਰ ਪੁੱਜੇ। ਉਨਾਂ ਨੇ ਇਕ ਸ਼ੱਕੀ ਹਥਿਆਰਬੰਦ ਵਿਅਕਤੀ ਵੇਖਿਆ ਜਿਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਖਤਮ ਕਰ ਦਿੱਤਾ। ਉਸ ਨੇ ਦਸਿਆ ਕਿ ਮਾਰਿਆ ਗਿਆ ਸ਼ੱਕੀ ਹਮਲਾਵਰ ਬਾਲਗ ਮਰਦ ਹੈ ਜਦ ਕਿ ਦੋ ਬਾਲਗ ਮਰਦ ਤੇ ਇਕ ਬਾਲਗ ਔਰਤ ਗੋਲੀਬਾਰੀ ਵਿਚ ਮਾਰੀ ਗਈ ਹੈ। ਬਾਲਟੀਮੋਰ ਕਾਊਂਟੀ ਪੁਲਿਸ ਵੱਲੋਂ ਜਾਰੀ ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਗੋਲੀਬਾਰੀ ਵਿਚ ਜਖਮੀ ਹੋਇਆ ਵਿਅਕਤੀ ਖਤਰੇ ਤੋਂ ਬਾਹਰ ਹੈ। ਪੁਲਿਸ ਗੋਲੀਬਾਰੀ ਤੇ ਅੱਗ ਲੱਗਣ ਵਿਚਾਲੇ ਕੋਈ ਸਬੰਧ ਹੋਣ ਦੀ ਵੀ ਜਾਂਚ ਕਰ ਰਹੀ ਹੈ। ਜਿਥੇ ਅੱਗ ਲੱਗੀ ਸੀ ਉਹ ਢਾਂਚਾ ਪੂਰੀ ਤਰਾਂ ਸੜ ਗਿਆ ਤੇ ਨਾਲ ਲੱਗਦੀਆਂ ਰਿਹਾਇਸ਼ੀ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ।