ਅਜੇ ਬੰਗਾ ਦੀ ਅਗਵਾਈ ਵਾਲੇ ਮਾਸਟਰ ਕਾਰਡ ਵੱਲੋਂ ਭਾਰਤ ਵਿੱਚ ਕੋਵਿਡ 'ਤੇ ਕਾਬੂ ਪਾਉਣ ਲਈ ਇਕ ਕਰੋੜ ਡਾਲਰ ਖਰਚ ਕੀਤੇ ਜਾਣਗੇ

ਅਜੇ ਬੰਗਾ ਦੀ ਅਗਵਾਈ ਵਾਲੇ ਮਾਸਟਰ ਕਾਰਡ ਵੱਲੋਂ ਭਾਰਤ ਵਿੱਚ ਕੋਵਿਡ 'ਤੇ ਕਾਬੂ ਪਾਉਣ ਲਈ ਇਕ ਕਰੋੜ ਡਾਲਰ ਖਰਚ ਕੀਤੇ ਜਾਣਗੇ
ਅਜੇ ਬੰਗਾ ਦੀ ਫਾਈਲ ਤਸਵੀਰ

* ਪੋਰਟੇਬਲ ਹਸਪਤਾਲ ਬਣਾਏ ਜਾਣਗੇ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਨਾਗਰਿਕ  ਅਜੇ ਬੰਗਾ ਦੀ ਅਗਵਾਈ ਵਾਲੇ ਮਾਸਟਰ ਕਾਰਡ ਵੱਲੋਂ ਭਾਰਤ ਵਿਚ ਕੋਵਿਡ ਕਾਰਨ ਗੰਭੀਰ ਹੋਏ ਹਾਲਾਤ ਨਾਲ ਨਜਿੱਠਣ ਲਈ ਇਕ ਕਰੋੜ ਡਾਲਰ ਖਰਚਣ ਦਾ ਪ੍ਰਣ ਲਿਆ ਗਿਆ ਹੈ। ਮਾਸਟਰ ਕਾਰਡ ਨੇ ਇਹ ਐਲਾਨ ਲੰਘੇ ਦਿਨ ਕੀਤਾ। ਮਾਸਟਰ ਕਾਰਡ ਵੱਲੋਂ ਜਾਰੀ ਪ੍ਰੈਸ ਰਲੀਜ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫਤਿਆਂ ਦੌਰਾਨ ਭਾਰਤ ਵਿਚ ਕੋਵਿਡ ਦੇ ਮਰੀਜ਼ਾਂ ਤੇ ਮੌਤਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ। ਰੋਜਾਨਾ 3,50,000 ਤੋਂ ਵਧ ਨਵੇ ਮਾਮਲੇ ਰਹੇ ਹਨ ਜਿਸ ਕਾਰਨ ਸਿਹਤ ਸੰਭਾਲ ਸਿਸਟਮ ਉਪਰ ਦਬਾਅ ਵਧ ਗਿਆ ਹੈ। ਮਾਸਟਰ ਕਾਰਡ ਇੰਪੈਕਟ ਫੰਡ  ਹਸਪਤਾਲਾਂ ਵਿਚਲੇ ਸਾਧਨਾਂ ਦਾ ਮੁਲਾਂਕਣ ਕਰਨ ਤੇ ਆਕਸੀਜ਼ਨ ਦੀ ਸਪਲਾਈ ਦੇ ਨਾਲ ਨਾਲ 2000 ਬਿਸਤਰਿਆਂ ਵਾਲੇ ਪੋਰਟੇਬਲ ਹਸਪਤਾਲ ਬਣਾਏਗਾ ਜਿਨਾਂ ਨਾਲ ਮਰੀਜ਼ਾਂ ਦੀ ਸੰਭਾਲ ਕਰਨ ਵਿੱਚ ਫੌਰੀ ਮੱਦਦ ਮਿਲੇਗੀ। ਇਹ ਹਸਪਤਾਲ ਸਰਕਾਰ ਤੇ ਸਥਾਨਕ ਭਾਈਵਾਲਾਂ ਦੇ ਸਹਿਯੋਗ ਨਾਲ ਤੁਰੰਤ ਬਣਾਏ ਜਾਣਗੇ ਜਿਨਾਂ ਵਿਚ ਅੰਦਾਜਨ 25  ਲੱਖ ਭਾਰਤੀ ਸਿਹਤ ਸੇਵਾਵਾਂ ਲੈ ਸਕਣਗੇ।

ਮਾਸਟਰ ਕਾਰਡ ਦੇ ਕਾਰਜਕਾਰੀ ਚੇਅਰਮੈਨ ਬੰਗਾ ਨੇ ਕਿਹਾ ਹੈ ਕਿ 'ਭਾਰਤ ਵਿਚ ਹਾਲਾਤ ਖਰਾਬ ਹਨ ਤੇ ਅਜਿਹੇ ਹਾਲਾਤ ਵਿਚ ਕੋਈ ਵੀ ਮੂਕ ਦਰਸ਼ਕ ਬਣਕੇ ਨਹੀਂ ਰਹਿ ਸਕਦੇ। ਅਸੀਂ ਹਮੇਸ਼ਾਂ ਭਾਰਤੀ ਲੋਕਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਅਸੀਂ ਇਸ ਸੰਕਟ ਦੀ ਘੜੀ ਵਿਚ ਭਾਰਤੀਆਂ ਦੀ ਹਰ ਸੰਭਵ ਮੱਦਦ ਕਰਾਂਗੇ।'' ਮਾਸਟਰ ਕਾਰਡ ਜਮੀਨੀ ਪੱਧਰ 'ਤੇ ਡਾਕਟਰੀ ਸਹਾਇਤਾ ਤੋਂ ਇਲਾਵਾ 1000 ਆਕਸੀਜ਼ਨ ਜਨਰੇਟਰ ਭਾਰਤ ਭੇਜਣ ਦਾ ਪ੍ਰਬੰਧ ਵੀ  ਕਰ ਰਿਹਾ ਹੈ। ਇਸ ਵਾਸਤੇ ਉਹ ਅਲਹਿਦਾ ਫੰਡ ਦੀ ਵਿਵਸਥਾ ਕਰ ਰਿਹਾ ਹੈ। ਮਾਸਟਰ ਕਾਰਡ ਦੇ ਜਨਰਲ ਕੌਂਸਲ ਤੇ ਭਾਰਤ ਦੇ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਹੈ ਕਿ ਅਮਰੀਕਾ ਤੇ ਭਾਰਤ ਸੰਕਟ ਦੌਰਾਨ ਇਕ ਦੂਸਰੇ ਦੀ ਮੱਦਦ ਕਰਦੇ ਆਏ ਹਨ ਤੇ ਇਹ ਬਹੁਤ ਨਾਜ਼ਕ ਸਮਾਂ ਹੈ ਤੇ ਅਸੀਂ ਆਪਣੇ ਮਿੱਤਰਾਂ ਦੀ ਮੱਦਦ ਕਰਨ ਪ੍ਰਤੀ ਵਚਨਬੱਧ ਹਾਂ।