ਪੰਜਾਬ ਦੇ ਭਾਜਪਾ ਤੇ  ਸੰਘੀ ਆਗੂਆਂ  ਨੂੰ ਧਮਕੀਆਂ 

ਪੰਜਾਬ ਦੇ ਭਾਜਪਾ ਤੇ  ਸੰਘੀ ਆਗੂਆਂ  ਨੂੰ ਧਮਕੀਆਂ 

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਗੁਪਤ ਪੱਤਰ ਲਿਖਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:  ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਭਾਜਪਾ ਅਤੇ ਆਰਐੱਸਐੱਸ ਦੇ ਸੱਤ ਸੀਨੀਅਰ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ ਪੰਜਾਬ ਨੂੰ ਗੁਪਤ ਪੱਤਰ ਭੇਜ ਕੇ ਕਿਹਾ ਕਿ ਪੰਜਾਬ ਦੇ ਭਾਜਪਾ ਅਤੇ ਆਰਐੱਸਐੱਸ ਆਗੂਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਕੇਂਦਰੀ ਸੁਰੱਖਿਆ ਏਜੰਸੀ ਨਾਲ ਵਿਚਾਰਨ ਮਗਰੋਂ ਇਨ੍ਹਾਂ ਨੂੰ ਢੁਕਵੀਂ ਸੁਰੱਖਿਆ ਦੇਣ ਬਾਰੇ ਫੈਸਲਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ 22 ਅਪਰੈਲ ਨੂੰ ਲਿਖੇ ਪੱਤਰ ਅਨੁਸਾਰ ਆਰਐੱਸਐੱਸ ਪੰਜਾਬ ਦੇ ਪ੍ਰਧਾਨ ਇਕਬਾਲ ਸਿੰਘ ਆਹਲੂਵਾਲੀਆ, ਜੋ ਕਿ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਬਾਰੇ ਲਿਖਿਆ ਗਿਆ ਹੈ ਕਿ ਜਾਣਕਾਰੀ ਅਨੁਸਾਰ ਆਹਲੂਵਾਲੀਆ ਵਿਦੇਸ਼ਾਂ ਵਿਚਲੇ ਖਾਲਿਸਤਾਨੀਆਂ ਦੀ ਹਿੱਟ ਲਿਸਟ ’ਤੇ ਹਨ। ਇਸੇ ਤਰ੍ਹਾਂ ਭਾਜਪਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੀ ਇਨ੍ਹਾਂ ਵਿਰੁੱਧ ਬੋਲਦੇ ਰਹੇ ਹਨ ਤੇ ਸਿੱਖ ਰੈਫਰੈਂਡਮ-2020 ਦਾ ਵਿਰੋਧ ਕਰਦੇ ਰਹੇ ਹਨ। ਪੱਤਰ ਅਨੁਸਾਰ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਲਾਲਪੁਰਾ ਸੇਵਾਮੁਕਤ ਡੀਆਈਜੀ ਹਨ ਤੇ ਉਹ 2012 ਵਿਚ ਭਾਜਪਾ ’ਚ ਸ਼ਾਮਲ ਹੋਏ ਸਨ। ਲਾਲਪੁਰਾ ਜਦੋਂ 1981 ’ਚ ਤਰਨ ਤਾਰਨ ਵਿਚ ਐੱਸਐੱਸਪੀ ਸਨ, ਤਾਂ ਉਨ੍ਹਾਂ ਨੇ ਸਿੱਖ ਨਿਰੰਕਾਰੀ ਕੇਸ ਵਿਚ ਸੰਤ  ਭਿੰਡਰਾਵਾਲੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਸੰਤਾਪ ਦੇ ਸਮੇਂ ਦੌਰਾਨ ਲਾਲਪੁਰਾ ਨੇ ਕਾਫੀ ਖਾੜਕੂ ਗ੍ਰਿਫ਼ਤਾਰ ਕੀਤੇ ਸਨ। ਲਾਲਪੁਰਾ ਨੇ ਦੱਸਿਆ ਸੀ ਕਿ ਉਸ ਨੂੰ ਵਿਦੇਸ਼ਾਂ ਤੋਂ ਖਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਗ੍ਰਹਿ ਮੰਤਰਾਲੇ ਨੇ ਇਸੇ ਆਧਾਰ ’ਤੇ ਪੰਜਾਬ ਸਰਕਾਰ ਨੂੰ ਸੁਰੱਖਿਆ ਦੇਣ ਲਈ ਲਿਖਿਆ ਹੈ।