ਅਦਾਲਤ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਸ਼ੌਵਿਨ ਦੋਸ਼ੀ ਕਰਾਰ

ਅਦਾਲਤ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਸ਼ੌਵਿਨ ਦੋਸ਼ੀ ਕਰਾਰ
ਸਾਬਕਾ ਪੁਲਿਸ ਅਧਿਕਾਰੀ ਸ਼ੌਵਿਨ

* ਜਮਾਨਤ ਰੱਦ, ਹੱਥਕੜੀ ਲਾ ਕੇ ਜੇਲ ਲਿਜਾਇਆ ਗਿਆ, ਲੋਕਾਂ ਨੇ ਮਨਾਈਆਂ ਖੁਸ਼ੀਆਂ * ਰਾਸ਼ਟਰਪਤੀ ਨੇ ਪ੍ਰਗਟਾਈ ਤਸੱਲੀ

ਸੈਕਰਾਮੈਂਟੋ :21  (ਹੁਸਨ ਲੜੋਆ ਬੰਗਾ)ਅਦਾਲਤ ਨੇ ਮਿਨੀਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰਕ ਸ਼ੌਵਿਨ ਨੂੰ ਸਾਹਫਿਆਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਇਕ ਬਹੁਤ ਹੀ ਅਹਿਮ ਫੈਸਲੇ ਵਿਚ ਅਦਾਲਤ ਨੇ 45 ਸਾਲਾ ਡੈਰਕ ਸ਼ੌਵਿਨ ਨੂੰ ਤਿੰਨਾਂ ਦੋਸ਼ਾਂ 'ਸੈਕੰਡ ਡਿਗਰੀ ਅਨਇੰਟੈਨਸ਼ਲ ਮਰਡਰ, ਥਰਡ ਡਿਗਰੀ ਮਰਡਰ ਤੇ ਸੈਕੰਡ ਡਿਗਰੀ ਮੈਨਸਲਾਟਰ' ਵਿਚ ਦੋਸ਼ੀ ਕਰਾਰ ਦਿੱਤਾ। ਇਨਾਂ ਤਿੰਨ ਦੋਸ਼ਾਂ ਤਹਿਤ ਉਸ ਨੂੰ ਕ੍ਰਮਵਾਰ 40 ਸਾਲ, 25 ਸਾਲ ਤੇ 10 ਸਾਲ ਸਜ਼ਾ ਹੋ ਸਕਦੀ ਹੈ।  ਮਿਨੀਸੋਟਾ ਦੇ ਸਜ਼ਾ ਸਬੰਧੀ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਹੱਤਿਆ ਦੇ ਦੋਸ਼ ਲਈ 12.5 ਸਾਲ ਤੇ 'ਮੈਨਸਲਾਟਰ' ਦੋਸ਼ ਤਹਿਤ 4 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਪਰੰਤੂ ਸ਼ੌਵਿਨ ਦੇ ਮਾਮਲੇ ਵਿਚ ਰਾਜ ਨੇ ਤਜਵੀਜਸ਼ੁਦਾ ਸਜ਼ਾ ਤੋਂ ਵਧ ਤੇ ਸਖਤ ਸਜ਼ਾ ਦੇਣ ਦੀ  ਸਿਫਾਰਿਸ਼ ਕੀਤੀ ਹੈ। 45 ਸਾਲਾ ਸ਼ੌਵਿਨ ਜਿਸ ਨੇ ਮਾਸਕ ਪਾਇਆ ਹੋਇਆ ਸੀ, ਮਿਨੀਪੋਲਿਸ ਦੀ ਅਦਾਲਤ ਵਿਚ ਚੁੱਪ ਚਾਪ ਖੜਾ ਰਿਹਾ ਤੇ ਉਸ ਨੇ ਅਦਾਲਤ ਦੇ ਫੈਸਲੇ ਉਪਰ ਪ੍ਰਤਖ ਤੌਰ 'ਤੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ।

ਫੈਸਲੇ ਉਪਰੰਤ ਉਸ ਦੀ ਜਮਾਨਤ ਰੱਦ ਕਰ ਦਿੱਤੀ ਗਈ ਤੇ ਪੁਲਿਸ ਅਧਿਕਾਰੀ ਉਸ ਨੂੰ ਹੱਥਕੜੀ ਲਾ ਕੇ ਅਦਾਲਤ ਦੇ ਪਿਛਲੇ ਦਰਵਾਜੇ ਰਾਹੀਂ ਜੇਲ ਲੈ ਗਏ। ਉਸ ਨੂੰ ਡਾਊਨ ਟਾਊਨ ਮਿਨੀਪੋਲਿਸ ਤੋਂ 25 ਮੀਲ ਦੂਰ ਸਟਿਲਵਾਟਰ, ਮਿਨੀਸੋਟਾ ਵਿਖੇ ਰਖਿਆ ਗਿਆ ਹੈ। ਅਦਾਲਤ ਦਾ ਫੈਸਲਾ ਤਕਰੀਬਨ 11 ਮਹੀਨੇ ਬਾਅਦ ਆਇਆ ਹੈ। 25 ਮਈ 2020 ਨੂੰ ਡੈਰਕ ਸ਼ੌਵਿਨ ਦੇ ਗੋਡੇ ਹੇਠ 46 ਸਾਲਾ ਜਾਰਜ ਫਲਾਇਡ ਦਮ ਤੋੜ ਗਿਆ ਸੀ। ਸ਼ੌਵਿਨ ਨੇ ਫਲਾਇਡ ਜਿਸ ਦੇ ਪਿਛੇ ਹੱਥ ਬੰਨੇ ਹੋਏ ਸਨ ਤੇ ਜਮੀਨ ਉਪਰ ਪੁੱਠਾ ਲਿਟਾਇਆ ਹੋਇਆ ਸੀ, ਦੀ ਧੌਣ ਨੂੰ ਆਪਣੇ ਗੋਡੇ ਨਾਲ 9 ਮਿੰਟ 29 ਸੈਕਿੰਡ ਦਬਾਈ ਰਖਿਆ। ਜਿਸ ਦੌਰਾਨ ਫਲਾਇਡ ਸਾਹ ਨਾ ਆਉਣ ਦੀ ਗੱਲ ਕਹਿੰਦਾ ਰਿਹਾ। ਆਖਰ ਉਹ ਸਾਹ ਨਾ ਆਉਣ ਕਾਰਨ ਦਮ ਤੋੜ ਗਿਆ। ਮੁਕੱਦਮੇ ਦੀ ਸੁਣਵਾਈ ਦੌਰਾਨ ਹਾਲਾਂ ਕਿ ਕੁਝ ਮੈਡੀਕਲ ਮਾਹਿਰਾਂ ਨੇ ਦਿੱਲ ਦੀ ਧੜਕਣ ਰੁਕ ਜਾਣ ਨੂੰ ਫਲਾਇਡ ਦੀ ਮੌਤ ਦਾ ਕਾਰਨ ਦੱਸਿਆ ਪਰੰਤੂ ਇਸਤਿਗਾਸਾ ਪੱਖ ਦੀ ਇਸ ਦਲੀਲ ਨੂੰ ਅਦਾਲਤ ਨੇ ਮੰਨ ਲਿਆ ਕਿ ਫਲਾਇਡ ਦੀ ਮੌਤ ਦਾ ਕਾਰਨ ਸਾਹ ਦਾ ਰੁਕਣਾ ਸੀ। ਵਕੀਲਾਂ ਨੇ ਜੱਜਾਂ ਨੂੰ ਵਾਰ ਵਾਰ ਕਿਹਾ ਆਪਣੀਆਂ ਅੱਖਾਂ ਉਪਰ ਵਿਸ਼ਵਾਸ਼ ਕਰੋ ਤੇ ਵੀਡੀਓ ਉਪਰ ਭਰੋਸਾ ਕਰੋ। ਸਟੀਵ ਸ਼ਲੀਚਰ ਨੇ ਆਪਣੀ ਅੰਤਿਮ ਦਲੀਲ ਵਿਚ ਕਿਹਾ ਜਦੋਂ ਤੁਸੀਂ ਵੀਡੀਓ ਵੇਖੀ ਸੀ ਤਾਂ ਜੋ ਤੁਹਾਡੇ ਦਿਮਾਗ ਵਿਚ ਆਇਆ ਸੀ, ਮਾਮਲਾ ਅੱਜ ਵੀ ਉਥੇ ਹੀ ਖੜਾ ਹੈ। ਇਹ ਕਿਸੇ ਪੁਲਿਸ ਅਧਿਕਾਰੀ ਦਾ ਕੰਮ ਨਹੀਂ ਹੈ ਇਹ ਕਾਤਲ ਦਾ ਕੰਮ ਹੈ। ਫੈਸਲੇ ਸਮੇ ਅਦਾਲਤ ਵਿਚ ਫਲਾਇਡ ਦਾ ਛੋਟਾ ਭਰਾ ਫਿਲੋਨਾਈਜ ਫਲਾਇਡ ਮੌਜੂਦ ਸੀ ।

ਜਦੋਂ ਜੱਜ ਨੇ ਫੈਸਲਾ ਪੜਿਆ ਤਾਂ ਉਸ ਨੇ ਹੱਥ ਉਪਰ ਕਰਕੇ ਪ੍ਰਭੂ ਦਾ ਸ਼ੁੱਕਰਾਨਾ ਕੀਤਾ। ਫੈਸਲੇ ਉਪਰੰਤ ਉਸ ਨੇ ਖੁਸ਼ੀ ਵਿਚ ਸਾਰੇ ਵਕੀਲਾਂ ਨੂੰ ਜਫੀ ਪਾਈ ਤੇ ਉਨਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਫੈਸਲੇ ਤੋਂ ਪਹਿਲਾਂ ਮੈ ਕੇਵਲ ਪ੍ਰਾਰਥਨਾ ਕਰ ਰਿਹਾ ਸੀ ਕਿ ਦੋਸ਼ੀ ਨੂੰ ਸਜ਼ਾ ਮਿਲੇ ਕਿਉਂਕਿ ਇਕ ਅਫਰੀਕਨ ਅਮਰੀਕਨ ਦੇ ਤੌਰ 'ਤੇ ਸਾਨੂੰ ਕਦੀ ਨਿਆਂ ਨਹੀਂ ਮਿਲਿਆ। ਅਦਾਲਤ ਦੇ ਫੈਸਲੇ 'ਤੇ ਲੋਕਾਂ ਨੇ ਖੁਸ਼ੀ ਮਨਾਈ ਤੇ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਕੱਪ ਫੂਡਜ਼ ਸਟੋਰ ਜਿਥੇ ਫਲਾਈਡ ਨੇ ਆਖਰੀ ਸਾਹ ਲਿਆ ਸੀ, ਦੇ ਬਾਹਰਵਾਰ ਲੋਕਾਂ ਦੀ ਭਾਰੀ ਭੀੜ ਜਮਾਂ ਹੋ ਗਈ ।

ਰਾਸ਼ਟਰਪਤੀ ਵੱਲੋਂ ਤੱਸਲੀ ਦਾ ਪ੍ਰਗਟਾਵਾ-

ਰਾਸ਼ਟਰਪਤੀ ਜੋਅ ਬਾਇਡਨ ਨੇ ਫੈਸਲੇ ਉਪਰ ਤਸੱਲੀ ਪ੍ਰਗਟ ਕੀਤੀ ਹੈ। ਉਨਾਂ ਕਿਹਾ ਕਿ ਹਾਲਾਂ ਕਿ ਇਹ ਫੈਸਲਾ ਜਾਰਜ ਫਲਾਇਡ ਨੂੰ ਵਾਪਿਸ ਨਹੀਂ ਲਿਆ ਸਕਦਾ ਪਰੰਤੂ ਉਸ ਦੇ ਪਰਿਵਾਰ ਦੇ ਦੁੱਖ ਨੂੰ ਘਟਾਉਣ ਵਿੱਚ ਮੱਦਦਗਾਰ ਸਾਬਤ ਹੋਵੇਗਾ। ਜਾਰਜ ਫਲਾਇਡ ਦੇ ਦੂਸਰੇ ਭਰਾ ਰੋਡਨੀ ਫਲਾਇਡ ਨੇ ਕਿਹਾ ਇਹ ਸਾਡੇ ਸਾਰਿਆਂ ਦੀ ਜਿੱਤ ਹੈ। ਇਹ ਫੈਸਲਾ ਰੰਗਭੇਦ ਦੀਆਂ ਹੱਦਾਂ ਤੋਂ ਪਰੇ ਹੈ। ਸਾਡੀ ਇਕਜੁੱਟਤਾ ਕੰਮ ਆਈ ਹੈ।