ਅਮਰੀਕਾ ਵਿਚ ਪੰਜਾਬੀ ਫਿਰ ਨਸਲਵਾਦ ਦਾ ਸ਼ਿਕਾਰ

ਅਮਰੀਕਾ ਵਿਚ ਪੰਜਾਬੀ ਫਿਰ ਨਸਲਵਾਦ ਦਾ ਸ਼ਿਕਾਰ

ਫੈੱਡੈਕਸ ਵਿਚ ਹੋਈ ਗੋਲੀਬਾਰੀ ਦੌਰਾਨ ਮਾਰੇ 4 ਸਿੱਖ ਪੰਜਾਬੀਆਂ ਦੀ ਮੌਤ ਨਾਲ ਸਿੱਖ ਭਾਈਚਾਰਾ ਸੋਗ ਵਿਚ

ਅਮਰੀਕਾ ਵਿਚ ਪੰਜਾਬੀ ਖਾਸ ਕਰਕੇ ਫਿਰ ਨਸਲਵਾਦ ਦਾ ਸ਼ਿਕਾਰ ਹੋਣ ਲਗ ਪਏ ਹਨ।ਇਹ ਵਰਤਾਰਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਸਲੀ ਨੀਤੀਆਂ ਕਾਰਣ ਵਾਪਰਿਆ ਹੈ।ਫੈੱਡਐਕਸ ਕਾਰਪੋਰੇਸ਼ਨ ਜਿਹੜੀ ਪਹਿਲਾਂ ਫੈਡਰਲ ਐਕਸਪ੍ਰੈੱਸ ਕਾਰਪੋਰੇਨ ਕਹਿਲਾਉਂਦੀ ਸੀ, ਅਮਰੀਕਾ ਦੀ ਕਾਰਪੋਰੇਟ ਬਹੁ-ਰਾਸ਼ਟਰੀ ਕੰਪਨੀ ਹੈ। ਇਹ ਹਵਾਈ ਜਹਾਜ਼ਾਂ ਅਤੇ ਹੋਰ ਸਾਧਨਾਂ ਰਾਹੀਂ ਵਸਤਾਂ ਭੇਜਣ ਤੇ ਉਨ੍ਹਾਂ ਨੂੰ ਲੋਕਾਂ ਤਕ ਪਹੁੰਚਾੳਣ ਦਾ ਪ੍ਰਬੰਧ ਕਰਦੀ ਹੈ। ਇਹ ਅਮਰੀਕਾ ਦੇ ਸਰਕਾਰੀ ਡਾਕ ਘਰ ਨੂੰ ਵੀ ਸੇਵਾਵਾਂ ਦਿੰਦੀ ਹੈ। ਬੀਤੇ ਵੀਰਵਾਰ ਰਾਤ ਅਮਰੀਕਾ ’ਚ ਇੰਡੀਆਨਾਪੋਲਿਸ ਸਥਿਤ ਇਸ ਦੇ ਕੰਮ ਕਰਨ ਦੇ ਸਥਾਨ ’ਤੇ ਕੰਪਨੀ ਦੇ 19 ਸਾਲਾ ਗੋਰੇ ਸਾਬਕਾ ਕਰਮਚਾਰੀ ਬਰੈਨਡਨ ਹੋਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ 'ਚ 4 ਪੰਜਾਬੀ ਹਨ, ਜਿਨ੍ਹਾਂ 'ਚ ਤਿੰਨ ਔਰਤਾਂ ਤੇ ਇਕ ਮਰਦ ਸ਼ਾਮਿਲ ਹੈ । ਇਥੇ ਦੀ ਸ਼ਿਫ਼ਟ 'ਚ ਜ਼ਿਆਦਾ ਪੰਜਾਬੀ ਬਜ਼ੁਰਗ ਕੰਮ ਕਰਦੇ ਹਨ । ਇਹ ਵੀ ਪਤਾ ਲੱਗਾ ਹੈ ਕਿ ਇਸ ਫੈਡੇਕਸ ਵੇਅਰਹਾਊਸ 'ਚ 90 ਫ਼ੀਸਦੀ ਪੰਜਾਬੀ ਕੰਮ ਕਰਦੇ ਹਨ । ਮਰਨ ਵਾਲਿਆਂ 'ਚ ਅਮਰਜੀਤ ਕੌਰ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਕੌਰ ਸੇਖੋਂ (48) ਤੇ ਜਸਵਿੰਦਰ ਸਿੰਘ (71) ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੋਧ ਸਿੰਘ ਦਾ ਵਸਨੀਕ ਸੀ । ਇਸ ਤੋਂ ਇਲਾਵਾ ਬਾਕੀ ਮਿ੍ਤਕਾਂ 'ਚ ਜੌਹਨ ਵਿਸਰਥ (74), ਕਾਰਲਿਨ ਸਮਿਥ (19), ਸਾਮਾਰਿਆ ਬਲੈਕਵਿਲ (19) ਤੇ ਮਾਥਿਵ ਆਰ. ਅਲੈਕਸੈਕਡਰ ਸ਼ਾਮਿਲ ਹਨ । ਜ਼ਖ਼ਮੀਆਂ 'ਚ 2 ਪੰਜਾਬੀ ਔਰਤਾਂ ਤੇ ਇਕ ਮਰਦ ਹਰਪ੍ਰੀਤ ਸਿੰਘ ਗਿੱਲ (45) ਜਿਸ ਦੀ ਅੱਖ 'ਚ ਗੋਲੀ ਲੱਗੀ ਹੈ, ਗੰਭੀਰ ਜ਼ਖਮੀ ਹੈ । ਹਰਪ੍ਰੀਤ ਸਿੰਘ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦਾ ਵਸਨੀਕ ਹੈ । ਇਨ੍ਹਾਂ ਤਿੰਨਾਂ ਪੰਜਾਬੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।ਕਰੀਬ 8 ਹਜ਼ਾਰ ਤੋਂ ਵੱਧ ਸਿੱਖ ਇੰਡੀਆਨਾ 'ਚ ਰਹਿੰਦੇ ਹਨ ਤੇ ਉਨ੍ਹਾਂ ਸਮੇਤ ਅਮਰੀਕਾ ਭਰ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ 'ਚ ਹੈ ।ਜਸਵਿੰਦਰ ਸਿੰਘ (68) ਜੋ ਇਕ ਹਫ਼ਤਾ ਪਹਿਲਾਂ ਹੀ ਇਥੇ ਕੰਮ ਕਰਨ ਲਈ ਆਇਆ ਸੀ ਤੇ  ਉਹ ਚੈੱਕ ਲੈਣ ਲਈ ਕਤਾਰ 'ਚ ਮੋਹਰੇ ਹੋ ਕੇ ਖੜ੍ਹਾ ਸੀ, ਜਦੋਂ ਇਹ ਭਾਣਾ ਵਰਤ ਗਿਆ ਤੇ ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਇਕ ਪੰਜਾਬੀ ਪਰਿਵਾਰ ਦੀਆਂ ਦੋ ਔਰਤਾਂ ਦੀ ਮੌਤ ਹੋਈ ਹੈ, ਜੋ ਰਿਸ਼ਤੇ 'ਚ ਨਨਾਣ-ਭਰਜਾਈ ਸਨ  । ਗੋਲੀਬਾਰੀ ਤੋਂ ਬਾਅਦ ਉਥੇ ਪਹੁੰਚੇ ਮਿ੍ਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਘਟਨਾ ਤੋਂ ਥੋੜ੍ਹੀ ਦੂਰ ਇਕ ਹੋਟਲ 'ਚ ਲੈ ਗਈ ਤੇ ਤਸਵੀਰਾਂ ਦਿਖਾ ਕੇ ਮਿ੍ਤਕਾਂ ਦੀ ਪਹਿਚਾਣ ਕਰਵਾਈ ਗਈ । 

ਪੁਲਿਸ ਅਧਿਕਾਰੀਆਂ ਅਨੁਸਾਰ  ਸ਼ੱਕੀ ਹਮਲਵਾਰ ਬਰੈਂਡਨ ਹੋਲ  ਨੇ 2020 ਵਿਚ ਫੈੱਡੇਕਸ ਲਈ ਕੰਮ ਕੀਤਾ ਸੀ । ਪੁਲਿਸ ਅਨੁਸਾਰ ਪਿਛਲੇ ਸਾਲ ਉਸਦੀ ਮਾਂ ਦੀ ਸ਼ਿਕਾਇਤ 'ਤੇ ਐੱਫ.ਬੀ.ਆਈ ਵਲੋਂ ਹੋਲ ਦੀ ਜਾਂਚ ਵੀ ਕੀਤੀ ਗਈ ਸੀ । ਉਹ ਪਹਿਲਾਂ ਵੀ ਫੈਡੈੱਕਸ 'ਚ ਕੰਮ ਕਰਦੇ ਸਮੇਂ ਇਕ ਵਾਰ ਗੰਨ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕੰਮ ਤੋਂ ਕੱਢ ਦਿੱਤਾ ਸੀ, ਜਿਸ ਬਾਰੇ ਪੁਲਿਸ ਨੂੰ ਵੀ ਪਤਾ ਸੀ । ਹਤਿਆਰਾ ਕੰਮ ਤੋਂ ਕੱਢਣ ਲਈ ਇਥੇ ਕੰਮ ਕਰਦੇ ਸਾਰੇ ਲੋਕਾਂ ਨੂੰ ਦੋਸ਼ੀ ਸਮਝਦਾ ਸੀ, ਜਿਸ ਕਾਰਨ ਉਸ ਨੇ ਇਸ ਵਹਿਸ਼ੀ ਘਟਨਾ ਨੂੰ ਅੰਜਾਮ ਦਿੱਤਾ ।ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਭਿਆਨਕ ਗੋਲੀਬਾਰੀ ਦੀ ਘਟਨਾ 'ਤੇ ਗਹਿਰਾ ਦੁੱਖ  ਪ੍ਰਗਟ ਕਰਦਿਆਂ  ਮਿ੍ਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।ਅਮਰੀਕਾ ’ਚ ਦਰਅਸਲ ਸਿੱਖਾਂ ਨੂੰ ਦਸਤਾਰ ਕਾਰਨ ਪੱਛਮੀ ਏਸ਼ੀਅਨ ਭਾਵ ਮੁਸਲਿਮ ਸਮਝ ਲਿਆ ਜਾਂਦਾ ਹੈ। 11 ਸਤੰਬਰ, 2001 ਨੂੰ ਜਦੋਂ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ’ਤੇ ਅੱਤਵਾਦੀ ਹਮਲਾ ਹੋਇਆ ਸੀ; ਤਦ ਬਲਬੀਰ ਸਿੰਘ ਸੋਢੀ ਦਾ ਸਿਰਫ਼ ਇਸ ਲਈ ਕਤਲ ਹੋ ਗਿਆ ਸੀ ਕਿਉਂਕਿ ਨਸਲੀ ਮਾਨਸਿਕਤਾ ਵਾਲੇ ਕਾਤਲ ਨੂੰ ਉਨ੍ਹਾਂ ਦੀ ਸ਼ਕਲ ਤੇ ਰੂਪ ਕਿਸੇ ਮੁਸਲਿਮ ਵਰਗੀ ਜਾਪੀ ਸੀ। ਫਿਰ ਸਾਲ 2013 ਦੌਰਾਨ ਵਿਸਕੌਨਸਿਨ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਇਆ ਸੀ; ਜਿੱਥੇ ਛੇ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਮਰੀਕਾ ’ਚ ਪੰਜ ਲੱਖ ਦੇ ਲਗਭਗ ਸਿੱਖ ਵੱਸਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਅਸਲ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਪਰ ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਪੁਲਿਸ ਕੋਲ ਕਦੇ ਜਾਂਦੇ ਹੀ ਨਹੀਂ।ਹਾਲ ਹੀ ਜੋ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚਣੇ ਗਏ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਮੁਲਕ ਵਿੱਚ ਰਹਿੰਦੇ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਚਲਾਈ ਗਈ। ਬਾਇਡਨ ਦੀ ਟੀਮ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਕੂਲਾਂ ਵਿੱਚ ਪੜ੍ਹਦੇ ਸਿੱਖ-ਅਮਰੀਕੀਆਂ ਦੀ ਸੁਰੱਖਿਆ ਲਈ ਯੋਜਨਾ ਦਾ ਜ਼ਿਕਰ ਕੀਤਾ ਸੀ।

ਬਾਇਡਨ ਕੰਪੇਨ ਨੇ ਘੱਟਗਿਣਤੀ ਧਾਰਮਿਕ ਭਾਈਚਾਰੇ ਨੂੰ ਅਮਰੀਕਾ ਵਿੱਚ ਨਸਲੀ ਤੇ ਨਫ਼ਰਤੀ ਹਮਲਿਆਂ ਸਮੇਤ ਦਰਪੇਸ਼ ਹੋਰਨਾਂ ਨਿਵੇਕਲੀ ਚੁਣੌਤੀਆਂ ਦਾ ਨਿਬੇੜਾ ਕਰਨ ਦਾ ਸੰਕਲਪ ਦੁਹਰਾਇਆ ਹੈ।

ਬਾਇਡਨ ਕੰਪੇਨ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ’ਚ ਵੱਡਾ ਵਾਧਾ ਹੋਇਆ ਹੈ। ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋ ਬਾਇਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’ਫੈੱਡੈਕਸ ਵਿਚ ਹੋਈ ਗੋਲੀਬਾਰੀ ਦੌਰਾਨ ਮਾਰੇ 4 ਸਿੱਖ ਪੰਜਾਬੀਆਂ ਦੀ ਮੌਤ ਨਾਲ ਸਿੱਖ ਭਾਈਚਾਰਾ ਸੋਗ ਵਿਚ ਹੈ । 5 ਅਗਸਤ 2012 ਵਿਚ ਵਿਸਕਾਂਸਨ ਦੇ ਓਕ ਕ੍ਰੀਕ ਗੁਰੂਘਰ ਵਿਚ ਹੋਏ ਇਸੇ ਤਰ੍ਹਾਂ ਦੇ ਹਮਲੇ 'ਚ ਵੀ 7 ਸਿੱਖ ਸ਼ਰਧਾਲੂ ਮਾਰੇ ਗਏ ਸਨ ਤੇ ਉਸ ਤੋ ਬਾਅਦ ਇਹ ਦੂਜੀ ਅਜਿਹੀ ਦਰਦਨਾਕ ਘਟਨਾ ਹੈ ਜਿਸਦੀ ਪੀੜਾ ਇਸ ਵੇਲੇ ਸਮੁੱਚੇ ਸਿੱਖ ਜਗਤ ਸਿੱਖਾਂ ਦੇ ਚਿਹਰਿਆਂ 'ਤੇ ਵੇਖੀ ਜਾ ਸਕਦੀ ਹੈ । ਅਮਰੀਕਾ ਦੀਆਂ ਸਿੱਖ ਜਥੇਬੰਦੀਆਂ, ਗੁਰੂਘਰਾਂ ਦੀਆਂ ਕਮੇਟੀਆਂ ਅਤੇ ਸਿੱਖ ਨੁਮਾਇੰਦਿਆਂ ਵਲੋਂ ਇਸ ਘਟਨਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ । ਸਿੱਖ ਕੋਲੀਸ਼ਨ ਨੇ ਇਸ ਮਾਮਲੇ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਇਹ ਮੰਗ ਕੀਤੀ ਹੈ ਕਿ  ਉਹ ਵਿਅਕਤੀ ਜਿਹੜੇ ਪਹਿਲਾਂ ਨਸਲਵਾਦੀ ਹਿੰਸਾ ਜਾਂ ਨਫ਼ਰਤ ਫੈਲਾਉਣ ਲਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹੋਣ, ਨੂੰ ਹਥਿਆਰ ਵੇਚਣ ਦੀ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਜਾਵੇ। ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।  ਇਸ ਤੋਂ ਇਲਾਵਾ ਅਮਰੀਕਾ ਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਇਸ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ, ਜਿਨ੍ਹਾਂ 'ਚ ਸਿੱਖ ਕੰਪੇਨ ਦੇ ਡਾ: ਰਾਜਵੰਤ ਸਿੰਘ, ਪ੍ਰਸਿੱਧ ਕਾਰੋਬਾਰੀ ਬਲਵੀਰ ਸਿੰਘ ਉਸਮਾਨਪੁਰ, ਪ੍ਰਸਿੱਧ ਅਕਾਊਟੈਂਟ ਮਹਿੰਦਰ ਸਿੰਘ ਸੋਹਲ ,ਸਿਖ ਸੇੇੇਵਕ ਸੁਸਾਇਟੀ ਦੇ ਸਵਰਨਜੀਤ ਸਿੰੰਘ ਖਾਲਸਾ ਆਦਿ ਸ਼ਾਮਿਲ ਹਨ। ਸਵਰਨਜੀਤ ਸਿੰੰਘ ਖਾਲਸਾ ਪੰਜ ਸਾਲ ਤੋਂ ਅਮਰੀਕਾ ਵਿਚ ਨਸਲਵਾਦੀ ਵਿਰੋਧੀ ਲਹਿਰ ਚਲਾ ਰਹੇ ਹਨ।ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਨੁਸਾਰ ਅਮਰੀਕਾ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਵੱਖ ਵੱਖ ਦੇਸ਼ਾਂ, ਧਰਮਾਂ, ਫ਼ਿਰਕਿਆਂ ਅਤੇ ਨਸਲਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਧਰਮਾਂ ਤੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਅਤੇ ਉਹ ਕਈ ਦੇਸ਼ਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਹੀ ਅਤਿਵਾਦੀ ਸਮਝਦੇ ਹਨ। ਅਮਰੀਕਾ ਦੇ ਅਸਰਦਾਰ ਸੰਸਦ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇੰਡੀਆਨਾਪੋਲਿਸ 'ਚ ਹੋਈ ਗੋਲ਼ੀਬਾਰੀ ਦੀ ਇਸ ਲਿਹਾਜ਼ ਨਾਲ ਜਾਂਚ ਦੀ ਮੰਗ ਕੀਤੀ ਹੈ ਕਿ ਇਹ ਘਟਨਾ ਕਿਤੇ ਨਸਲੀ ਹਿੰਸਾ ਤਾਂ ਨਹੀਂ ਸੀ। 

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਦਾ ਕਹਿਣਾ ਸੀ  ਕਿ ਵੀਰਵਾਰ ਰਾਤ ਹੋਈ ਇਸ ਘਟਨਾ ਦੀ ਇਸ ਲਿਹਾਜ਼ ਨਾਲ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਹਿੰਸਾ ਪਿੱਛੇ ਸਿੱਖ ਵਿਰੋਧੀ ਭਾਵਨਾ ਤਾਂ ਕੰਮ ਨਹੀਂ ਕਰ ਰਹੀ ਸੀ।

ਅਮਰੀਕਾ ਦੇ ਗੋਰੇ ਲੋਕਾਂ ਵਿਚ ਨਸਲਵਾਦੀ ਵਿਤਕਰੇ ਦੀ ਭਾਵਨਾ ਪਿਛਲੇ ਕੁਝ ਸਾਲਾਂ ਵਿਚ ਤੇਜੀ ਨਾਲ ਵਧੀ ਹੈ ਤੇ ਡੋਨਾਲਡ ਟਰੰਪ ਵਰਗੇ ਨਸਲਵਾਦੀ ਆਗੂਆਂ ਨੇ ਅਜਿਹੀ ਨਫ਼ਰਤ ਵਧਾਉਣ ਵਿਚ ਹਿੱਸਾ ਪਾਉਂਦਿਆਂ ਇਸ ਤੋਂ ਸਿਆਸੀ ਲਾਹਾ ਲਿਆ ਹੈ। ਨਸਲਵਾਦੀ ਅਮਰੀਕਾ ਦੇ ਗੋਰੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਗੋਰੀ ਨਸਲ ਹੀ ਦੁਨੀਆ ਦੀ ਸਭ ਤੋਂ ਸਭਿਅਕ ਤੇ ਉਤਮ ਨਸਲ ਹੈ ਅਤੇ ਦੂਸਰੀਆਂ ਨਸਲਾਂ ਦੇ ਲੋਕ ਅਸਭਿਆ ਤੇ ਘਟੀਆ ਹਨ। ਇਸ ਵਰਤਾਰੇ ਕਾਰਨ ਏਸ਼ੀਆ ਅਤੇ ਅਫ਼ਰੀਕਾ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਧਾਰਮਿਕ ਆਧਾਰ ’ਤੇ ਜ਼ਿਆਦਾਤਰ ਯਹੂਦੀ ਤੇ ਮੁਸਲਮਾਨ ਨਸਲਵਾਦੀ ਨਫ਼ਰਤ ਦਾ ਸ਼ਿਕਾਰ ਹੁੰਦੇ ਹਨ। ਮੁਸਲਮਾਨਾਂ ਦਾ ਵਿਰੋਧ ਇਸ ਵੇਲੇ ਸਿਖ਼ਰਾਂ ’ਤੇ ਹੈ। ਨਸਲਵਾਦੀ ਹਰ ਮੁਸਲਮਾਨ ਨੂੰ ਅਤਿਵਾਦੀ ਗਰਦਾਨਦੇ ਹਨ। ਮੁਸਲਮਾਨ ਆਗੂਆਂ ਦੇ ਪੱਗ ਬੰਨ੍ਹਣ ਕਾਰਨ ਨਸਲਵਾਦੀ  ਸਿੱਖਾ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ।  ਅਮਰੀਕਾ ਵਿਚ ਗੋਰੀ ਨਸਲ ਦਾ ਵੱਡਾ ਹਿੱਸਾ ਇਸ ਬਾਰੇ ਚੇਤਨ ਵੀ ਹੈ ਅਤੇ ਅਜਿਹੇ ਵਿਤਕਰਿਆਂ ਦਾ ਵਿਰੋਧ ਕਰਦਾ ਹੈ ਪਰ ਨਫ਼ਰਤ ਕਰਨ ਅਤੇ ਹਿੰਸਾ ਫੈਲਾਉਣ ਵਾਲਿਆਂ ਦਾ ਪ੍ਰਭਾਵ ਜਲਦੀ ਫੈਲਦਾ ਤੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦਾ ਹੈ। ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਇਸ ਸੰਬੰਧ ਵਿਚ ਵਡੇ ਪਧਰ ਉਪਰ ਲਹਿਰ ਚਲਾਉਣ ਦੀ ਲੋੜ ਹੈ।

 

ਰਜਿੰਦਰ ਸਿੰਘ ਪੁਰੇਵਾਲ