ਪਹਿਲੀ ਮਈ ਤੱਕ ਸਾਰੇ ਬਾਲਗ ਅਮਰੀਕੀਆਂ ਨੂੰ ਕੋਵਿਡ ਟੀਕਾ ਲਾ ਦਿੱਤਾ ਜਾਵੇ-ਬਾਇਡਨ
*ਟੀਕਾਕਣ ਸੈਂਟਰ ਦੁੱਗਣੇ ਕਰਨ ਦਾ ਐਲਾਨ*
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਲੰਘੀ ਰਾਤ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਸੰਬੋਧਨ ਵਿਚ, ਰਾਜਾਂ ਨੂੰ ਆਦੇਸ਼ ਦਿੱਤੇ ਕਿ ਉਹ ਹਰ ਹਾਲਤ ਵਿਚ ਪਹਿਲੀ ਮਈ 2021 ਤੱਕ ਸਾਰੇ ਅਮਰੀਕੀ ਬਾਲਗਾਂ ਨੂੰ ਕੋਵਿਡ-19 ਟੀਕੇ ਲਾ ਦੇਣ। ਉਨਾਂ ਕਿਹਾ ਕਿ ਜੇਕਰ ਆਉਣ ਵਾਲੇ ਹਫਤਿਆਂ ਦੌਰਾਨ ਅਸੀਂ ਸਾਰੇ ਆਪਣੇ ਫਰਜਾਂ ਨੂੰ ਪਛਾਣਦੇ ਹੋਏ ਟੀਕਾਕਰਨ ਕਰਵਾ ਲੈਂਦੇ ਹਾਂ, ਤਾਂ ਅਸੀਂ ਭਵਿੱਖ ਵਿਚ ਛੋਟੇ ਸਮੂੰਹਾਂ ਵਿਚ ਇਕੱਠੇ ਹੋ ਸਕਦੇ ਹਾਂ ਤੇ 4 ਜੁਲਾਈ ਨੂੰ ਅਜ਼ਾਦੀ ਦਿਵਸ ਦੇ ਜਸ਼ਨਾਂ ਲਈ ਵੀ ਜੁੜ ਸਕਾਂਗੇ। ਉਨਾਂ ਕਿਹਾ ਕਿ ਟੀਕਾਕਰਣ ਦਾ ਅਗਲਾ ਪੜਾਅ ਜੀਵਨ ਆਮ ਵਾਂਗ ਕਰਨ ਵਿਚ ਸਹਾਈ ਹੋਵੇਗਾ। ਰਾਸ਼ਟਰਪਤੀ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਮਹਾਮਾਰੀ ਫੈਲਣ ਉਪਰੰਤ ਇਕ ਸਾਲ ਮੁਕੰਮਲ ਹੋਣ ਤੇ 1.9 ਖਰਬ ਡਾਲਰ ਦੇ ਪ੍ਰੋਤਸਾਹਣ ਪੈਕੇਜ ਉਪਰ ਦਸਤਖਤ ਕਰਨ ਉਪਰੰਤ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਸਨ। ਇਸ ਪੈਕੇਜ਼ ਤਹਿਤ ਅਮਰੀਕੀਆਂ ਨੂੰ 1400 ਡਾਲਰ ਪ੍ਰਤੀ ਹਫਤਾ ਕੋਵਿਡ ਰਾਹਤ ਮਿਲੇਗੀ। ਇਥੇ ਜਿਕਰਯੋਗ ਹੈ ਕਿ ਆਸ ਤੋਂ 2 ਮਹੀਨੇ ਪਹਿਲਾਂ ਅਮਰੀਕੀ ਵਾਸੀਆਂ ਲਈ ਕੋਵਿਡ-19 ਵੈਕਸੀਨ ਉਪਲਬੱਧ ਹੋ ਜਾਵੇਗੀ। ਰਾਸ਼ਟਰਪਤੀ ਨੇ ਲੋਕਾਂ ਨੂੰ ਕੋਵਿਡ ਟੀਕਾ ਲਾਉਣ ਲਈ ਨਿਰਧਾਰਤ ਥਾਵਾਂ ਵਧਾਉਣ ਲਈ ਕਦਮ ਚੁੱਕਣ ਦਾ ਐਲਾਨ ਵੀ ਕੀਤਾ। ਇਨਾਂ ਕਦਮਾਂ ਤਹਿਤ ਟੀਕਾਕਰਣ ਵਿਚ ਮੱਦਦ ਲਈ 4000 ਹੋਰ ਸੈਨਿਕਾਂ ਤਾਇਨਾਤ ਕੀਤੇ ਜਾਣਗੇ। 2000 ਸੈਨਿਕ ਪਹਿਲਾਂ ਹੀ ਟੀਕਾਕਰਣ ਮੁਹਿੰਮ ਵਿਚ ਮੱਦਦ ਕਰ ਰਹੇ ਹਨ। ਟੀਕਾਕਰਣ ਮੁਹਿੰਮ ਵਿਚ ਦੰਦਾਂ ਦੇ ਡਾਕਟਰਾਂ, ਡਾਕਟਰਾਂ ਦੇ ਸਹਾਇਕਾਂ ਤੇ ਹੋਰ ਮੈਡੀਕਲ ਪੈਸ਼ਾਵਰਾਂ ਦੀ ਮੱਦਦ ਵੀ ਲਈ ਜਾਵੇਗੀ। ਰਾਸ਼ਟਰਪਤੀ ਨੇ 700 ਹੋਰ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਕੋਵਿਡ-19 ਦੇ ਟੀਕੇ ਸਿੱਧੇ ਸਪਲਾਈ ਕਰਨ ਦਾ ਐਲਾਨ ਵੀ ਕੀਤਾ। ਇਸ ਨਾਲ ਕੁਲ ਹੈਲਥ ਸੈਂਟਰਾਂ ਦੀ ਗਿਣਤੀ ਜਿਨਾਂ ਨੂੰ ਟੀਕਿਆਂ ਦੀ ਸਿੱਧੀ ਸਪਲਾਈ ਕੀਤੀ ਜਾਣੀ ਹੈ,950 ਹੋ ਜਾਵੇਗੀ। ਇਸੇ ਤਰਾਂ ਦਵਾਖਾਨਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਜਾਵੇਗੀ। ਬਾਇਡੇਨ ਨੇ ਕਿਹਾ ਕਿ ਸੰਘੀ ਵੈਕਸੀਨ ਸੈਂਟਰਾਂ ਦੀ ਗਿਣਤੀ ਵੀ ਦੁੱਗਣੀ ਕਰਨ ਦੀ ਯੋਜਨਾ ਹੈ।
Comments (0)