ਅਮਰੀਕੀ ਏਅਰ ਫੋਰਸ ਵੱਲੋਂ ਧਾਰਮਕ ਚਿੱਨਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਅਮਰੀਕੀ ਏਅਰ ਫੋਰਸ ਵੱਲੋਂ ਧਾਰਮਕ ਚਿੱਨਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਅਮਰੀਕੀ ਏਅਰ ਫੋਰਸ ਨੇ ਨਵੇਂ  ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਹਨਾਂ ਤਹਿਤ ਅਮਰੀਕਾ ਵਾਸੀ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਧਾਰਮਕ ਚਿੱਨਾਂ ਸਮੇਤ ਨੌਕਰੀ ਕਰ ਸਕਣਗੇ। ਏਅਰ ਫੋਰਸ ਨੇ ਪਹਿਰਾਵੇ ਤੇ ਨਿੱਜੀ ਦਿੱਖ ਸਬੰਧੀ ਨੀਤੀ ਵਿਚ ਉਨ੍ਹਾਂ ਲੋਕਾਂ ਲਈ ਜੋ ਦਸਤਾਰ ਸਜਾਉਂਦੇ ਹਨ, ਹਿਜਾਬ ਪਹਿਨਦੇ ਜਾਂ ਦਾੜ੍ਹਾ ਵੀ ਰਖਦੇ ਹਨ, ਬਾਰੇ ਨੌਕਰੀ ਦੌਰਾਨ ਪਹਿਰਾਵੇ ਤੇ ਵਰਦੀ ਬਾਰੇ ਮਾਪਦੰਡ ਤੈਅ ਕੀਤੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਮਰਦ ਜਾਂ ਔਰਤ ਆਪਣੇ ਧਾਰਮਕ ਚਿੱਨਾਂ ਨਾਲ ਸਮਝੌਤਾ ਕੀਤੇ ਬਿਨਾਂ ਨੌਕਰੀ ਕਰ ਸਕਦੇ ਹਨ। 

ਏਅਰ ਫੋਰਸ ਨੇ ਇਸ ਸਬੰਧੀ ਮੈਨਜਮੈਂਟ ਨੂੰ ਕਿਹਾ ਹੈ ਕਿ ਜੇਕਰ ਕੋਈ ਆਪਣੇ ਧਾਰਮਕ ਚਿੱਨ ਪਾਉਣ ਸਬੰਧੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਹੈ ਤਾਂ ਉਸ ਨੂੰ ਇਕ ਤੈਅ ਸਮੇਂ ਵਿਚ ਜਵਾਬ ਦੇਣਾ ਪਵੇਗਾ। ਇਹ ਵੀ ਕਿਹਾ ਹੈ ਕਿ ਇਹ ਪਰਵਾਨਗੀ ਸਬੰਧਤ ਬੰਦੇ ਦੀ ਸਮੁੱਚੀ ਨੌਕਰੀ ਦੌਰਾਨ ਲਾਗੂ ਰਹੇਗੀ। 

ਇਥੇ ਵਰਣਨਯੋਗ ਹੈ ਕਿ ਏਅਰ ਫੋਰਸ ਵਿਚ ਨੌਕਰੀ ਕਰਨ ਲਈ ਸਿੱਖ, ਮੁਸਲਮਾਨ ਤੇ ਹੋਰ ਧਰਮਾਂ ਦੇ ਲੋਕ ਆਪਣੇ ਧਾਰਮਕ ਚਿੱਨਾਂ ਸਬੰਧੀ ਛੋਟ ਲੈਣ ਵਾਸਤੇ ਨਿੱਜੀ ਤੌਰ 'ਤੇ ਬੇਨਤੀ ਕਰਦੇ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਏਅਰ ਫੋਰਸ ਨੇ ਪਰਵਾਨਗੀ ਕਾਰਵਾਈ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।