ਪੁਲਸ ਦੀ ਡੰਗ ਟਪਾਊ ਨੀਤੀ ਤੋਂ ਤੰਗ ਨੂਰਪੁਰ ਹਕੀਮਾਂ ਦੇ ਨੌਜਵਾਨਾਂ ਨੇ ਨਸ਼ੇੜੀਆਂ 'ਤੇ ਕਾਰਵਾਈ ਸ਼ੁਰੂ ਕੀਤੀ

ਪੁਲਸ ਦੀ ਡੰਗ ਟਪਾਊ ਨੀਤੀ ਤੋਂ ਤੰਗ ਨੂਰਪੁਰ ਹਕੀਮਾਂ ਦੇ ਨੌਜਵਾਨਾਂ ਨੇ ਨਸ਼ੇੜੀਆਂ 'ਤੇ ਕਾਰਵਾਈ ਸ਼ੁਰੂ ਕੀਤੀ

ਮੋਗਾ: ਨਸ਼ੇ ਨੂੰ ਰੋਕਣ ਵਿਚ ਅਸਫਲ ਰਹੀ ਪੰਜਾਬ ਸਰਕਾਰ ਨੂੰ ਦੇਖਦਿਆਂ ਹੁਣ ਲੋਕਾਂ ਨੇ ਆਪ ਮੁਹਾਰੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ੇ ਦੀ ਅਲਾਮਤ ਦਾ ਸ਼ਿਕਾਰ ਮੋਗਾ ਜ਼ਿਲ੍ਹੇ ਦਾ ਪਿੰਡ ਨੂਰਪੁਰ ਹਕੀਮਾਂ ਦੇ ਲੋਕਾਂ ਦੀ ਨਸ਼ੇ ਖਿਲਾਫ ਮੁਹਿੰਮ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਪਹਿਲਾਂ ਇਹ ਪਿੰਡ ਨਸ਼ੇ ਮਿਲਣ ਲਈ ਬਦਨਾਮ ਹੋ ਗਿਆ ਸੀ ਹੁਣ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਤੋਂ ਇਹ ਤੋਹਮਤ ਲਾਹੁਣ ਲਈ ਕਮਰਕੱਸੇ ਕਰ ਲਏ ਹਨ। 

ਨਸ਼ਿਆਂ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਪਿੰਡ ਦੇ ਨੌਜਵਾਨ ਅੱਗੇ ਆਏ ਹਨ। ਉਨ੍ਹਾਂ ਇਕ ਘੰਟੇ ’ਚ ਦੂਜੇ ਪਿੰਡਾਂ ਤੋਂ ਨਸ਼ਾ ਲੈਣ ਆਏ ਤਕਰੀਬਨ 70 ਨੌਜਵਾਨ ਕਾਬੂ ਕਰ ਲਏ। ਪਿੰਡ ਦੇ ਨੌਜਵਾਨ ਪੰਚ ਚਮਕੌਰ ਸਿੰਘ, ਅਮਨਦੀਪ ਸਿੰਘ ਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੇ ਪਿੰਡ ’ਚ ਸ਼ਰੇਆਮ ਨਸ਼ੇ ਵਿਕ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਅਧਿਕਾਰੀਆਂ ਨੂੰ ਨਸ਼ੇ ਦੀ ਸ਼ਰੇਆਮ ਵਿਕਰੀ ਬਾਰੇ ਦੱਸਿਆ ਗਿਆ ਪਰ ਪੁਲੀਸ ਗੇੜਾ ਮਾਰ ਕੇ ਖਾਲੀ ਹੱਥ ਮੁੜ ਜਾਂਦੀ ਹੈ। 

ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਆਪਣੇ ਪੱਧਰ ’ਤੇ ਪਿੰਡ ਅੰਦਰ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਵਿਉਂਤਬੰਦੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪਿੰਡਾਂ ਤੋਂ ਨਸ਼ਾ ਲੈਣ ਆਏ ਤਕਰੀਬਨ 70 ਨਸ਼ੇੜੀ ਕਾਬੂ ਕੀਤੇ ਗਏ ਹਨ। 

ਨੌਜਵਾਨਾਂ ਨੇ ਦੱਸਿਆ ਕਿ ਜਦੋਂ ਤੋਂ ਚਿੱਟਾ ਸ਼ੁਰੂ ਹੋਇਆ ਹੈ ਉਦੋਂ ਤੋਂ ਪਿੰਡ ਵਿੱਚ ਸ਼ਾਮ ਨੂੰ ਲੰਮੀਆਂ ਗੱਡੀਆਂ ਤੇ ਮੋਟਰ ਸਾਈਕਲ ਸਵਾਰਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਤੇ ਇਸ ਪਿੰਡ ਦੇ ਹਾਕਮ ਧਿਰ ਨਾਲ ਜੁੜੇ ਸਰਪੰਚ ਪਿੱਪਲ ਸਿੰਘ ਨੇ ਵੀ ਤਕਰੀਬਨ 5 ਮਹੀਨੇ ਪਹਿਲਾਂ ਪਿੰਡ ’ਚ ਨਸ਼ੇ ਦੀ ਵਿਕਰੀ ਬਾਰੇ ਲਿਖਤੀ ਮੁੱਦਾ ਚੁੱਕਿਆ ਸੀ ਪਰ ਸਰਪੰਚ ਨੂੰ ਅਧਿਕਾਰੀਆਂ ਨੇ ਕਾਰਵਾਈ ਦੀ ਥਾਪੀ ਦੇ ਕੇ ਚੁੱਪ ਕਰਵਾ ਦਿੱਤਾ।

ਇੱਥੋਂ ਨੇੜਲਾ ਪਿੰਡ ਦੌਲੇਵਾਲਾ ਵੀ ਸੂਬੇ ਦਾ ਇਕਲੌਤਾ ਪਿੰਡ ਹੈ ਜਿਸ ਦੇ ਔਸਤਨ ਹਰੇਕ ਘਰ ਖ਼ਿਲਾਫ਼ ਤਸਕਰੀ ਦਾ ਕੇਸ ਦਰਜ ਹੈ। ਇਸ ਪਿੰਡ ਦੇ 75 ਫੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ।

ਐਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਨੌਜਵਾਨਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਿਸੇ ਦੀ ਕੁੱਟਮਾਰ ਨਾ ਕਰਨ ਸਗੋਂ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।