ਲੋਕ ਸਭਾ ਚੋਣਾਂ: ਉਤਰ ਪ੍ਰਦੇਸ਼ ਵਿਚ ਹਿੰਦੁਤਵ ਦੀ ਰਾਜਨੀਤੀ ਨੂੰ ਹਰਾਉਣ ਲਈ ਸਪਾ-ਬਸਪਾ ਨਾਲ ਸਾਂਝ ਵਧਾਉਣ ਲੱਗੀ ਕਾਂਗਰਸ

ਲੋਕ ਸਭਾ ਚੋਣਾਂ: ਉਤਰ ਪ੍ਰਦੇਸ਼ ਵਿਚ ਹਿੰਦੁਤਵ ਦੀ ਰਾਜਨੀਤੀ ਨੂੰ ਹਰਾਉਣ ਲਈ ਸਪਾ-ਬਸਪਾ ਨਾਲ ਸਾਂਝ ਵਧਾਉਣ ਲੱਗੀ ਕਾਂਗਰਸ

ਲਖਨਊ: ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਮੁੱਖ ਸਿਆਸੀ ਧਿਰਾਂ ਵੱਲੋਂ ਜੋੜ-ਤੋੜ ਦੀ ਰਣਨੀਤੀ ਬਣਾਈ ਜਾ ਰਹੀ ਹੈ ਅਤੇ ਵੋਟਾਂ ਦਾ ਹਿਸਾਬ ਲਾ ਕੇ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਮਿਲਾਉਣ ਲਈ ਫੈਂਸਲੇ ਕੀਤੇ ਜਾ ਰਹੇ ਹਨ। ਇਸ ਵਾਰ ਵੀ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦਰਮਿਆਨ ਮੁੱਖ ਮੁਕਾਬਲਾ ਹੈ। ਭਾਰਤ ਦੀ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿਚ ਸਭ ਤੋਂ ਵੱਧ 80 ਸੀਟਾਂ ਹਿੰਦੀ ਖੇਤਰ ਦੇ ਸੂਬੇ ਉਤਰ ਪ੍ਰਦੇਸ਼ ਦੀਆਂ ਹਨ ਤੇ ਇਸ ਸੂਬੇ ਵਿਚ ਜਿੱਤ-ਹਾਰ ਭਾਰਤ ਦੀ ਕੇਂਦਰੀ ਸਰਕਾਰ ਬਣਾਉਣ ਵਿਚ ਸਭ ਤੋਂ ਵੱਡਾ ਰੋਲ ਨਿਭਾਉਂਦੀ ਹੈ। 

ਉਤਰ-ਪ੍ਰਦੇਸ਼ ਦੀ ਸਿਆਸਤ ਵਿਚ ਜਿੱਥੇ ਮੋਜੂਦਾ ਸਮੇਂ ਭਾਜਪਾ ਯੋਗੀ ਅਦਿਤਿਆਨਾਥ ਦੀ ਅਗਵਾਈ ਵਿਚ ਕਾਬਜ਼ ਹੈ ਉੱਥੇ ਕਾਂਗਰਸ ਦਾ ਵੀ 1970 ਤੱਕ ਇਸ ਖਿੱਤੇ ਵਿਚ ਕਾਫੀ ਮਜ਼ਬੂਤ ਅਧਾਰ ਰਿਹਾ ਹੈ। ਪਰ ਬਾਅਦ ਵਿਚ ਦਲਿਤ ਪਾਰਟੀ ਬਸਪਾ ਬਣਨ ਮਗਰੋਂ ਕਾਂਗਰਸ ਦੇ ਦਲਿਤ ਵੋਟ ਅਧਾਰ ਨੂੰ ਵੱਡੀ ਢਾਹ ਲੱਗੀ ਤੇ ਉਤਰ ਪ੍ਰਦੇਸ਼ ਦੇ ਯਾਦਵ ਭਾਈਚਾਰੇ ਦੀ ਨੁਮਾਂਇੰਦਗੀ ਕਰਦੀ ਸਮਾਜਵਦੀ ਪਾਰਟੀ ਦੇ ਬਣਨ ਨਾਲ ਯੂਪੀ ਦੀ ਰਾਜਨੀਤੀ ਜਾਤ ਅਧਾਰਿਤ ਹੋ ਗਈ। ਪਰ 1991 ਵਿਚ ਬਾਬਰੀ ਮਸਜ਼ਿਦ ਢਾਹੁਣ ਤੋਂ ਬਾਅਦ ਹਿੰਦੁਤਵ ਦੀ ਰਾਜਨੀਤੀ ਦੇ ਅਧਾਰ 'ਤੇ ਭਾਜਪਾ ਨੇ ਉਤਰ ਪ੍ਰਦੇਸ਼ ਦੀ ਰਾਜਨੀਤੀ ਵਿਚ ਆਪਣਾ ਅਧਾਰ ਮਜ਼ਬੂਤ ਕਰਨਾ ਸ਼ੁਰੂ ਕੀਤਾ ਤੇ 1991 ਵਿਚ ਪਹਿਲੀ ਵਾਰ ਭਾਜਪਾ ਵੱਲੋਂ ਕਲਿਆਣ ਸਿੰਘ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ। ਹੁਣ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੁਤਵ ਦੇ ਨਾਮੀਂ ਚਿਹਰੇ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਉਤਰ ਪ੍ਰਦੇਸ਼ ਦੀ ਸੱਤਾ 'ਤੇ ਕਾਬਜ਼ ਹੋਈ। 

ਹੁਣ ਤੱਕ ਉਤਰ ਪ੍ਰਦੇਸ਼ ਦੀ ਸੱਤਾ 'ਤੇ ਭਾਜਪਾ, ਕਾਂਹਰਸ, ਬਹੁਜਨ ਸਮਾਜ ਪਾਰਟੀ ਅਤੇ ਸਮਾਜਵਦੀ ਪਾਰਟੀ ਦੀਆਂ ਸਰਕਾਰ ਕਾਬਜ਼ ਰਹਿ ਚੁੱਕੀਆਂ ਹਨ ਤੇ ਇਹਨਾਂ ਸਾਰੀਆਂ ਪਾਰਟੀਆਂ ਦਾ ਇਕ ਮਜ਼ਬੂਤ ਅਧਾਰ ਹੈ। ਪਰ ਪਿਛਲੇ ਸਾਲਾਂ ਵਿਚ ਇਸ ਹਿੰਦੀ ਖੇਤਰ ਵਿਚ ਹਿੰਦੁਤਵ ਦੀ ਰਾਜਨੀਤੀ ਨੇ ਜ਼ੋਰ ਫੜਿਆ ਹੈ ਜਿਸ ਕਾਰਨ ਭਾਜਪਾ ਨੂੰ ਹਰਾਉਣਾ ਹੁਣ ਇਹਨਾਂ ਵਿਚੋਂ ਕਿਸੇ ਇਕੱਲੀ ਪਾਰਟੀ ਦੇ ਵੱਸ ਦੀ ਗੱਲ ਨਹੀਂ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੁਣ ਕਾਂਗਰਸ, ਬਸਪਾ ਅਤੇ ਸਪਾ ਇਕ ਸਾਂਝੇ ਗਠਜੋੜ ਦੇ ਰੂਪ ਵਿਚ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੀਆਂ ਹਨ। ਜਿੱਥੇ ਸਪਾ ਅਤੇ ਬਸਪਾ ਨੇ ਇਕੱਠਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੁਣ ਕਾਂਗਰਸ ਨੇ ਸਪਾ-ਬਸਪਾ ਗਠਜੋੜ ਲਈ ਕੁੱਝ ਸੀਟਾਂ ਛੱਡਣ ਦਾ ਐਲਾਨ ਕੀਤਾ ਹੈ।

ਅੱਜ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਸਪਾ ਅਤੇ ਬਸਪਾ ਗਠਜੋੜ ਲਈ ਕਾਂਗਰਸ ਉਤਰ ਪ੍ਰਦੇਸ਼ ਵਿਚ ਸੱਤ ਸੀਟਾਂ 'ਤੇ ਚੋਣ ਨਹੀਂ ਲੜੇਗੀ। ਰਾਜ ਬੱਬਰ ਨੇ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਮੁਖੀ ਮੁਲਾਇਮ ਸਿੰਘ ਯਾਦਵ, ਡਿੰਪਲ ਯਾਦਵ ਅਤੇ ਅਕਸ਼ੇ ਯਾਦਵ, ਬਹੁਜਨ ਸਮਾਜ ਪਾਰਟੀ ਦੇ ਆਗੂ ਮਾਇਆਵਤੀ, ਰਾਸ਼ਟਰੀ ਲੋਕ ਦਲ ਦੇ ਮੁਖੀ ਅਜੀਤ ਸਿੰਘ ਅਤੇ ਉਪ ਪ੍ਰਧਾਨ ਜਿਅੰਤ ਚੌਧਰੀ ਖਿਲਾਫ ਆਪਣਾ ਉਮੀਦਵਾਰ ਨਹੀਂ ਖੜ੍ਹਾ ਕੀਤਾ ਜਾਵੇਗਾ। 
 
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਾਰਾਣਸੀ ਸੀਟ ਤੋਂ ਨਰਿੰਦਰ ਮੋਦੀ ਖਿਲਾਫ ਚੋਣ ਲੜ੍ਹਨ ਦਾ ਐਲਾਨ ਦਲਿਤ ਪਾਰਟੀ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਅਜ਼ਾਦ ਵੱਲੋਂ ਕੀਤਾ ਗਿਆ ਹੈ ਤੇ ਉਨ੍ਹਾਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਮੋਦੀ ਖਿਲਾਫ ਹੋਰ ਪਾਰਟੀ ਕੋਈ ਉਮੀਦਵਾਰ ਨਾ ਖੜ੍ਹਾ ਕਰੇ। ਬੱਬਰ ਨੇ ਕਿਹਾ ਕਿ ਹਲਾਂਕਿ ਇਹ ਫੈਂਸਲਾ ਉਨ੍ਹਾਂ ਦੇ ਹੱਥ ਨਹੀਂ ਹੈ। 

ਉਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਲਈ 7 ਗੇੜ ਵਿਚ ਵੋਟਾਂ ਪੈਣਗੀਆਂ। ਭਾਜਪਾ ਵਲੋਂ ਵੀ ਉਤਰ ਪ੍ਰਦੇਸ਼ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਅੱਜ ਨਵੀਂ ਦਿੱਲੀ ਵਿਖੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਮੁੱਖ ਦਫਤਰ ਵਿਖੇ ਹੋਈ ਜਿਸ ਵਿਚ ਪਹਿਲੇ ਦੋ ਗੇੜਾਂ ਵਿਚ ਹਿਨਾਂ ਸੀਟਾਂ 'ਤੇ ਵੋਟਾਂ ਪੈਣੀਆਂ ਹਨ ਉਨ੍ਹਾਂ ਦੇ ਉਮੀਦਵਾਰਾਂ ਸਬੰਧੀ ਵਿਚਾਰ ਕੀਤਾ ਗਿਆ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਸ਼ਾਮਿਲ ਸਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ