ਨਿਊਜ਼ੀਲੈਂਡ ਦਾ ਹਮਲਾ ਮਹਿਜ਼ ਘਟਨਾ ਨਹੀਂ, ਨਸਲੀ ਨਫਰਤ ਦੀ ਬਣ ਰਹੀ ਖਤਰਨਾਕ ਮੁਹਿੰਮ ਦਾ ਹਿੱਸਾ

ਨਿਊਜ਼ੀਲੈਂਡ ਦਾ ਹਮਲਾ ਮਹਿਜ਼ ਘਟਨਾ ਨਹੀਂ, ਨਸਲੀ ਨਫਰਤ ਦੀ ਬਣ ਰਹੀ ਖਤਰਨਾਕ ਮੁਹਿੰਮ ਦਾ ਹਿੱਸਾ
ਗੋਰੇ ਨਸਲਵਾਦ ਨੂੰ ਵਧਾ ਰਹੀ ਸੰਸਥਾ ਜੇਨਰੇਸ਼ਨ ਆਇਡੈਂਟਿਟੀ ਦੇ ਇਕ ਮੁਜ਼ਾਹਰੇ ਦੀ ਤਸਵੀਰ

ਨਿਊਜ਼ੀਲੈਂਡ ਵਿਚ ਬੀਤੇ ਕੱਲ੍ਹ ਗੋਰੇ ਨਸਲਵਾਦ ਦਾ ਹਿੰਸਕ ਰੂਪ ਸਾਰੀ ਦੁਨੀਆ ਨੇ ਵੇਖਿਆ ਜਦੋਂ ਗੋਰਿਆਂ ਦੇ ਇਕ ਸਮੂਹ ਨੇ ਇਕ ਪੂਰੀ ਨੀਤੀ ਬਣਾ ਕੇ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਸਥਾਨ ਮਸਜ਼ਿਦਾਂ ‘ਤੇ ਹਮਲਾ ਕੀਤਾ। ਇਸ ਹਮਲੇ ਵਿਚ 50 ਦੇ ਕਰੀਬ ਲੋਕਾਂ ਦੀ ਮੌਤ ਹੋਈ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ। ਇਸ ਹਮਲੇ ਦਾ ਮੁੱਖ ਦੋਸ਼ੀ ਅਸਟ੍ਰੇਲੀਅਨ ਨਾਗਰਿਕ ਹੈ ਜਿਸਨੇ ਨਮਾਜ਼ ਪੜ੍ਹ ਰਹੇ ਨਮਾਜ਼ੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਹ ਕਤਲੇਆਮ ਕੀਤਾ। ਨਿਊਜ਼ੀਲੈਂਡ ਸਰਕਾਰ ਅਤੇ ਅਸਟ੍ਰੇਲੀਅਨ ਸਰਕਾਰ ਨੇ ਇਸ ਹਮਲੇ ਨੂੰ ‘ਅੱਤਵਾਦੀ ਹਮਲਾ’ ਐਲਾਨਿਆ ਹੈ। 

ਗੋਰੇ ਨਸਲਵਾਦ ਦੀ ਬਣ ਰਹੀ ਖਤਰਾਨਕ ਮੁਹਿੰਮ ਦਾ ਹਿੱਸਾ:
ਇਹ ਹਮਲਾ ਮਹਿਜ਼ ਇਕ ਘਟਨਾ ਨਹੀਂ ਬਲਕਿ ਪੱਛਮੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਯੂਰੋਪ ਅਤੇ ਹੋਰ ਮੁਲਕਾਂ ਵਿਚ ਬਦਲ ਰਹੇ ਰਾਜਨੀਤਕ ਅਤੇ ਸਮਾਜਿਕ ਹਾਲਤਾਂ ਦਾ ਇਕ ਖਤਰਨਾਕ ਚਿੰਨ੍ਹ ਹੈ। ਇਸਲਾਮ ਖਿਲਾਫ ਹੋਇਆ ਇਹ ਨਫਰਤ ਵਾਲਾ ਨਸਲੀ ਹਮਲਾ ਇਹਨਾਂ ਖੇਤਰਾਂ ਵਿਚ ਦੁਨੀਆ ਦੇ ਹੋਰ ਖੇਤਰਾਂ ਤੋਂ ਪ੍ਰਵਾਸ ਕਰਕੇ ਗਈਆਂ ਸਾਰੀਆਂ ਨਸਲਾਂ ਲਈ ਇਕ ਸੁਨੇਹਾ ਹੈ। ਪੰਜਾਬ ਤੋਂ ਪ੍ਰਵਾਸ ਕਰਕੇ ਇਹਨਾਂ ਖੇਤਰਾਂ ਵਿਚ ਗਈ ਸਿੱਖ ਕੌਮ ਲਈ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਭਵਿੱਖ ਸਬੰਧੀ ਵਿਚਾਰ ਪ੍ਰਵਾਹ ਚਲਾਉਣ ਦੀ ਜ਼ਰੂਰਤ ਹੈ। 


ਪੁਲਿਸ ਦੀ ਹਿਰਾਸਤ ਵਿਚ ਖੜ੍ਹਾ ਨਿਊਜ਼ੀਲੈਂਡ ਹਮਲੇ ਦਾ ਹਮਲਾਵਰ

ਜੇ ਅਸੀਂ ਕਰਾਈਸਟਚਰਚ ਸ਼ਹਿਰ ਦੀਆਂ ਮਸਜਿਦਾਂ ‘ਤੇ ਹੋਏ ਹਮਲੇ ਨੂੰ ਘੋਖੀਏ ਤਾਂ ਨਜ਼ਰ ਪੈਂਦਾ ਹੈ ਕਿ ਹਮਲਾਵਰਾਂ ਨੇ ਸ਼ੁਕਰਵਾਰ ਦੇ ਦਿਨ ਨੂੰ ਚੁਣਿਆ ਜਦੋਂ ਮੁਸਲਿਮ ਪਰੰਪਰਾ ਮੁਤਾਬਿਕ ਸਭ ਤੋਂ ਵੱਧ ਲੋਕ ਮਸਜਿਦ ਵਿਚ ਨਮਾਜ਼ ਪੜ੍ਹਨ ਜਾਂਦੇ ਹਨ। ਦੂਜਾ ਅਸਟ੍ਰੇਲੀਆ ਨਾਲ ਸਬੰਧਿਤ ਹਮਲਾਵਰ ਨੇ ਨਿਊਜ਼ੀਲੈਂਡ ਦੇ ਖਿੱਤੇ ਨੂੰ ਹਮਲੇ ਦੀ ਥਾਂ ਲਈ ਚੁਣਿਆ ਕਿਉਂਕਿ ਨਿਊਜ਼ੀਲੈਂਡ ਨੂੰ ਇਕ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ ਜਿਸ ਕਾਰਨ ਉੱਥੇ ਸੁਰੱਖਿਆ ਪ੍ਰਣਾਲੀ ਦੀ ਸ਼ਾਇਦ ਉਸ ਤਰ੍ਹਾਂ ਦੀ ਚੌਕਸੀ ਨਾ ਹੋਵੇ ਜਿਵੇਂ ਦੀ ਉਨ੍ਹਾਂ ਮੁਲਕਾਂ ਵਿਚ ਹੁੰਦੀ ਹੈ ਜਿੱਥੇ ਅਜਿਹੇ ਹਮਲੇ ਹੋਣ ਦਾ ਖਦਸ਼ਾ ਹੋਵੇ। ਇਹਨਾਂ ਤੱਥਾਂ ਤੋਂ ਦੋ ਗੱਲਾਂ ਸਾਫ ਹੁੰਦੀਆਂ ਹਨ ਕਿ ਇਹ ਇਕ ਮੁਲਕ ਨਾਲ ਸਬੰਧਿਤ ਮਾਮਲਾ ਨਹੀਂ ਬਲਕਿ ਮੁਲਕਾਂ ਦੀਆਂ ਹੱਦਾਂ ਤੋਂ ਅਗਾਂਹ ਜਾ ਕੇ ਪੈਦਾ ਹੋ ਰਹੀ ਇਕ ਵੱਡੀ ਅਤੇ ਖਤਰਨਾਕ ਸਮੱਸਿਆ ਹੈ। ਦੂਜਾ ਇਹ ਕਿ ਹਮਲਾਵਰ ਵੱਧ ਤੋਂ ਵੱਧ ਜਾਨਾਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ ਜਿਸ ਨਾਲ ਪੀੜਤ ਭਾਈਚਾਰੇ ਵਿਚ ਵੱਧ ਤੋਂ ਵੱਧ ਦਹਿਸ਼ਤ ਫੈਲ ਸਕੇ। 
ਗੋਰੇ ਨਸਲਵਾਦ ਦੀ ਵੱਧ ਰਹੀ ਸਮੱਸਿਆਂ ਦੀਆਂ ਜੜ੍ਹਾਂ:
ਮੈਂ ਤੁਹਾਡਾ ਧਿਆਨ ਹੁਣ ਇਸ ਸਮੱਸਿਆ ਦੀਆਂ ਜੜ੍ਹਾਂ ਵੱਲ ਲਿਜਾਣਾ ਚਾਹੁੰਦਾ ਹਾਂ ਜੋ ਸ਼ਾਇਦ ਤੁਹਾਡੇ ਅੰਦਰ ਨੂੰ ਹਿਲਾ ਦੇਵੇ। ਗੋਰੇ ਨਸਲਵਾਦ ਦਾ ਯੂਰੋਪ ਅਤੇ ਯੂਰਪੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਹੋਰ ਮੁਲਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜੋ ਪਿਛਲੇ ਕੁੱਝ ਸਾਲਾਂ ਤੋਂ ਥੋੜਾ-ਥੋੜਾ ਹਿੰਸਕ ਰੂਪ ਧਾਰਨਾ ਸ਼ੁਰੂ ਕਰ ਚੁੱਕਿਆ ਸੀ। ਯੂਰੋਪ ਦੀ ਰਾਜਨੀਤੀ ਵਿਚ ਗੋਰੇ ਨਸਲਵਾਦ ਦੀਆਂ ਹਾਮੀ ਧਿਰਾਂ ਲਗਾਤਾਰ ਸਥਾਪਿਤ ਹੋ ਰਹੀਆਂ ਹਨ ਅਤੇ ਸੱਤਾ ‘ਤੇ ਕਾਬਜ਼ ਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਗੋਰੇ ਨਸਲਵਾਦ ਦੀ ਮਜ਼ਬੂਤੀ ਵਾਲੀ ਇਸ ਰਾਜਨੀਤੀ ਦਾ ਮੁੱਖ ਮੁੱਦਾ ਪ੍ਰਵਾਸੀਆਂ ਖਿਲਾਫ ਨਫਰਤ ਪੈਦਾ ਕਰਨੀ ਅਤੇ ਆਪਣੀ ਪਛਾਣ ਨੂੰ ਬਚਾਉਣਾ ਹੈ। ਇਹ ਧਿਰਾਂ ਪ੍ਰਵਾਸੀਆਂ ਨੂੰ ਯੂਰੋਪ ਵਿਚ ਵੱਧ ਰਹੀ ਇਕ ਖਤਰਨਾਕ ਬਿਮਾਰੀ ਵਾਂਗ ਪੇਸ਼ ਕਰ ਰਹੀਆਂ ਹਨ ਤੇ ਪ੍ਰਵਾਸੀਆਂ ਤੋਂ ਮੁਕਤ ਯੂਰਪ ਬਣਾਉਣ ਦਾ ਨਾਅਰਾ ਦੇ ਕੇ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਹਨ। ਇਸ ਸਾਰੇ ਪ੍ਰਚਾਰ ਦਾ ਮੁੱਖ ਧੁਰਾ ਇਸਲਾਮ ਖਿਲਾਫ ਨਫਰਤ ਨੂੰ ਬਣਾਇਆ ਜਾ ਰਿਹਾ ਹੈ। ਫਰਾਂਸ, ਇਟਲੀ, ਸਵੀਡਨ, ਜਰਮਨੀ, ਹੰਗਰੀ ਆਦਿ ਯੂਰੋਪੀਅਨ ਮੁਲਕਾਂ ਵਿਚ ਗੋਰੇ ਨਸਲਵਾਦ ਦੀ ਇਹ ਰਾਜਨੀਤੀ ਕਾਫੀ ਹੱਦ ਤੱਕ ਸਾਂਝੀ ਕਿਸਮ ਅਤੇ ਕੁਝ ਹੱਦ ਤਕ ਵੱਖੋ-ਵੱਖਰੇ ਰੂਪ ਵਿਚ ਹਾਵੀ ਹੋ ਰਹੀ ਹੈ। 


ਹਮਲੇ ਤੋਂ ਬਾਅਦ ਲਹੂ ਦੇ ਨਿਸ਼ਾਨ

ਪੱਛਮੀ ਸੱਭਿਅਤਾ ਵੱਲੋਂ ਬਸਤੀਵਾਦੀ ਰਾਜ ਨਾਲ ਦੁਨੀਆ ਦੀਆਂ ਬਾਕੀ ਸੱਭਿਅਤਾਵਾਂ ਦੇ ਸਰੋਤਾਂ ਦੀ ਕੀਤੀ ਲੁੱਟ ਕਾਰਨ ਬਣੇ ਆਰਥਿਕ ਅਤੇ ਰਾਜਸੀ ਹਾਲਤਾਂ ਦੀ ਉਪਜ ਵਿਚੋਂ ਅਫਰੀਕਾ, ਏਸ਼ੀਆ ਅਤੇ ਅਰਬ ਦੀਆਂ ਸੱਭਿਅਤਾਵਾਂ ਦੇ ਲੋਕ ਯੂਰੋਪ ਅਤੇ ਪੱਛਮੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਖਿੱਤਿਆਂ ਵੱਲ ਪ੍ਰਵਾਸ ਕਰਨ ਲਈ ਮਜ਼ਬੂਰ ਹੋਏ। ਇਹਨਾਂ ਪ੍ਰਵਾਸੀ ਲੋਕਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਖੁਦ ਨੂੰ ਉੱਥੇ ਸਥਾਪਿਤ ਕੀਤਾ। ਪਰ ਹੁਣ ਇਹਨਾਂ ਖਿੱਤਿਆਂ ਵਿਚ ਇਕ ਧਿਰ ਅਜਿਹੀ ਖੜ੍ਹੀ ਹੋ ਰਹੀ ਹੈ ਜੋ ਪ੍ਰਵਾਸ ਨੂੰ ਘੁਸਪੈਠ ਦੇ ਤੌਰ ‘ਤੇ ਪੇਸ਼ ਕਰਕੇ ਪੱਛਮੀ ਸੱਭਿਅਤਾ ਲਈ ਇਸਨੂੰ ਇੱਕ ਵੱਡਾ ਖਤਰਾ ਦੱਸ ਰਹੀ ਹੈ। 

ਗੋਰੇ ਨਸਲਵਾਦ ਵਾਲਾ ਇਹ ਵਿਚਾਰ ਕਈ ਸਾਲ ਪਹਿਲਾਂ ਤੋਂ ਸੁਲਘਣਾ ਸ਼ੁਰੂ ਹੋ ਗਿਆ ਸੀ ਜਿਸ ਨੂੰ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ ‘ਤੇ ਹੋਏ ਹਮਲੇ ਨਾਲ ਇਕ ਦਮ ਹਵਾ ਮਿਲੀ ਤੇ ਜੋ ਹੁਣ ਭਾਂਬੜ ਬਣਦਾ ਜਾ ਰਿਹਾ ਹੈ। ਅਮਰੀਕਾ ਅਤੇ ਯੂਰੋਪ ਦੇ ਖੇਤਰਾਂ ਵਿਚ ਗਲੀਆਂ, ਸੜਕਾਂ ‘ਤੇ ਮੁਸਲਮਾਨਾਂ, ਅਫਰੀਕਨਾਂ, ਏਸ਼ੀਅਨਾਂ ਅਤੇ ਸਿੱਖਾਂ ਖਿਲਾਫ ਨਸਲੀ ਹਮਲੇ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਪਰ ਹੁਣ ਇਹ ਘਟਨਾਵਾਂ ਅੱਤਵਾਦੀ ਹਮਲਿਆਂ ਦਾ ਰੂਪ ਲੈਣ ਲੱਗੀਆਂ ਹਨ। ਅਮਰੀਕਾ ਦੇ ਵਿਸਕੋਨਸਿਨ ਵਿਚ ਸਿੱਖ ਗੁਰਦੁਆਰਾ ਸਾਹਿਬ ‘ਤੇ ਹੋਇਆ ਹਮਲਾ ਅਤੇ ਨਿਊਜ਼ੀਲੈਂਡ ਵਿਚ ਮਸਜਿਦਾਂ ‘ਤੇ ਹੋਇਆ ਹਮਲਾ ਇਕੋ ਜਿਹੇ ਮਾਹੌਲ ਦੀ ਹੀ ਉਪਜ ਹਨ। ਕੌਮਾਂਤਰੀ ਪੱਧਰ ‘ਤੇ ਨਾਮੀਂ ਮੀਡੀਆ ਅਦਾਰੇ ਅਲ ਜਜ਼ੀਰਾ ਵੱਲੋਂ ਦਸੰਬਰ 2018 ਵਿਚ ਇਕ ਦਸਤਾਵੇਜੀ “ਜੇਨਰੇਸ਼ਨ ਹੇਟ” ਜਾਰੀ ਕੀਤੀ ਗਈ ਸੀ ਜੋ ਫਰਾਂਸ ਵਿਚ ਅਜਿਹੀ ਹੀ ਨਸਲੀ ਵਿਚਾਰਧਾਰਾ ਨੂੰ ਹਵਾ ਦੇ ਰਹੇ ਇਕ ਸੰਗਠਨ “ਜੇਨਰੇਸ਼ਨ ਆਇਡੈਂਟਿਟੀ” ਦੀ ਖੂਫੀਆ ਤਫਤੀਸ਼ ‘ਤੇ ਅਧਾਰਿਤ ਸੀ। ਇਸ ਦਸਤਾਵੇਜੀ ਵਿਚ ਇਸ ਸੰਗਠਨ ਦੇ ਲੋਕ ਅਜਿਹੇ ਹਮਲੇ ਕਰਨ ਦੀਆਂ ਗੱਲਾਂ ਕਰਦੇ ਦਿਖ ਰਹੇ ਸਨ ਜਿਹੋ ਜਿਹਾ ਬੀਤੇ ਕੱਲ੍ਹ ਨਿਊਜ਼ੀਲੈਂਡ ਵਿਚ ਸਾਰੀ ਦੁਨੀਆ ਨੇ ਵੇਖਿਆ। 


ਵਿਸਕੋਨਸਿਨ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਬਾਅਦ ਦੁੱਖ ਸਾਂਝਾ ਕਰਦੀਆਂ ਸਿੱਖ ਬੀਬੀਆਂ

ਸਿੱਖਾਂ ਨੂੰ ਇਸ ਘਟਨਾ ਸਬੰਧੀ ਗੰਭੀਰ ਵਿਚਾਰ ਕਰਨ ਦੀ ਲੋੜ ਕਿਉਂ?
ਏਸ਼ੀਆ ਦੇ ਪੰਜਾਬ ਖਿੱਤੇ ਵਿਚ ਇਕ ਵੱਖਰੀ ਸੱਭਿਅਤਾ ਦੇ ਤੌਰ ‘ਤੇ ਵਿਕਸਤ ਹੋਈ ਸਿੱਖ ਕੌਮ ਲਈ ਇਹ ਹਮਲਾ ਕੋਈ ਆਮ ਘਟਨਾ ਨਹੀਂ ਹੈ। ਸਿੱਖ ਕੌਮ ਇਕ ਨਿਵੇਕਲੀ ਪਛਾਣ ਦੀ ਧਾਰਨੀ ਕੌਮ ਹੈ ਜੋ ਆਪਣੇ ਕੌਮੀ ਘਰ ਦੀ ਅਣਹੌਂਦ ਕਾਰਨ ਅਤੇ ਮਿਹਨਤੀ ਸੁਭਾਅ ਕਾਰਨ ਲੰਬੇ ਸਮੇਂ ਤੋਂ ਨਵੇਂ ਮੌਕਿਆਂ ਨੂੰ ਭਾਲਦੀ ਪ੍ਰਵਾਸ ਦੇ ਰਾਹ ਪਈ ਹੈ। ਪਰ ਸਮੇਂ ਵਿਚ ਤਬਦੀਲੀਆਂ ਨਾਲ ਪ੍ਰਵਾਸ ਦੀ ਕਿਸਮ ਵਿਚ ਵੀ ਤਬਦੀਲੀਆਂ ਆਈਆਂ ਹਨ। ਜਿੱਥੇ ਪਹਿਲਾਂ ਸਿੱਖ ਪ੍ਰਵਾਸ ਨਾਲ ਸਿੱਖ ਕੌਮ ਦਾ ਆਪਣੀ ਮੂਲ ਧਰਤੀ ਪੰਜਾਬ ਨਾਲੋਂ ਨਾਤਾ ਨਹੀਂ ਖੁਰ ਰਿਹਾ ਸੀ ਪਰ ਪਿਛਲੇ ਕੁੱਝ ਦਹਾਕਿਆਂ ਤੋਂ ਜਿਸ ਤਰ੍ਹਾਂ ਦਾ ਪ੍ਰਵਾਸ ਸਿੱਖ ਕੌਮ ਕਰ ਰਹੀ ਹੈ ਉਸ ਨਾਲ ਉਸਦਾ ਆਪਣੀ ਮੂਲ ਧਰਤੀ ਤੋਂ ਰਿਸ਼ਤਾ ਖੁਰ ਰਿਹਾ ਹੈ। ਪਿਛਲੇ ਕੁੱਝ ਸਾਲਾਂ ਵਿਚ ਤਾਂ ਸਿੱਖ ਕੌਮ ਨਾਲ ਸਬੰਧਿਤ ਪਰਿਵਾਰਾਂ ਦੇ ਪਰਿਵਾਰ ਸਮੁੱਚੇ ਰੂਪ ਵਿਚ ਪ੍ਰਵਾਸ ਕਰ ਰਹੇ ਹਨ ਅਤੇ ਪੰਜਾਬ ਵਿਚ ਆਪਣੀਆਂ ਜ਼ਾਇਦਾਦਾਂ ਨੂੰ ਵੇਚ ਕੇ ਵਿਦੇਸ਼ਾਂ ਵਿਚ ਪੁੰਜੀ ਨਿਵੇਸ਼ ਕਰ ਰਹੇ ਹਨ। ਪੱਛਮੀ ਸੱਭਿਅਤਾ ਵਾਲੇ ਮੁਲਕਾਂ ਵਿਚ ਜਿੱਥੇ ਸਿੱਖ ਕੌਮ ਨੇ ਜ਼ਿਆਦਾ ਪ੍ਰਵਾਸ ਕੀਤਾ ਹੈ, ਉੱਥੇ ਵੱਧ ਰਿਹਾ ਨਸਲਵਾਦ ਜੇ ਕੋਈ ਖਤਰਨਾਕ ਹਾਲਾਤਾਂ ਵਿਚ ਤਬਦੀਲ ਹੁੰਦਾ ਹੈ ਤਾਂ ਸਿੱਖ ਕੌਮ ਲਈ ਹਾਲਾਤ ਬਦਤਰ ਬਣ ਸਕਦੇ ਹਨ। ਅਜਿਹੇ ਵਿਚ ਸਿੱਖ ਬੁੱਧੀਜੀਵੀਆਂ ਅਤੇ ਆਗੂਆਂ ਨੂੰ ਕੌਮੀ ਭਵਿੱਖ ਦੇ ਇਸ ਅਹਿਮ ਮਸਲੇ ਬਾਰੇ ਗੰਭੀਰ ਵਿਚਾਰ ਚਰਚਾ ਦਾ ਦੌਰ ਸ਼ੁਰੂ ਕਰਨਾ ਚਾਹੀਦਾ ਹੈ। 

ਸੁਖਵਿੰਦਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ