ਗ੍ਰੰਥੀ ਸਮੇਤ ਦੋ ਦੋਸ਼ੀ ਨਾਮਜ਼ਦ,ਪਿੰਡ ਵਾਲੇ ਅਕਾਲ ਤਖਤ ਸਾਹਿਬ ਅਗੇ ਪੇਸ਼

ਗ੍ਰੰਥੀ ਸਮੇਤ ਦੋ ਦੋਸ਼ੀ ਨਾਮਜ਼ਦ,ਪਿੰਡ ਵਾਲੇ ਅਕਾਲ ਤਖਤ ਸਾਹਿਬ ਅਗੇ ਪੇਸ਼

ਮਾਮਲਾ ਪਿੰਡ ਮੋਹਲਗੜ੍ਹ ਬੇਅਦਬੀ  ਦਾ 

ਅਕਾਲ ਤਖਤ ਸਾਹਿਬ ਵਲੋਂ  ਇੱਕੋ ਪਿੰਡ ਦੇ ਇਕੱਠੇ 70 ਲੋਕਾਂ ਨੂੰ ਮਿਲੀ ਸਜ਼ਾ

ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਹੀਆਂ ਨੇ ਬੇਅਦਬੀ ਦੀਆਂ ਘਟਨਾਵਾਂ-ਧਾਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ : ਬੀਤੇ ਵੀਰਵਾਰ ਦੇਰ ਸ਼ਾਮ ਹਲਕਾ ਸਨੌਰ ਦੇ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਸਬੰਧ ਵਿਚ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਮੇਤ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮਾਮਲੇ ਵਿਚ ਨਾਮਜ਼ਦ ਕੀਤੇ ਮੁਲਜ਼ਮ ਪਿੰਡ ਦੇ ਹੀ ਇਕ ਨੌਜਵਾਨ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਕੋਰਟ ਵਿਚ ਪੇਸ਼ ਕਰਨ ਉਪਰੰਤ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਵਾਰਦਾਤ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ’ਤੇ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ।ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਮੋਹਲਗੜ੍ਹ ਦੇ ਗੁਰਸਾਹਿਬ ਸਿੰਘ ਨੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਲਵੀਰ ਸਿੰਘ ਵਾਸੀ ਸਨੌਰ ਦੇ ਖ਼ਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸਿਕਾਇਤ ਵਿਚ ਦੱਸਿਆ ਗਿਆ ਹੈ ਕਿ ਘਟਨਾ ਦਾ ਪਤਾ ਲੱਗਣ ’ਤੇ ਦੇਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਖਿੱਲਰੇ ਪਏ ਸਨ ਅਤੇ ਪਾਲਕੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਗਾਈ ਗਈ ਸੀ ਅਤੇ ਸੀਸੀਟੀਵੀ ਕੈਮਰਿਆਂ ਵਿਚ ਦੇਖਿਆ ਗਿਆ ਕਿ ਉਕਤ ਵਾਰਦਾਤ ਕਾਬੂ ਕੀਤੇ ਮੁਲਜ਼ਮ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ ਅਤੇ ਗ੍ਰੰਥੀ ਸਿੰਘ ਦੀ ਅਣਗਹਿਲੀ ਨਾਲ ਇਹ ਘਟਨਾ ਵਾਪਰੀ ਹੈ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਹਰਿੰਦਪਾਲ ਸਿੰਘ ਚੰਦੂਮਾਜਰਾ ਸਮੇਤ ਹੋਰਨਾਂ ਨੇਤਾਵਾਂ ਨੇ ਘਟਨਾ ਦੀ ਨਿੰਦਿਆ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਾਰਾ ਨੇ ਆਖਿਆ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਚਾਰਾਜੋਈ ਕੀਤੀ ਜਾਵੇਗੀ ਤਾਂਕਿ ਅੱਗੇ ਤੋਂ ਕੋਈ ਵਿਅਕਤੀ ਅਜਿਹਾ ਘਟੀਆ ਕੰਮ ਨਾ ਕਰ ਸਕੇ.

ਪਿੰਡ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਅੱਗੇ ਭੁਲ ਬਖਸ਼ਾਈ

 ਪਟਿਆਲਾ ਦੇ ਪਿੰਡ ਮੋਹਲਗੜ੍ਹ ਵਾਸੀ ਹਰਪ੍ਰੀਤ ਸਿੰਘ (25) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਪਿੰਡ ਦੇ 70 ਲੋਕਾਂ ਨੂੰ ਇਕੱਠੇ ਧਾਰਮਿਕ ਸਜ਼ਾ ਸੁਣਾਈ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਇਸ ਘਟਨਾ ਲਈ ਸਾਰੇ ਪਿੰਡ ਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਗਿਆ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਇੱਥੇ ਪੰਜ ਪਿਆਰਿਆਂ ਨੇ ਮਿਲ ਕੇ 70 ਪਿੰਡ ਵਾਸੀਆਂ ਨੂੰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਪੰਜ ਦਿਨਾਂ ਤੱਕ ਹਰ ਰੋਜ਼ ਤਿੰਨ ਘੰਟੇ ਝਾੜੂ ਲਗਾਉਣ ਤੇ ਸੰਗਤ ਦੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ ਹੈ। ਜਿਨ੍ਹਾਂ ਨੂੰ ਇਹ ਸਜ਼ਾ ਲਗਾਈ ਗਈ ਹੈ ਉਨ੍ਹਾਂ ਵਿਚ 75 ਸਾਲਾ ਬਲਕਾਰ ਸਿੰਘ, 60 ਸਾਲਾ ਸਾਹਿਬ ਸਿੰਘ ਤੇ ਕੇਵਲ 20 ਸਾਲਾ ਸਾਹਿਬਬੀਰ ਸਿੰਘ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਕਿ ਕਿਸੇ ਪਿੰਡ ਦੇ ਸਾਰੇ ਪ੍ਰਮੁੱਖ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਤਰ੍ਹਾਂ ਸਜ਼ਾ ਦਿੱਤੀ ਗਈ ਹੋਵੇ।

ਪਿੰਡ ਵਾਸੀਆਂ ਸਾਹਿਬਬੀਰ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਜੋਗਾ ਸਿੰਘ ਬਾਜਵਾ, ਜਸਮੇਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੇ ਸਾਰਿਆਂ ਨੂੰ ਗੁਨਾਹਗਾਰ ਬਣਾ ਦਿੱਤਾ ਹੈ ਤੇ ਸਾਰੇ ਪਿੰਡ ਵਾਸੀ ਉਸ ਦੀਆਂ ਹਰਕਤਾਂ ਤੋਂ ਸ਼ਰਮਿੰਦਾ ਹਨ। ਉਨ੍ਹਾਂ ਦੱਸਿਆ ਕਿ ਬੀਤੀ 19 ਅਕਤੂਬਰ ਨੂੰ ਦੁਪਹਿਰ 1.30 ਵਜੇ ਹਰਪ੍ਰੀਤ ਸਿੰਘ ਨੇ ਗੁਰਦੁਆਰੇ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਣੇ ਸ਼ੁਰੂ ਕਰ ਦਿੱਤੇ। ਹਰਪ੍ਰੀਤ ਨੇ ਇਕ ਅੰਗ (ਪੰਨਾ) ਅਗਨ ਭੇਟ ਕਰ ਦਿੱਤਾ। ਪਾਠੀ ਦੀ ਗ਼ੈਰ-ਮੌਜੂਦਗੀ ਵਿਚ ਜਦੋਂ ਇਕ ਔਰਤ ਨੇ ਰੌਲ਼ਾ ਪਾਇਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਪਰ ਉਦੋਂ ਤੱਕ ਪਵਿੱਤਰ ਸਰੂਪ ਦੀ ਬੇਅਦਬੀ ਹੋ ਚੁੱਕੀ ਸੀ

ਸ੍ਰੋਮਣੀ ਕਮੇਟੀ ਵਲੋਂ ਬੇਅਦਬੀ ਦੁ ਨਿਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਜੀਵਨ ਦਾ ਰਾਹ ਦਰਸਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹਨ, ਜਿਸ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪਿੰਡ ਮੋਹਲਗੜ੍ਹ ’ਚ ਬੇਅਦਬੀ ਕਰਨ ਵਾਲੇ ਨੂੰ ਜਿਥੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਸ ਘਟਨਾ ਪਿੱਛੇ ਕਾਰਜਸ਼ੀਲ ਸ਼ਕਤੀਆਂ ਕਿਹੜੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਇਤਰਾਜ਼ ਵੀ ਜਿਤਾਇਆ ਕਿ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕੰਮ ਕਰਦੇ ਲੋਕਾਂ ਨੂੰ ਬੇਪਰਦਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਇਹ ਬੇਹੱਦ ਸੰਜੀਦਾ ਮਾਮਲਾ ਹੈ, ਜਿਸ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਪਟਿਆਲਾ ਦੇ ਪਿੰਡ ਮੋਹਲਗੜ੍ਹ ਦੀ ਘਟਨਾ ਸਬੰਧੀ ਇਮਾਨਦਾਰਾਨਾ ਪਹੁੰਚ ਅਪਣਾਵੇ ਅਤੇ ਫੜ੍ਹੇ ਗਏ ਦੋਸ਼ੀ ਨੂੰ ਕਰੜੀ ਸਜ਼ਾ ਦਿਵਾਉਣ ਦੇ ਨਾਲ-ਨਾਲ ਅਜਿਹੇ ਲੋਕਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦਾ ਪਤਾ ਲਗਾਵੇ।