ਦਿੱਲੀ 'ਚ ਪਹਿਲਵਾਨਾਂ ਦੀ ਹੜਤਾਲ 16ਵੇਂ ਦਿਨ ਵੀ ਜਾਰੀ

ਦਿੱਲੀ 'ਚ ਪਹਿਲਵਾਨਾਂ ਦੀ ਹੜਤਾਲ 16ਵੇਂ ਦਿਨ ਵੀ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 8 ਮਈ (ਮਨਪ੍ਰੀਤ ਸਿੰਘ ਖਾਲਸਾ):- ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ 16ਵੇ ਦਿਨ ਵੀਂ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਖਾਪ ਨਾਲ ਜੁੜੇ ਲੋਕ ਵੀ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਜੰਤਰ-ਮੰਤਰ ਪਹੁੰਚ ਰਹੇ ਹਨ । ਜੰਤਰ-ਮੰਤਰ ਵਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਬੈਰੀਕੇਡ ਲਗਾਏ ਗਏ ਸਨ ਪਰ ਕਿਸਾਨਾਂ ਨੇ ਉਨ੍ਹਾਂ ਦੀ ਪਰਵਾਹ ਨਾ ਕਰਦਿਆਂ ਰੁਕਾਵਟਾਂ ਹਟਾਂਦੇ ਹੋਏ ਜੰਤਰ ਮੰਤਰ ਤੇ ਪਹੁੰਚਣ ਵਿਚ ਕਾਮਯਾਬੀ ਪ੍ਰਾਪਤ ਕੀਤੀ ।

ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ 31 ਮੈਂਬਰੀ ਸਲਾਹਕਾਰ ਕਮੇਟੀ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ 21 ਮਈ ਤੱਕ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐੱਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਕੁਝ ਅਹਿਮ ਫੈਸਲੇ ਲਵੇਗੀ। ਇਸ ਅੰਦੋਲਨ ਦੇ ਮੱਦੇਨਜ਼ਰ ਪੁਲਿਸ ਨੇ ਦਿੱਲੀ ਦੇ ਸਮੂਹ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਧਰਨੇ ’ਤੇ ਬੈਠੇ ਪਹਿਲਵਾਨਾਂ ਨੇ ਕੱਲ੍ਹ ਜੰਤਰ-ਮੰਤਰ ’ਤੇ ਕੈਂਡਲ ਮਾਰਚ ਕੱਢਿਆ ਤੇ ਉਨ੍ਹਾਂ ਨੇ ਬ੍ਰਿਜਭੂਸ਼ਣ 'ਤੇ ਕਾਰਵਾਈ ਦੀ ਮੰਗ ਨੂੰ ਦੁਹਰਾਇਆ ਸੀ ।

ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਇੱਥੇ ਰਾਜਨੀਤੀ ਕਰਨ ਨਹੀਂ ਆਏ, ਅਸੀਂ ਇਨਸਾਫ਼ ਲੈਣ ਆਏ ਹਾਂ।  ਜੋ ਲੋਕ ਧਰਨੇ ਵਿੱਚ ਸ਼ਾਮਲ ਹੋਣ ਦੇ ਇੱਛੁਕ ਹਨ, ਉਨ੍ਹਾਂ ਦਾ ਸਵਾਗਤ ਹੈ, ਕਿਸੇ ਨੇ ਵੀ ਸਾਡੇ ਵਿਰੋਧ ਨੂੰ ਹਾਈਜੈਕ ਨਹੀਂ ਕੀਤਾ, ਸਗੋਂ ਅਸੀਂ ਵਿਰੋਧ ਲਈ ਲੜ ਰਹੇ ਹਾਂ।