ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਗੁਰਮਤਿ ਸਮਾਗਮ ਆਯੋਜਿਤ

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਗੁਰਮਤਿ ਸਮਾਗਮ ਆਯੋਜਿਤ

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਗੁਰਮਤਿ ਸਮਾਗਮ ਆਯੋਜਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 8 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਹੈ ਕਿ ਮੌਜੂਦਾ ਸਮੇਂ ਵਿਚ ਕੌਮ ਦੀ ਚੜ੍ਹਦੀਕਲਾ ਵਾਸਤੇ ਕਲਮ ਦੇ ਧਾਰਨੀ ਬਣਨ ਦੀ ਜ਼ਰੂਰਤ ਹੈ।

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੁਰੂਕਸ਼ੇਤਰ ਵਿਖੇ ਸਮਾਗਮ ਨੁੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਲਵਾਰ ਦੇ ਸਿਰ ’ਤੇ ਸਿੱਖ ਰਾਜ ਸਥਾਪਿਤ ਕੀਤਾ ਪਰ ਮੌਜੂਦਾ ਸਮਾਂ ਕਲਮ ਚੁੱਕਣ ਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਦਾਨ ਕਰਨ ਤੇ ਉਹਨਾਂ ਨੂੰ ਆਈ ਏ ਐਸ, ਆਈ ਪੀ ਐਸ, ਫੌਜ ਦੇ ਸਿਖ਼ਰਲੇ ਅਹੁਦਿਆਂ ਸਮੇਤ ਹੋਰ ਉੱਚ ਅਹੁਦਿਆਂ ’ਤੇ ਪਹੁੰਚਣ ਦੇ ਕਾਬਲ ਬਣਾਉਣ। ਉਹਨਾਂ ਕਿਹਾ ਕਿ ਮੌਜੂਦਾ ਸਮਾਂ ਸਿਖ਼ਰਲੇ ਅਹੁਦਿਆਂ ’ਤੇ ਸਿੱਖਾਂ ਦੀ ਗਿਣਤੀ ਵੱਧ ਤੋਂ ਵੱਧ ਵਧਾਉਣ ਦਾ ਸਮਾਂ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੀਆਂ ਸਮੁੱਚੀਆਂ ਸੰਸਥਾਵਾਂ ਨੂੰ ਵੀ ਆਪਣੇ ਸਰੋਤ ਕੌਮ ਦੇ ਉਹਨਾਂ ਲਾਇਕ ਬੱਚਿਆਂ ’ਤੇ ਖਰਚ ਕਰਨੇ ਚਾਹੀਦੇ ਹਨ ਜੋ ਦੇਸ਼ ਵਿਚ ਸਿਖ਼ਰਲੇ ਅਹੁਦਿਆਂ ’ਤੇ ਉਹਨਾਂ ਨੂੰ ਬਿਠਾ ਸਕਣ। ਉਹਨਾਂ ਕਿਹਾ ਕਿ ਇਸੇ ਵਿਚ ਹੀ ਕੌਮ ਦੀ ਚੜ੍ਹਦੀਕਲਾ ਹੈ।

ਸਿੱਖ ਇਤਿਹਾਸ ਦੀ ਗੱਲ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਵਿਚ ਮੋਰੀ ਗੇਟ ਤੇ ਤੀਸ ਹਜ਼ਾਰੀ ਕੋਰਟ ਦਾ ਤਾਂ ਸਭ ਨੂੰ ਪਤਾ ਹੈ ਪਰ ਇਸਦੇ ਇਤਿਹਾਸ ਦਾ ਸਿੱਖਾਂ ਨਾਲ ਕੀ ਸੰਬੰਧ ਹੈ, ਇਸ ਕਿਸੇ ਨੂੰ ਨਹੀਂ ਪਤਾ ਸੀ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਉਪਰਾਲਿਆਂ ਦੀ ਬਦੌਲਤ ਹੁਣ ਲੋਕਾਂ ਨੂੰ ਪਤਾ ਲੱਗਾ ਹੈ ਕਿ ਮੋਰੀ ਗੇਟ ਦਾ ਇਤਿਹਾਸ ਤੇ ਤੀਸ ਹਜ਼ਾਰੀ ਕੋਰਟ ਦਾ ਇਤਿਹਾਸ ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਨਾਲ ਜੁੜਿਆ ਹੈ ਜਿਹਨਾਂ ਨੇ ਹਿੰਦੋਸਤਾਨ ’ਤੇ ਕਹਿਰ ਢਾਹੁਣ ਵਾਲੀ ਮੁਗਲ ਹਕੂਮਤ ਨੂੰ ਨਾ ਸਿਰਫ ਹਰਾਇਆ ਬਲਕਿ ਉਸੇ ਲਾਲ ਕਿਲ੍ਹੇ ’ਤੇ ਕੇਸਰੀ ਪਰਚਮ ਲਹਿਰਾਇਆ ਜਿਸ ਤੋਂ ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹਨਾਂ ਮਹਾਨ ਜਰਨੈਲਾਂ ਨੇ ਉਹ ਮੁਗਲ ਤਖਤ ਓ ਤਾਊਸ ਨੂੰ ਪੁੱਟ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ ਵਿਚ ਲਿਆ ਸੁੱਟਿਆ ਤੇ ਅੱਜ ਵੀ ਉਹ ਮੁਗਲ ਤਖਤ ਬੁੱਗਾ ਰਾਮਗੜ੍ਹੀਆ ਵਿਚ ਮੌਜੂਦ ਹੈ।

ਉਹਨਾਂ ਕਿਹਾ ਕਿ ਸਾਨੂੰ ਆਪਣੇ ਸ਼ਾਨਦਾਰ ਇਤਿਹਾਸ ਨੂੰ ਸੰਭਾਲਣ ਤੇ ਇਸਨੂੰ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਹੀ ਸਿੱਖ ਕੌਮ ਦੀ ਚੜ੍ਹਦੀਕਲਾ ਸੰਭਵ ਹੈ। ਉਹਨਾਂ ਕਿਹਾ ਕਿ ਕੌਮ ਨੂੰ ਇਕਜੁੱਟ ਹੋਕੇ ਆਪਣੇ ਇਤਿਹਾਸ ਨੂੰ ਸੰਭਾਲਣ ਦਾ ਹੰਭਲਾ ਮਾਰਨਾ ਚਾਹੀਦਾ ਹੈ।

ਉਹਨਾਂ ਇਸ ਮੌਕੇ ਪ੍ਰਿਤਪਾਲ ਸਿੰਘ, ਗੁਰਭੇਜ ਸਿੰਘ ਤੇ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ ਜਿਹਨਾਂ ਨੇ ਇਹ ਪ੍ਰੋਗਰਾਮ ਆਯੋਜਿਤ ਕਰਨ ਦਾ ਪਰਾਲਾ ਕੀਤਾ ਅਤੇ ਕਿਹਾ ਕਿ ਪੰਡਾਲ ਵਿਚ ਠਾਠਾਂ ਮਾਰਦਾ ਇਕੱਠ ਉਸ ਮਹਾਨ ਜਰਨੈਲ ਪ੍ਰਤੀ ਪਿਆਰ ਤੇ ਸਤਿਕਾਰ ਦਾ ਸਬੂਤ ਹੈ।

ਇਸ ਮੌਕੇ ਸਰਦਾਰ ਕਾਹਲੋਂ ਨੇ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ, ਸੰਤ ਬਾਬਾ ਜੋਗਾ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਬਾਬਾ ਬਲਬੀਰ ਸਿੰਘ ਬੁੱਢਾ ਦਲ ਤੇ ਹੋਰ ਮਹਾਂਪੁਰਸ਼ਾਂ ਦਾ ਇਸ ਸਮਾਗਮ ਵਿਚ ਪਹੁੰਚਣ ਨਿੱਜੀ ਜੀ ਆਇਆਂ ਆਖਿਆ।

ਇਸ ਮੌਕੇ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਅਤੇ ਤਰਲੋਚਨ ਸਿੰਘ ਸਾਬਕਾ ਐਮ ਪੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ, ਕੰਵਲਜੀਤ ਸਿੰਘ ਜੌਲੀ, ਕੰਵਲਜੀਤ ਸਿੰਘ ਅਜਰਾਣਾ, ਰਵਿੰਦਰ ਕੌਰ ਅਜਰਾਣਾ ਕਾਰਜਕਾਰਨੀ ਮੈਂਬਰ ਹਰਿਆਣਾ ਕਮੇਟੀ ਅਤੇ ਭੁਪਿੰਦਰ ਸਿੰਘ ਅਸੰਧ ਹਾਜ਼ਰ ਸਨ।