ਪੰਜਾਬ ਦੇ ਗੀਤਾਂ ਵਿਚ ਖੇਤਾਂ ਤੇ ਫਸਲਾਂ ਦਾ ਜ਼ਿਕਰ

ਪੰਜਾਬ ਦੇ ਗੀਤਾਂ ਵਿਚ ਖੇਤਾਂ ਤੇ ਫਸਲਾਂ ਦਾ ਜ਼ਿਕਰ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।

ਇਸ ਦੀ ਉਪਜਾਊ ਮਿੱਟੀ ’ਤੇ ਹਰੇਕ ਫ਼ਸਲ ਦੀ ਪੈਦਾਵਾਰ ਹੁੰਦੀ ਹੈ ਜਿਵੇਂ ਕਿ ਕਣਕ, ਝੋਨਾ, ਮੱਕੀ, ਬਾਜਰਾ, ਸਰੋ੍ਹਂ, ਤੋਰੀਆ, ਛੋਲੇ, ਜੌਂ, ਕਮਾਦ, ਤਾਰਾਮੀਰਾ ਆਦਿ। ਪੰਜਾਬ ਦੇ ਲੋਕ ਗੀਤਾਂ ਨਾਲ ਸਾਡੀਆਂ ਇਨ੍ਹਾਂ ਫ਼ਸਲਾਂ ਦਾ ਗੂੜਾ ਰਿਸ਼ਤਾ ਹੈ। ਪੰਜਾਬ ਦੀਆਂ ਸਿਰਮੌਰ ਕਲਮਾਂ ਦੇ ਧਨੀ ਗੀਤਕਾਰਾਂ ਨੇ ਫ਼ਸਲਾਂ ਨੂੰ ਠੇਠ ਪੰਜਾਬੀ ਮਾਂ-ਬੋਲੀ ਦੇ ਮੋਤੀਆਂ ਵਰਗੇ ਸ਼ਬਦਾਂ ਨਾਲ ਲੋਕ ਗੀਤਾਂ ’ਚ ਪਰੋਇਆ ਹੈ। ਉਸ ਤੋਂ ਅੱਗੇ ਵਧ ਕੇ ਸਾਡੇ ਸੁਰੀਲੇ ਗਾਇਕਾਂ ਤੇ ਗਾਇਕਾਵਾਂ ਨੇ ਰੂਹ ਨਾਲ ਗੀਤਾਂ ਨੂੰ ਰਿਕਾਰਡ ਕਰਵਾ ਕੇ ਮਕਬੂਲ ਕੀਤਾ ਹੈ। 

ਲਾਲ ਚੰਦ ਯਮਲਾ ਜੱਟ

ਲੋਕ ਗਾਇਕ ਲਾਲ ਚੰਦ ਯਮਲਾ ਜੱਟ ਨੇ ਤੁਰਲੇ ਵਾਲੀ ਪੱਗ ਤੇ ਤੂੰਬੀ ਨੂੰ ਪੂਰੀ ਦੁਨੀਆ ’ਚ ਪਛਾਣ ਦਿਵਾਈ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਨੂੰ ਉਨ੍ਹਾਂ ਦੀ ਦੇਣ ਲਈ ਹਮੇਸ਼ਾਂ ਚੇਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਆਪਣੇ ਗੀਤਾਂ ’ਚ ਕਿਸਾਨ ਨੂੰ ਖੇਤਾਂ ਦਾ ਰਾਜਾ ਕਹਿ ਵੱਡਾ ਮਾਣ ਬਖ਼ਸ਼ਿਆ ਹੈ, ਉੱਥੇ ਹੀ ਉਨ੍ਹਾਂ ਦਾ ਦਰਦ ਵੀ ਬਿਆਨ ਕੀਤਾ ਹੈ। ਫ਼ਸਲਾਂ ਦੀ ਗੱਲ ਹੋਵੇ ਤਾਂ ਕਣਕ, ਮੱਕੀ, ਛੋਲੇ, ਜੌਂ ਆਦਿ ਫ਼ਸਲਾਂ ਦਾ ਜ਼ਿਕਰ ਬਹੁਤ ਹੀ ਸੋਹਣੇ ਢੰਗ ਨਾਲ ਕੀਤਾ ਹੈ :

ਕਣਕਾਂ ਜੰਮੀਆਂ ਗਿੱਠ-ਗਿੱਠ ਲੰਮੀਆਂ

ਆ ਜਾ ਢੋਲ ਸਿਪਾਹੀਆ ਵੇ

ਇਸ ਹੀ ਤਰ੍ਹਾਂ ਦਾ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਦਾ ਇਕ ਹੋਰ ਗੀਤ ਪੁਰਾਤਨ ਵਿਰਾਸਤ ਸਾਡੇ ਖੂਹਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ :

ਅੰਨ ਵਾਝੋਂ ਜਾਪਦਾ

ਹੁਣ ਸਾਲ ਔਖਾ ਲੰਘਣਾ,

ਔੜ ਮੱਕੀ ਮਾਰ ਗਈ

ਚੱਬਾਂਗੇਂ ਕਿੱਥੋਂ ਛੱਲੀਆਂ।

ਆਉਣ ਕੂੰਜਾਂ ਦੇਣ ਬੱਚੇ

ਨਦੀ ਨਾਵਣ ਚੱਲੀਆਂ

ਲਾਲ ਚੰਦ ਯਮਲਾ ਜੱਟ ਨੇ ਆਪਣੇ ਗੀਤਾਂ ਵਿਚ ਫ਼ਸਲਾਂ ਕਣਕ, ਮੱਕੀ, ਛੋਲੇ, ਜੌਂ, ਤਾਰਾਮੀਰਾ ਆਦਿ ਦਾ ਜ਼ਿਕਰ ਬਹੁਤ ਹੀ ਸੋਹਣੇ ਢੰਗ ਨਾਲ ਕੀਤਾ। ਉਨ੍ਹਾਂ ਨੇ ਲੋਕ ਬੋਲੀਆਂ ਰਾਹੀਂ ਆਪਣੇ ਗੀਤਾਂ ’ਚ ਖੇਤਾਂ ਦੀ ਸ਼ਾਨ ਸਬਜ਼ੀਆਂ ਨੂੰ ਵੀ ਲੋਕ ਮਨਾਂ ਦੀ ਆਵਾਜ਼ ਬਣਾਇਆ ਹੈ, ਜਿਸ ਨੂੰ ਲਾਲ ਚੰਦ ਯਮਲਾ ਜੱਟ ਨੇ ਖ਼ੁਦ ਲਿਖ ਕੇ ਗਾਇਆ ਹੈ :

ਬੱਲੇ-ਬੱਲੇ ਓਏ

ਤਾਰਾਮੀਰਾ ਪਾਵੇ ਬੋਲੀਆਂ,

ਸਰੋਂ ਹੱਸ ਕੇ ਕਵਾਲੀ ਗਾਵੇ।

ਗੋਗਲੂ ਮਖੌਲ ਕਰਦੇ,

ਮੂਲੀ ਵੇਖ ਕੇ ਨੀਵੀਂਆ ਪਾਵੇ।

ਕਣਕਾਂ ਜਵਾਨੀਂ ਚੜ੍ਹੀਆਂ,

ਜੀਅ ਜੌਂ ਦਾ ਪਿਆ ਲਲਚਾਵੇ।

ਮੇਥੀ ਦੇ ਫੁੱਲ ਵੇਖ ਕੇ

ਮੇਥਾ ਵੇਖ ਕੇ ਧਮਾਲਾਂ ਪਾਵੇ।

ਸਰੋਂ੍ਹ ਦੀ ਚੁੰਨੀ ਖੱਟੀ ਰੰਗ ਦੀ,

ਬੰਨੇ੍ਹ ਤੋਰੀਆ ਬਸੰਤੀ ਚੀਰਾ।

ਤਰਾਂ ਦੇ ਵਿੱਚ ਪਿਆਰ ਮੇਲਦਾ,

ਛੋਟੇ ਕੱਦ ਨਿੱਕਾ ਜਿਹਾ ਚੀਰਾ।

ਕੇ.ਦੀਪ ਤੇ ਜਗਮੋਹਣ ਕੌਰ

ਗਾਇਕ ਜੋੜੀ ਕੇ.ਦੀਪ ਅਤੇ ਜਗਮੋਹਣ ਕੌਰ ਦੀ ਜੋੜੀ ਪੋਸਤੀ- ਮਾਈ ਮੋਹਣੋ ਦੀਆਂ ਅੱਜ ਵੀ ਸੱਥਾਂ ਅਤੇ ਹੱਟੀਆਂ ਉੱਤੇ ਗੱਲਾਂ ਹੁੰਦੀਆਂ ਨੇ। ਆਪਣੀ ਬਾਕਮਾਲ ਕਾਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੀ ਪੰਜਾਬੀਆਂ ਦੀ ਹਰਮਨ ਪਿਆਰੀ ਦੋਗਾਣਾ ਜੋੜੀ ਨੇ ਪੰਜਾਬੀ ਸੰਗੀਤ ਜਗਤ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਇੱਕ ਗੀਤ ਹੈ ਜਿਸ ’ਚਅਮਲੀ ਆਪਣੀ ਪਤਨੀ ਨੂੰ ਕੀ ਕਹਿੰਦਾ ਹੈ ਤੇ ਪਤਨੀ ਅੱਗਿਓ ਕੀ ਜਵਾਬ ਦਿੰੰਦੀ ਹੈ :

ਛੱਡ ਕਣਕ ਬੀਜ ’ਤੇ ਡੋਡੇ,

ਨਾਲੇ ਐਸ਼ ਕਰਨਗੇ ਰੋਡੇ,

ਨਾਲੇ ਵੇਚਾਂਗੇ

ਨਾਲੇ ਪੀਵਾਂਗੇ,

ਛੱਡ ਕਣਕ ਬੀਜ ਲਏ ਤੂੰ ਡੋਡੇ,

ਜਦੋਂ ਪਏ ਪੁਲਿਸ ਦੇ ਗੋਡੇ,

ਫੇਰ ਹਾਲ ਪੁੱਛੂਗੀਂ ਤੇਰਾ ਵੇ,

ਪੁੱਤ ਮੇਰਿਆ ਬਣਾਉਣਗੇ

ਬਟੇਰਾ ਵੇ।

ਦੀਦਾਰ ਸੰਧੂ ਤੇ ਸੁਰਿੰਦਰ ਕੌਰ

ਲੰਘੇ ਵੇਲੇ ਨੂੰ ਯਾਦ ਕਰਦਿਆਂ ਉਹ ਦਿਨ ਅੱਜ ਵੀ ਚੇਤਿਆਂ ’ਚ ਵੱਸਦੇ ਹਨ। ਗੰਨੇ ਚੂਪਣ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਸੀ। ਮਾਡਰਨ ਜ਼ਮਾਨੇ ਅੰਦਰ ਗੰਨੇ ਦਾ ਰਸ ਪੀਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਗੰਨੇ ਚੂਪਣ ਦੇ ਸ਼ੌਕੀਨ ਗੱਭਰੂਆਂ ਤੇ ਮੁਟਿਆਰਾਂ ਦੇ ਦਿਲ ਦੀ ਗੱਲ ਕਰਦਾ ਪੰਜਾਬੀਆਂ ਦੀ ਹਰਮਨ ਪਿਆਰੀ ਜੋੜੀ ਦੀਦਾਰ ਸੰਧੂ ਤੇ ਸੁਰਿੰਦਰ ਕੌਰ ਦੇ ਦੋਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਕਹਿੰਦੇ ਹਨ। ਗੀਤ ਨੂੰ ਲਿਖਿਆ ਵੀ ਦੀਦਾਰ ਸੰਧੂ ਨੇ ਹੈ :

ਖੇਤਾਂ ਦੇ ਬੰਨੇ ਚੰਨੇ,

ਚੂਪਦੀ ਫਿਰਦੀ ਗੰਨੇ,

ਕਾਹਨੂੰ ਬਚਦਾ ਫਿਰੇਂ ਸਰਦਾਰਾ,

ਬੁੱਲ੍ਹੀਆਂ ’ਤੇ ਚੀਰ ਆ ਗਿਆ

ਪੋਰੀ ਛਿੱਲ ਕੇ ਚੂਪ ਜਾ ਯਾਰਾ..

ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ

ਲੋਕ ਗਾਇਕਾ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੋਵੇਂ ਭੈਣਾਂ ਨੇ ਆਪਣੀ ਮਿੱਠੀ ਤੇ ਬੁਲੰਦ ਆਵਾਜ਼ ’ਚ ਤਮਾਮ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ। ਉਨ੍ਹਾਂ ਵੱਲੋਂ ਗਾਏ ਵਿਆਹਾਂ ’ਚ ਗਾਉਣ ਵਾਲੇ ਗੀਤ, ਸਿੱਠਣੀਆਂ, ਲੋਕ ਬੋਲੀਆਂ ਆਦਿ ਫ਼ਿਜ਼ਾ ’ਚ ਮਹਿਕ ਖਿਲਾਰਦੇ ਹਨ। ਬਾਜਰੇ ਦੀ ਫ਼ਸਲ ਨੂੰ ਜਿੰਨਾ ਵਧੀਆ ਗੀਤਕਾਰ ਨੇ ਲਿਖਿਆ ਹੈ, ਉਸ ਤੋਂ ਕਿਤੇ ਵਧ ਕੇ ਪਹਿਲਾਂ ਇਸ ਗੀਤ ਨੂੰ ਸੁਰਿੰਦਰ ਕੌਰ ਨੇ ਰਿਕਾਰਡ ਕਰਵਾਇਆ ਤੇ ਫਿਰ ਦੋਵੇਂ ਭੈਣਾਂ ਸੁਰਿੰਦਰ ਕੌਰ ਤੇ ਲੋਕ ਗੀਤਾਂ ਦਾ ਪ੍ਰਕਾਸ਼ ਵੰਡਦੀ ਆਵਾਜ਼ ਪ੍ਰਕਾਸ਼ ਕੌਰ ਨੇ ਰਿਕਾਰਡ ਕਰਵਾਇਆ। ਪਤੀ-ਪਤਨੀ ਦੇ ਰਿਸ਼ਤੇ ਵਿਚਲੀ ਰੁੱਸਣ-ਰੁਸਾਉਣ ਵਿਚਲੀ ਨੋਕ-ਝੋਕ ਨੂੰ ਬਿਆਨ ਕਰਦੇ ਗੀਤ ਦੀਆਂ ਸਤਰਾਂ ਹਨ :

ਬਾਜਰੇ ਦਾ ਸਿੱਟਾ ਵੇ,

ਅਸਾਂ ਤਲੀ ’ਤੇ ਮਰੋੜਿਆ,

ਰੁੱਠੜਾ ਜਾਂਦਾ ਮਾਹੀਆ,

ਅਸਾਂ ਗਲੀ ਵਿੱਚੋਂ ਮੋੜਿਆ

ਇਸੇ ਹੀ ਤਰ੍ਹਾਂ ਦੇ ਇੱਕ ਹੋਰ ਲੋਕ ਗੀਤ ਜਿਸ ਦੇ ਬੋਲ ਹਨ :

ਕੁੱਟ ਕੁੱਟ ਬਾਜਰਾ

ਮੈਂ ਕੋਠੇ ਉੱਤੇ ਪਾਉਂਦੀ ਆਂ

ਹਾਏ ਮਾਂ ਮੇਰੀਏ

ਮੈਂ ਕੋਠੇ ਉੱਤੇ ਪਾਉਂਦੀ ਆਂ...

ਹਾਏ ਵੇ ਮੇਰੇ ਹਾਣੀਆ

ਮੈਂ ਕੋਠੇ ਉੱਤੇ ਪਾਉਂਦੀ ਆਂ...

ਆਉਣਗੇ ਕਾਂਗ ਉਡਾ ਜਾਣਗੇ,

ਸਾਨੂੰ ਦੂਣਾ ਪੁਆੜਾ ਪਾ ਜਾਣਗੇ।

ਧਨੀ ਰਾਮ ਚਾਤ੍ਰਿਕ

ਪੰਜਾਬੀ ਕਵਿਤਾ ਦੇ ਮੋਢੀਆਂ ’ਚੋਂ ਇੱਕ ਸਨ ਸ਼ਾਇਰ ਧਨੀ ਰਾਮ ਚਾਤ੍ਰਿਕ। ਉਨ੍ਹਾਂ ਨੇ ਕਵਿਤਾਵਾਂ ’ਚ ਪੰਜਾਬ ਦੇ ਮੇਲੇ, ਖੇਤੀ, ਅਮੀਰ ਪੰਜਾਬੀ ਸੱਭਿਆਰ ਤੋਂ ਇਲਾਵਾ ਲੋਕਾਂ ਦੀ ਆਵਾਜ਼ ਨੂੰ ਉੱਚਾ ਚੁੱਕਿਆ ਹੈ। ਉਨ੍ਹਾਂ ਦੀਆਂ ਕਵਿਤਾਵਾਂ ’ਚ ਪੰਜਾਬ ਦੀ ਤਸਵੀਰ ਨਜ਼ਰ ਆਉਂਦੀ ਹੈ। ਪੰਜਾਬੀਆਂ ਦੇ ਇਸ ਮਹਾਨ ਕਵੀ ਦੀ ਰਚਨਾ ‘ਵਿਸਾਖੀ ਦਾ ਮੇਲਾ’ ਨੂੰ ਪੜ੍ਹਦੇ ਹਾਂ:

ਪੱਕ ਪਈਆਂ ਕਣਕਾਂ,

ਲੁਕਾਠ ਰੱਸਿਆ,

ਬੂਰ ਪਿਆ ਅੰਬਾਂ ਨੂੰ,

ਗੁਲਾਬ ਹੱਸਿਆ।

ਬਾਗ਼ਾਂ ਉੱਤੇ ਰੰਗ

ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ

ਟਹਿਣੀਆਂ ਦੇ ਭਾਰ ਨੇ।

ਪੁੰਗਰੀਆਂ ਵੱਲਾਂ,

ਵੇਲਾਂ ਰੁੱਖੀਂ ਚੜ੍ਹੀਆਂ,

ਫੁੱਲਾਂ ਹੇਠੋਂ ਫਲਾਂ ਨੇ

ਪਰੋਈਆ ਲੜੀਆਂ।

ਸਾਈਂ ਦੀ ਨਿਗਾਹ

ਜੱਗ ’ਤੇ ਸਵੱਲੀ ਏ,

ਚੱਲ ਨੀ ਪਰੇਮੀਏ

ਵਿਸਾਖੀ ਚੱਲੀਏ।

ਨਰਿੰਦਰ ਬੀਬਾ ਲੋਕ ਗਾਇਕਾ ਨਰਿੰਦਰ ਬੀਬਾ ਨੇ ਆਪਣੇ ਗੀਤਾਂ ਤੇ ਲੋਕ ਬੋਲੀਆਂ ’ਚ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰਦਿਆਂ ਫ਼ਸਲਾਂ ਦਾ ਵੀ ਜ਼ਿਕਰ ਕੀਤਾ ਹੈ। ਮਕਬੂਲ ਗੀਤਕਾਰ ਬਾਬੂ ਸਿੰਘ ਮਾਨ ਦੀ ਰਚਨਾ ’ਚ ਕਪਾਹ ਦੀ ਖਿੜ-ਖਿੜ ਹੱਸਦੀ ਫ਼ਸਲ ਦੀ ਸਿਫ਼ਤ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ :

ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਹਾਏ ਨੀਂ ਪੱਤ ਹਰੇ ਹਰੇ।

ਆਖ ਨੀਂ ਨਨਾਣੇ ਤੇਰੇ ਵੀਰ ਨੂੰ , ਕਦੇ ਤਾਂ ਭੈੜਾ ਹੱਸਿਆ ਕਰੇ।

ਨਰਿੰਦਰ ਬੀਬਾ ਵੱਲੋਂ ਗਾਈਆ ਲੋਕ ਬੋਲੀਆਂ ’ਚ

ਇੱਕ ਬੋਲੀ ਇਸ ਤਰ੍ਹਾਂ ਹੈ :

ਆ ਗਿਆ ਵੈਸਾਖ,ਚੇਤ ਗਿਆ ਲੰਘ ਵੇ।

ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ।

ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ।

ਬੇਰੀਆਂ ਲੁਫ਼ਾਈਆਂ ਟਹਿਣੀਆਂ ਦੇ ਭਾਰ ਨੇ।

ਹਮੇਸ਼ਾ ਖ਼ੁਸ਼ੀ ’ਚ ਝੂਮਦੀਆਂ ਰਹਿਣ ਫ਼ਸਲਾਂ

ਦੁਨੀਆ ਦੇ ਕਿਸੇ ਵੀ ਖੇਤਰ ਦੀ ਪਛਾਣ ਉਸ ਦੇ ਸੱਭਿਆਚਾਰਕ ਪਿਛੋਕੜ ਤੋਂ ਹੁੰਦੀ ਹੈ। ਪੰਜਾਬ ਰੁੱਤਾਂ, ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਪੰਜਾਬੀ ਧਰਤੀ ਲੋਕ ਗੀਤਾਂ ਦੀ ਧਰਤੀ ਹੈ। ਖੇਤੀ ਅਤੇ ਫ਼ਸਲਾਂ ’ਤੇ ਹੋਰ ਵੀ ਬਹੁਤ ਸਾਰੇ ਨਿੱਗਰ ਤੇ ਮਿਆਰੀ ਸੋਚ ਦੇ ਮਾਲਕ ਕਲਮਾਂ ਦੇ ਧਨੀ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਗਾਇਕਾਂ ਤੇ ਗਾਇਕਾਵਾਂ ਨੇ ਆਪਣੀ ਬੁਲੰਦ ਆਵਾਜ਼ ’ਚ ਰਿਕਾਰਡ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਲੋਕ ਗੀਤਾਂ ਦਾ ਸ਼ਿੰਗਾਰ ਖੇਤੀ ਫ਼ਸਲਾਂ ਖੇਤਾਂ ’ਚ ਖ਼ੁਸ਼ੀ ’ਚ ਝੂਮਦੀਆਂ ਰਹਿਣ। ਲੋਕ ਮਨਾਂ ਅੰਦਰ ਖ਼ੁਸ਼ੀ ਵਾਲੀ ਸਤਰੰਗੀ ਪੀਂਘ ਸਦਾ ਹੀ ਚੜ੍ਹੀ ਰਹੇ।

 

ਕਾਲਾ ਸਿੰਘ