ਕਾਂਗਰਸ-ਆਪ ਸਮਝੌਤੇ ਦੇ ਆਸਾਰ ਕਾਰਣ ਪੰਜਾਬ ਵਿਚ ਬਗਾਵਤ ਦੀ ਸੰਭਾਵਨਾ
ਸਿੱਧੂ, ਬਿੱਟੂ ਹਾਈਕਮਾਂਡ ਕਾਂਗਰਸ ਦੇ ਹਕ ਵਿਚ,ਵੜਿੰਗ ,ਖਹਿਰਾ ,ਬਾਜਵਾ ਸਮਝੌਤੇ ਦੇ ਵਿਰੋਧ ਵਿਚ
ਕਾਂਗਰਸ ਹਾਈਕਮਾਨ ਤੇ 'ਆਪ' ਹਾਈ ਕਮਾਨ ਵਿਚ ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਕਰਨ ਦਾ ਫ਼ੈਸਲਾ ਅੰਤਿਮ ਪੜਾਅ 'ਤੇ ਹੈ। ਭਾਵੇਂ ਪੰਜਾਬ ਕਾਂਗਰਸ ਦੇ ਨੇਤਾ 'ਆਪ' 'ਤੇ ਤਿੱਖੇ ਹਮਲੇ ਕਰ ਰਹੇ ਹਨ ਪਰ 'ਆਪ' ਦੇ ਨੇਤਾ ਬੇਸ਼ੱਕ ਜਵਾਬ ਤਾਂ ਦੇ ਰਹੇ ਹਨ ਪਰ ਉਨ੍ਹਾਂ ਦੀ ਭਾਸ਼ਾ ਓਨੀ ਤਿੱਖੀ ਨਹੀਂ ਹੈ। ਜਾਣਕਾਰੀ ਅਨੁਸਾਰ ਇਹ ਸਮਝੌਤਾ ਪੰਜਾਬ ਅਤੇ ਦਿੱਲੀ ਵਿਚ 6-7 ਦੇ ਅਨੁਪਾਤ ਨਾਲ ਹੋਣ ਦੀ ਗੱਲ ਆਖ਼ਰੀ ਦੌਰ ਵਿਚ ਹੈ। ਹਾਲਾਂ ਕਿ ਪੰਜਾਬ ਕਾਂਗਰਸ ਦੇ ਬਹੁਤੇ ਨੇਤਾ ਸਮਝਦੇ ਹਨ ਕਿ ਪੰਜਾਬ ਵਿਚ ਸਮਝੌਤੇ ਦਾ ਕਾਂਗਰਸ ਨੂੰ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਹੋਵੇਗਾ। ਉਨ੍ਹਾਂ ਦੀ ਦਲੀਲ ਹੈ ਕਿ 'ਆਪ' ਨੇ ਜਿਸ ਤਰ੍ਹਾਂ ਪੰਜਾਬ ਦੇ ਵੱਡੇ ਕਾਂਗਰਸੀ ਨੇਤਾਵਾਂ ਨਾਲ ਹੀ ਨਹੀਂ ,ਸਗੋਂ ਕਾਂਗਰਸੀ ਸਰਪੰਚਾਂ ਦੇ ਪੱਧਰ ਤੱਕ ਬਦਲਾਖੋਰੀ ਦੀ ਨੀਤੀ ਅਪਣਾਈ ਹੈ, ਉਸ ਕਾਰਨ ਇਸ ਸਮਝੌਤੇ ਨਾਲ ਕਾਂਗਰਸ ਦੇ ਕੇਡਰ ਵਿਚ ਨਿਰਾਸ਼ਾ ਫੈਲੇਗੀ।
ਉਹ ਇਹ ਵੀ ਸਮਝਦੇ ਹਨ ਕਿ 'ਆਪ' ਨਾਲ ਸੀਟ ਵੰਡ ਦਾ ਫਾਇਦਾ ਅਕਾਲੀ ਦਲ ਤੇ ਭਾਜਪਾ ਨੂੰ ਵੀ ਹੋ ਸਕਦਾ ਹੈ। ਕਿਉਂਕਿ ਉਨ੍ਹਾਂ ਅਨੁਸਾਰ ਤਿਕੋਣੀ ਜਾਂ ਚੌਕੌਣੀ ਲੜਾਈ ਵਿਚ ਕਾਂਗਰਸ ਦੀ ਜਿੱਤ ਦੇ ਆਸਾਰ ਜ਼ਿਆਦਾ ਹੋਣਗੇ। ਜੇਕਰ ਸਮਝੌਤਾ ਹੋਇਆ ਤਾਂ ਜਿਥੇ-ਜਿਥੇ 'ਆਪ' ਦੇ ਉਮੀਦਵਾਰ ਹੋਣਗੇ, ਉਥੋਂ-ਉਥੋਂ ਦੀ ਕਾਂਗਰਸੀ ਵੋਟ ਦਾ ਵੱਡਾ ਹਿੱਸਾ 'ਆਪ' ਨੂੰ ਨਹੀਂ ਪਵੇਗਾ ਅਤੇ ਜਿਥੇ-ਜਿਥੇ ਕਾਂਗਰਸ ਉਮੀਦਵਾਰ ਹੋਵੇਗਾ, ਉਥੇ-ਉਥੇ 'ਆਪ' ਦੀ ਕਾਫੀ ਵੋਟ ਅਕਾਲੀ ਦਲ ਵੱਲ ਜਾਂ ਭਾਜਪਾ ਵੱਲ ਪਰਤ ਸਕਦੀ ਹੈ। ਕਾਂਗਰਸੀ ਨੇਤਾਵਾਂ ਅਨੁਸਾਰ ਪੰਜਾਬ ਵਿਚ ਸੱਤਾ ਵਿਰੋਧੀ ਰੁਝਾਨ ਉੱਭਰ ਰਿਹਾ ਹੈ, ਜਿਸ ਦਾ ਨੁਕਸਾਨ ਕਾਂਗਰਸ ਨੂੰ ਨੂੰ ਵੀ ਸਹਿਣਾ ਪਵੇਗਾ। ਪਰ ਪੰਜਾਬ ਦੇ ਕਾਂਗਰਸੀ ਨੇਤਾ ਜੋ ਮਰਜ਼ੀ ਕਹੀ ਜਾਣ, ਜੋ ਜਾਣਕਾਰੀ ਮਿਲ ਰਹੀ ਹੈ, ਉਸ ਅਨੁਸਾਰ ਦੋਵਾਂ ਪਾਰਟੀਆਂ ਵਿਚ ਸਮਝੌਤੇ ਦੇ ਆਸਾਰ ਕਾਫੀ ਜ਼ਿਆਦਾ ਹਨ। ਉਂਝ ਨਵਜੋਤ ਸਿੰਘ ਸਿੱਧੂ ਵਰਗੇ ਹਾਈਕਮਾਨ ਦੇ ਨੇੜਲੇ ਨੇਤਾ ਦਾ ਬਿਆਨ ਅਤੇ ਹਵਾ ਦਾ ਰੁਖ਼ ਪਹਿਚਾਣ ਕੇ ਸਟੈਂਡ ਲਈ ਮਸ਼ਹੂਰ ਐਮ.ਪੀ. ਰਵਨੀਤ ਸਿੰਘ ਬਿੱਟੂ ਦੇ ਬਿਆਨ ਵੀ ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਹਨ। ਜਦੋਂ ਕਿ ਦਿੱਲੀ ਕਾਂਗਰਸ ਦੇ ਪ੍ਰਧਾਨ ਦੀ ਨਵੀਂ ਨਿਯੁਕਤੀ ਵੀ ਇਹੀ ਪ੍ਰਭਾਵ ਦੇ ਰਹੀ ਹੈ। ਪਰ ਇਸ ਦੇ ਨਾਲ ਕਾਂਗਰਸ ਵਿਚ ਬਗਾਵਤ ਦੀ ਸੰਭਾਵਨਾ ਬਣੀ ਹੋਈ ਹੈ।ਸੁਖਪਾਲ ਸਿੰਘ ਖਹਿਰਾ ਵੀ ਆਪ ਨਾਲ ਸਮਝੌਤੇ ਦਾ ਕਰੜਾ ਵਿਰੋਧ ਕਰ ਰਹੇ ਹਨ।
Comments (0)