ਭਾਜਪਾਈ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਲਕਸ਼ਮੀ ਨਰਾਇਣ ਮੰਦਿਰ ਰੁਦਰਪੁਰ ਵਿਖੇ ਟੇਕਿਆ ਮੱਥਾ
ਕਿਹਾ-- ਕਾਠਗੋਦਾਮ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਰੇਲ ਗੱਡੀ ਸਮੇਤ ਸਥਾਨਕ ਸਿੱਖਾਂ ਦੇ ਮਸਲੇ ਹੱਲ ਕਰਵਾਵਾਂਗੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 15 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਯੂ ਪੀ ਦੌਰੇ ਵੇਲੇ ਹਾਪੁੜ, ਰਾਮਪੁਰ, ਮੁਰਾਦਾਬਾਦ ਤੇ ਰੁਦਰਪੁਰ ਸਮੇਤ ਅਨੇਕਾਂ ਥਾਵਾਂ ’ਤੇ ਸਿੱਖ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ਤੇ ਥਾਂ-ਥਾਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਸ੍ਰੀ ਸਿਰਸਾ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਾਮਪੁਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੁਦਰਪੁਰ, ਪਿੰਡ ਮਲਕਪੁਰ ਜ਼ਿਲ੍ਹਾ ਹਾਪੁੜ, ਗੁਰਦੁਆਰਾ ਗੁਰੂ ਨਾਨਕ ਧਾਮ ਸ਼ਾਹਜਹਾਂਪੁਰ ਅਮਰੋਹਾ ਗਜਰੌਲਾ, ਚੌਧਰੀ ਚਰਨ ਸਿੰਘ ਚੌਂਕ ਮੁਰਾਦਾਬਾਦ ਸਮੇਤ ਅਨੇਕਾਂ ਥਾਵਾਂ ’ਤੇ ਗੁਰਧਾਮਾਂ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਉਹਨਾਂ ਨੇ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਰੁਦਰਪੁਰ ਵਿਖੇ ਵੀ ਮੱਥਾ ਟੇਕਿਆ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਇਹ ਸਭ ਥਾਵਾਂ ’ਤੇ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੇ ਉਹਨਾਂ ਦਾ ਸਨਮਾਨ ਕੀਤਾ।
ਇਸ ਮੌਕੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਮਾਣ ਤੇ ਸਤਿਕਾਰ ਦੇਣ ਲਈ ਗੁਰੂ ਘਰਾਂ ਦੇ ਪ੍ਰਬੰਧਕਾਂ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਵੀ ਮਾਣ ਤੇ ਸਤਿਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਢਾ ਨੇ ਉਹਨਾਂ ਨੂੰ ਕੌਮੀ ਸਕੱਤਰ ਬਣਾ ਕੇ ਦਿੱਤਾ ਹੈ, ਉਹ ਸਭ ਸਿਰਫ ਤੇ ਸਿਰਫ ਸਿੱਖ ਸੰਗਤਾਂ ਦੀ ਬਦੌਲਤ ਹੈ। ਉਹਨਾਂ ਕਿਹਾ ਕਿ ਉਹ ਹਮੇਸ਼ਾ ਸਿੱਖ ਕੌਮ ਦੇ ਮੁੱਦੇ ਪੁਰਜ਼ੋਰ ਤਰੀਕੇ ਨਾਲ ਚੁੱਕਦੇ ਰਹੇ ਹਨ ਤੇ ਉਹਨਾਂ ਦੇ ਹੱਲ ਵਾਸਤੇ ਕੰਮ ਕੀਤਾ ਹੈ ਭਾਵੇਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਦਾ ਹੋਵੇ ਜਾਂ ਫਿਰ ਕੋਈ ਵਿਦੇਸ਼ ਵਿਚ ਉਠਿਆ ਮੁੱਦਾ ਹੋਵੇ।
ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਤੋਂ ਬਾਅਦ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੋਏ ਤਾਂ ਕੁਝ ਪਾਸਿਓਂ ਉਹਨਾਂ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਵਿਰੋਧੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਕਾਂਗਰਸ ਨੇ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਤੇ ਅਕਾਲੀ ਦਲ ’ਤੇ ਬੇਅਦਬੀ ਦੇ ਦੋਸ਼ ਲੱਗੇ ਹਨ ਤਾਂ ਫਿਰ ਉਹ ਭਾਜਪਾ ਵਿਚ ਸ਼ਾਮਲ ਕਿਉਂ ਨਾ ਹੁੰਦੇ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖਾਂ ਵਾਸਤੇ ਉਹ ਸਭ ਕਰ ਵਿਖਾਇਆ ਜੋ ਪਿਛਲੇ 75 ਸਾਲਾਂ ਵਿਚ ਸਿੱਖਾਂ ਵਾਸਤੇ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ।
ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨੇ ਆਪ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਮੁਆਫੀ ਮੰਗੀ। ਉਹਨਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਮੁਆਫੀ ਮੰਗੀ ਤੇ ਦੂਜੇ ਪਾਸੇ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਅੱਗਾਂ ਲਗਾਈਆਂ, ਕੀ ਉਹ ਸਹੀ ਹਨ?
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਬਦੌਲਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ’ਵੀਰ ਬਾਲ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਸ੍ਰੀ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੇ ਉਸੇ ਲਾਲ ਕਿਲ੍ਹੇ ’ਤੇ ਖੜ੍ਹੇ ਹੋ ਕੇ ਆਖਿਆ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਸਾਡਾ ਵਜੂਦ ਨਾ ਹੁੰਦਾ, ਜਿਸ ਲਾਲ ਕਿਲ੍ਹੇ ’ਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਸਿੱਖਾਂ ਸਮੇਤ ਸਭ ਵਰਗਾਂ ਵਾਸਤੇ ਕੰਮ ਕਰਨ ਵਾਲੇ ਦਿਲੀ ਸੋਚ ਰੱਖਣ ਵਾਲੇ ਪ੍ਰਧਾਨ ਮੰਤਰੀ ਹਨ ਤੇ ਸਾਨੂੰ ਉਹਨਾਂ ਦੀ ਡਟਵੀਂ ਹਮਾਇਤ ਕਰਨੀ ਚਾਹੀਦੀ ਹੈ।
ਇਸ ਦੌਰਾਨ ਸਥਾਨਕ ਸਿੱਖ ਸੰਗਤਾਂ ਨੇ ਸਰਦਾਰ ਸਿਰਸਾ ਕੋਲ ਮੁੱਦਾ ਚੁੱਕਿਆ ਤੇ ਕਾਠਗੋਦਾਮ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਰੇਲ ਗੱਡੀ ਚੱਲਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਦੂਜਾ ਸਥਾਨਕ ਪੱਧਰ ’ਤੇ ਜ਼ਮੀਨਾਂ ਨਾਂ ਕਰਵਾਉਣ ਸਮੇਤ ਹੋਰ ਮਸਲੇ ਹੱਲ ਕਰਵਾਏ ਜਾਣ ਜਿਸਦੇ ਜਵਾਬ ਵਿਚ ਸਰਦਾਰ ਸਿਰਸਾ ਨੇ ਭਰੋਸਾ ਦੁਆਇਆ ਕਿ ਉਹ ਜਲਦੀ ਤੋਂ ਜਲਦੀ ਇਹ ਮਸਲੇ ਸਰਕਾਰ ਕੋਲ ਚੁੱਕ ਕੇ ਹੱਲ ਕਰਵਾਉਣਗੇ।
ਇਸ ਮੌਕੇ ’ਤੇ ਐਮ ਐਲ ਏ ਸ੍ਰੀ ਆਕਾਸ਼ ਸਕਸੈਨਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਮਨਜੀਤ ਸਿੰਘ ਜੌਹਲ, ਸਰਦਾਰ ਹਰਜੀਤ ਸਿੰਘ ਪੱਪਾ ਤੇ ਸਰਦਾਰ ਗੁਰਮੀਤ ਸਿੰਘ ਭਾਟੀਆ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਸਨ।
Comments (0)