ਇੰਗਲੈਂਡ ਦੇ ਸਿੱਖਾਂ ਵਲੋਂ ਭਾਰਤੀ ਹਾਈ ਕਮਿਸ਼ਨ ਬਰਮਿੰਘਮ ਸਾਹਮਣੇ ਜਬਰਦਸਤ ਰੋਸ ਪ੍ਰਦਰਸ਼ਨ

ਇੰਗਲੈਂਡ ਦੇ ਸਿੱਖਾਂ ਵਲੋਂ ਭਾਰਤੀ ਹਾਈ ਕਮਿਸ਼ਨ ਬਰਮਿੰਘਮ ਸਾਹਮਣੇ ਜਬਰਦਸਤ ਰੋਸ ਪ੍ਰਦਰਸ਼ਨ

 ਮਾਮਲਾ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 3 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅੰਦਰ  ਸਿੱਖ ਨੌਜਵਾਨਾਂ ਦੀਆਂ ਵੱਡੇ ਪੱਧਰ ਤੇ ਹੋ ਰਹੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਉਨ੍ਹਾਂ ਉਤੇ ਪਾਏ ਝੂਠੇ ਕੇਸਾਂ ਦੇ ਖਿਲਾਫ ਇੰਗਲੈਡ ਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਸਥਾਵਾਂ ਤੇ ਇਨਸਾਫ਼ ਪਸੰਦ ਸੰਗਤਾਂ ਵਲੋਂ ਲੇਡੀਵੁੱਡ ਦੇ ਡਾਰਨਲੇ ਰੋਡ 'ਤੇ ਸਤਿਥ ਭਾਰਤੀ ਹਾਈ ਕਮਿਸ਼ਨ ਬਰਮਿੰਘਮ ਦੇ ਸਾਹਮਣੇ ਭਾਰੀ ਰੋਹ ਮੁਜਾਹਰਾ ਕੀਤਾ ਗਿਆ । ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ । ਵੱਖ ਵੱਖ ਸਿੱਖ ਆਗੂਆਂ ਨੇ ਭਾਰਤ ਦੀ ਫਾਸ਼ੀਵਾਦੀ ਮੋਦੀ ਸਰਕਾਰ ਤੇ ਬੇਅੰਤ ਸਿੰਘ ਦੀਆਂ ਲੀਹਾਂ ਤੇ ਚੱਲ ਰਹੀ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਸਰਕਾਰ ਵਲੋਂ ਕੀਤੀ ਗਈ ਅਣਮਨੁੱਖੀ ਕਾਰਵਾਈ ਦਾ ਵਿਰੋਧ ਕੀਤਾ । ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿੱਖਾਂ ਵਿਰੁੱਧ ਵਿਆਪਕ ਸਰਕਾਰੀ ਜਬਰ ਕੀਤਾ ਗਿਆ ਹੈ ਅਤੇ ਪਹਿਲਾਂ ਇੰਟਰਨੈਟ ਸੰਚਾਰ ਨੂੰ ਵੱਡੇ ਪੱਧਰ 'ਤੇ ਕੱਟ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਰਾਜ ਵਿੱਚ ਵੱਡੇ ਪੱਧਰ 'ਤੇ ਗ੍ਰਿਫਤਾਰੀਆਂ ਤੋਂ ਬਾਅਦ ਜਨਤਕ ਇਕੱਠਾਂ 'ਤੇ ਸ਼ਿਕੰਜਾ ਕਸਿਆ ਗਿਆ ਹੈ । ਇਸ ਦੇ ਨਾਲ ਹੀ ਸਰਕਾਰੀ ਅੱਤਵਾਦ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਨਾਲ ਡੱਟ ਕੇ ਖੜ੍ਹਨ ਤੇ ਉਨ੍ਹਾਂ ਦੀ ਅਵਾਜ ਬਣ ਕੇ ਜ਼ੋਰਦਾਰ ਅਵਾਜ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ "ਅਸੀਂ ਅੱਜ ਇੱਥੇ ਆਪਣੀ ਅਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਲੋਕਾਂ ਦੇ ਨਾਲ ਖੜੇ ਹਾਂ ਜੋ ਇਸ ਬੇਇਨਸਾਫ਼ੀ ਵਿੱਚੋਂ ਲੰਘ ਰਹੇ ਹਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਹਾਂ।" ਬਰਮਿੰਘਮ ਦੇ ਰੋਸ ਮੁਜ਼ਾਹਰੇ ਵਿੱਚ “ਜਸਟਿਸ 4 ਸਿੱਖ”, “ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰਾਜਕੀ ਅੱਤਵਾਦ ਬੰਦ ਕਰੋ” ਸਮੇਤ ਤਖ਼ਤੀਆਂ ਫੜੇ ਪ੍ਰਦਰਸ਼ਨਕਾਰੀ ਦੇਖੇ ਗਏ। ਇਸ ਮੌਕੇ ਸਿੱਖ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ, ਅਮਰੀਕ ਸਿੰਘ ਗਿੱਲ, ਮਨਜੀਤ ਸਿੰਘ ਸਮਰਾ, ਲਵਸ਼ਿੰਦਰ ਸਿੰਘ ਡੱਲੇਵਾਲ, ਜੋਗਾ ਸਿੰਘ, ਕੁਲਦੀਪ ਸਿੰਘ ਚਹੇੜੂ, ਮਨਪ੍ਰੀਤ ਸਿੰਘ ਡਰਬੀ, ਹਰਦੀਸ਼ ਸਿੰਘ ਪੱਤੜ ਤੇ ਹੋਰ ਬਹੁਤ ਸਾਰੇ ਸਿੱਖ ਆਗੂ ਹਾਜਰ ਸਨ ।