ਇੰਡੀਆ ਵਿੱਚ ਬੀਬੀਆਂ ਪ੍ਰਤੀ ਮਾਨਸਿਕਤਾ ਅਤੇ ਹਲਾਤ ਚਿੰਤਾਜਨਕ
ਇੰਡੀਆ ਦੇ ਪੂਰਬੀ ਰਾਜ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਸਪੇਨ ਦੇ ਪਤੀ ਪਤਨੀ ਜੋੜੇ ਨਾਲ ਹੋਈ ਦਰਿੰਦਗੀ ਦੀ ਖਬਰ ਨੇ ਨਿਆਂ ਪਸੰਦ ਦਿਲਾਂ ਨੂੰ ਫਿਰ ਧੂਹ ਪਾਈ ਹੈ।
ਸਪੇਨ ਤੋਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਘੁੰਮਣ ਫਿਰਨ ਲਈ ਨਿਕਲੇ ਇਸ ਜੋੜੇ ਨੇ ਇੰਡੀਆ ਤੋਂ ਬਾਅਦ ਨੇਪਾਲ ਵਿਚ ਜਾਣਾ ਸੀ। ਇਹ ਜੋੜਾ ਮੋਟਰਸਾਈਕਲ ਰਾਹੀਂ ਹੀ ਜ਼ਿਆਦਾਤਰ ਦੇਸ਼ਾਂ ਦੀ ਸੈਰ ਕਰਦਾ ਸੀ। ਝਾਰਖੰਡ ਵਿਚ ਇਸ ਜੋੜੇ ਨਾਲ ਕੁੱਟਮਾਰ ਹੋਈ, ਜਾਨਲੇਵਾ ਹਮਲਾ ਹੋਇਆ, ਸਮਾਨ ਦੀ ਲੁੱਟ ਹੋਈ, ਬੀਬੀ ਦੀ ਸੱਤ ਤੋਂ ਅੱਠ ਜਣਿਆਂ ਨੇ ਬੇਪਤੀ ਕੀਤੀ। ਇਸ ਘਟਨਾ ਨਾਲ ਹੁਣ ਦੁਨੀਆਂ ਭਰ ਦੇ ਲੋਕ ਇੰਡੀਆ ਦੇ ਹਲਾਤਾਂ ਖਾਸ ਕਰ ਬੀਬੀਆਂ ਦੀ ਹਾਲਤ ਬਾਰੇ ਆਪਣੇ ਵਿਚਾਰ ਰੱਖ ਰਹੇ ਹਨ। ਜ਼ਿਆਦਾਤਰ ਲਿਖਣ ਵਾਲੇ ਬਾਹਰਲੇ ਮੁਲਕਾਂ ਦੇ ਨਾਗਰਿਕਾਂ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਬਾਹਰਲੇ ਨਾਗਰਿਕ ਨੂੰ ਇੰਡੀਆ ਵਿੱਚ ਇਕੱਲੇ ਤਾਂ ਬਿਲਕੁਲ ਨਹੀਂ, ਪਰ ਚੌਕਸੀ ਨਾਲ ਹੀ ਸਫ਼ਰ ਕਰਨਾ ਚਾਹੀਦਾ ਹੈ ਅਤੇ ਬੀਬੀਆਂ ਨੂੰ ਸਫ਼ਰ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਘਟਨਾ ਨਾਲ ਇੰਡੀਆ ਦੇ ਸਮਾਜ ਦੀ ਦੁਨੀਆਂ ਭਰ ਵਿੱਚ ਨਿੰਦਾ ਹੋ ਰਹੀ ਹੈ, ਪਰ ਕੁਝ ਲੋਕ ਇੰਡੀਆ ਦੇ ਸਮਾਜ ਦੇ ਇਸ ਕੁਰੀਤੀ ਨੂੰ ਛੁਪਾਉਣ ਦਾ ਯਤਨ ਕਰ ਰਹੇ ਹਨ।
ਸਪੇਨ ਤੋਂ ਬੀਬੀ ਫਰਨੈਨਡਾ ਆਪਣੇ ਪਤੀ ਨਾਲ ਹੁਣ ਤੱਕ 67 ਦੇਸ਼ ਘੁੰਮ ਚੁੱਕੀ ਹੈ, ਜਿਨ੍ਹਾਂ ਵਿੱਚ ਅਲਜੀਰੀਆ, ਯਮਨ, ਤੁਰਕੀ, ਇਰਾਕ, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਮੁਲਕ ਵੀ ਸ਼ਾਮਲ ਹਨ, ਜਿੱਥੇ ਆਮ ਤੌਰ ਤੇ ਇਹੀ ਸੋਚਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਬੁਰਛਾਗਰਦੀ ਹੋਵੇਗੀ ਅਤੇ ਬੀਬੀਆਂ ਹਾਲਤ ਬਹੁਤ ਮਾੜੀ ਹੋਵੇਗੀ। ਇੰਡੀਆ ਪ੍ਰਤੀ ਆਮ ਤੌਰ ਤੇ ਬਾਹਰਲੇ ਲੋਕਾਂ ਦੀ ਇਸ ਤਰ੍ਹਾਂ ਦੀ ਰਾਏ ਨਹੀਂ ਹੈ। ਇੰਡੀਆ ਦੇ ਲੋਕਾਂ ਵਲੋਂ ਆਪਣੇ ਆਪ ਨੂੰ ਚੰਗੇ ਅਤੇ ਉੱਤਮ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਅੰਦਰ ਅਜਿਹੀ ਬਹੁਤੀ ਭਲੇਮਾਣਸੀ ਨਹੀਂ ਹੈ। ਹਰ ਸਾਲ ਹਜ਼ਾਰਾਂ ਅਜਿਹੇ ਬੇਪਤੀਆਂ ਦੇ ਮਾਮਲੇ ਦਰਜ ਹੁੰਦੇ ਹਨ। ਇਕੱਲੇ 2022 ਵਿੱਚ ਝਾਰਖੰਡ ਵਿੱਚ ਅਜਿਹੇ ਜਬਰ ਜਿਨਾਹ ਦੀਆਂ ਅੰਦਾਜ਼ਨ 1500 ਘਟਨਾਵਾਂ ਦੇ ਮਾਮਲੇ ਦਰਜ ਹੋਏ ਸਨ। ਇਸ ਜੋੜੇ ਦੇ ਧਿਆਨ ਵਿੱਚ ਆਉਣ ਤੋਂ ਪਹਿਲਾਂ ਵੀ ਇੰਡੀਆ ਭਰ ਵਿੱਚ ਹਰ ਸਾਲ ਸੈਂਕੜਿਆਂ ਦੀ ਗਿਣਤੀ ਵਿੱਚ ਵਿਦੇਸ਼ੀ ਬੀਬੀਆਂ ਦੀ ਬੇਪਤੀ ਦੇ ਮਾਮਲੇ ਦਰਜ ਹੁੰਦੇ ਹਨ।
ਇੰਡੀਆ ਵਿੱਚ ਪਖੰਡ ਭਾਰੂ ਹੈ, ਇਹੀ ਇੰਡੀਆ ਦੀ ਵਿਰਾਸਤ ਰਹੀ ਹੈ। ਉਪਰੋਂ ਵੇਖਣ ਨੂੰ ਭਾਵੇਂ ਮਹਿਮਾਨਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਹੈ, ਬੱਚੀਆਂ ਦੀ ਪੂਜਾ ਕੀਤੀ ਜਾਂਦੀ ਹੈ, ਮਾਵਾਂ ਨੂੰ ਮੱਥਾ ਟੇਕਿਆ ਜਾਂਦਾ ਹੈ, ਪਰ ਇਹ ਸਭ ਸਿਰਫ ਰਸਮ, ਕਰਮਕਾਂਡ ਤੱਕ ਹੀ ਸੀਮਤ ਹੈ। ਅਸਲ ਕਦਰਾਂ ਕੀਮਤਾਂ, ਆਚਰਣ, ਸਦਾਚਾਰ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ। ਸਦੀਆਂ ਤੋਂ ਹੀ ਬੀਬੀਆਂ ਨੂੰ ਪੈਰ ਦੀ ਜੁੱਤੀ ਅਤੇ ਭੋਗਣ ਦੀ ਵਸਤੂ ਵਜੋਂ ਵੇਖਿਆ ਜਾਂਦਾ ਹੈ, ਘਰ ਦੇ ਫੈਸਲਿਆਂ ਵਿੱਚ ਬਰਾਬਰ ਦੀ ਹਿੱਸੇਦਾਰੀ ਨਹੀਂ ਦਿੱਤੀ ਜਾਂਦੀ। ਇਹ ਸਭ ਕੂੜ ਗੱਲਾਂ ਹੁਣ ਮਨੁੱਖਾਂ ਦੇ ਦਿਮਾਗ ਅੰਦਰ ਘਰ ਕਰ ਗਈਆਂ ਹਨ। ਘੱਟਗਿਣਤੀਆਂ ਦੀਆਂ ਬੀਬੀਆਂ ਬਾਰੇ ਆਪਣੀ ਮਾੜੀ ਬਿਰਤੀ ਨੂੰ ਇਥੋਂ ਦੇ ਸਿਆਸੀ ਧਿਰਾਂ ਦੇ ਆਗੂ ਵੀ ਲੁਕਾ ਨਹੀਂ ਪਾਉਂਦੇ। ਸਿੱਖਾਂ ਨੇ 1984 ਵਿੱਚ ਇੰਡੀਅਨ ਸਮਾਜ ਦੀ ਬੀਬੀਆਂ ਪ੍ਰਤੀ ਮਾਨਸਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਮਹਿਸੂਸ ਕੀਤਾ ਹੈ। ਬਾਅਦ ਵਿੱਚ ਵੀ ਨਿਆਂ ਦੇ ਪੱਖ ਤੋਂ ਕੋਈ ਬਹੁਤੀ ਉਮੀਦ ਨਹੀਂ ਬਚਦੀ। ਜਦੋਂ ਕਿਸੇ ਦੂਜੀ ਧਿਰ ਦੀ ਔਰਤ ਨਾਲ ਅਜਿਹਾ ਵਾਪਰਦਾ ਹੈ ਤਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਇੱਕ ਦਿਨ ਇਹੋ ਬੁਰਾਈ ਉਨ੍ਹਾਂ ਦੇ ਸਾਹਮਣੇ ਵੀ ਖੜੀ ਹੋਵੇਗੀ। ਘੱਟਗਿਣਤੀਆਂ ਦੀਆਂ, ਵਿਦੇਸ਼ੀ ਬੀਬੀਆਂ ਪ੍ਰਤੀ ਕਿਸੇ ਮਨੁੱਖ ਵਲੋਂ ਕੋਈ ਅਵਾਜ਼ ਨਹੀਂ ਉਠਾਈ ਜਾਂਦੀ, ਜਦਕਿ ਜਦੋਂ ਖੁਦ ਰਾਜਧਾਨੀ ਅੰਦਰ ਨਿਰਭਿਆ ਵਰਗੇ ਕਾਂਡ ਹੁੰਦੇ ਹਨ ਤਾਂ ਲੋਕ ਸੜਕਾਂ ਉਪਰ ਨਿਕਲਦੇ ਹਨ। ਓਥੇ ਵੀ ਸਿਰਫ ਕਨੂੰਨੀ ਪੱਖਾਂ ਨੂੰ ਸਖ਼ਤ ਕਰਨ ਦੀ ਹੀ ਮੰਗ ਹੁੰਦੀ ਹੈ, ਪਰ ਦੂਜੀਆਂ ਔਰਤਾਂ ਦੇ ਬਲਾਤਕਾਰ ਦੀ ਬਿਰਤੀ ਤਾਂ ਇਥੋਂ ਦੇ ਸਮਾਜ ਅੰਦਰ ਹੈ। ਅਜਿਹੀਆਂ ਘਟਨਾਵਾਂ ਦੀ ਪੜਚੋਲ ਅਤੇ ਇਹਨਾ ਦੇ ਢੁਕਵੇਂ ਹੱਲ ਦੇ ਲਈ ਲੋਕਾਂ ਨੂੰ ਅਤੇ ਪ੍ਰਸ਼ਾਸ਼ਨ ਨੂੰ ਤਰੱਦਦ ਕਰਨ ਦੀ ਲੋੜ ਹੈ। ਕੋਈ ਅਜਿਹਾ ਮਸਲਾ ਨਹੀਂ ਜਿਸਦਾ ਹੱਲ ਨਾ ਹੋਵੇ, ਜੇਕਰ ਸਮਾਜ ਇਕੱਠਾ ਹੋਕੇ ਇਸ ਮਸਲੇ ਪ੍ਰਤੀ ਸੁਹਿਰਦਾ ਦਿਖਾਵੇ ਤਾਂ ਇੰਡੀਅਨ ਸਮਾਜ ਅੰਦਰਲੀ ਇਸ ਕੁਰੀਤੀ ਨੂੰ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ।
ਪਾਰਟੀਆਂ ਦੇ ਗਠਜੋੜ ਅਤੇ ਤੋੜ ਵਿਛੋੜਿਆਂ ਦੀ ਖੇਡ ਸਮਝਣ ਦੀ ਲੋੜ
ਇੰਡੀਆ ਦੇ ਵੋਟਤੰਤਰ ਵਿਚ ਹਿੱਸਾ ਲੈਣ ਵਾਲੀਆਂ ਪਾਰਟੀਆਂ, ਜਿਨ੍ਹਾਂ ਵਿਚ ਖੇਤਰੀ ਪਾਰਟੀਆਂ ਵੀ ਹਨ, ਹੁਣ ਦੇ ਸਮੇਂ ਸਭ ਤੋਂ ਵੱਧ ਅਸੂਲਣ ਅਤੇ ਸਿਧਾਂਤਕ ਤੌਰ ਤੇ ਵੀ ਗਿਰਾਵਟ ਵੱਲ ਜਾ ਰਹੀਆਂ ਹਨ। ਇਹਨਾਂ ਪਾਰਟੀਆਂ ਦੀ ਸਿਧਾਂਤਕ ਪੈਂਤੜਾ ਜਾਂ ਸਿਧਾਂਤਕ ਸਮਝ, ਜਿਸ ਤੋਂ ਕਦੀ ਪਾਰਟੀਆਂ ਦਾ ਜਨਮ ਹੋਇਆ ਸੀ, ਅੱਜ ਦੋਇਮ ਦਰਜੇ ਤੇ ਹੈ, ਅਵੱਲ ਦਰਜੇ ਤੇ ਨਿੱਜੀ ਸਮਝ ਅਤੇ ਨਿੱਜੀ ਫੈਸਲੇ ਹੀ ਭਾਰੂ ਹਨ। ਅਜਿਹਾ ਅਮਲ ਵਾਰ ਵਾਰ ਰਾਜਸੀ ਪਾਰਟੀਆਂ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ। ਹੁਣ ਵੀ ਸ੍ਰ.ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦਾ ਅਕਾਲੀ ਦਲ (ਬਾਦਲ) ਵਿੱਚ ਰਲੇਵਾਂ ਬਾਰੇ ਹੋਇਆ ਫੈਸਲਾ ਇਹਨਾਂ ਆਗੂਆਂ ਦੀ ਆਪਸੀ ਨਿੱਜੀ ਫੈਸਲਿਆਂ ਦੇ ਉਪਰ ਹੀ ਨਿਰਧਾਰਿਤ ਹੋਇਆ ਨਜ਼ਰ ਆ ਰਿਹਾ ਹੈ। ਸ੍ਰ.ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਦਲ ਤੋਂ ਅਲ੍ਹਿਦਾ ਹੋਣ ਦਾ ਫ਼ੈਸਲਾ ਬਾਦਲ ਦਲ ਦੀ ਸਾਖ ਖਰਾਬ ਹੁੰਦੀ ਵੇਖਦਿਆਂ ਸਿੱਖ ਸੰਗਤਾਂ ਦੀਆਂ ਵੋਟਾਂ ਨੂੰ ਆਪਣੇ ਪਾਸੇ ਖਿੱਚਣ ਅਤੇ ਭਾਜਪਾ ਵੱਲ ਜਾਣ ਲਈ ਲਿਆ ਸੀ। ਹੁਣ ਸਮਾਂ ਬੀਤਣ ਨਾਲ ਜਦੋਂ ਪਿਛਲੇ ਨਾਪ ਤੋਲ ਸਹੀ ਨਹੀਂ ਬੈਠੇ ਤਾਂ ਨਵੇਂ ਜੋੜ ਤੋੜ ਨਾਲ ਆਪਣੇ ਰਾਜਸੀ ਭਵਿੱਖ ਲਈ ਵਰਕਰਾਂ ਅਤੇ ਹੋਰਨਾ ਆਗੂਆਂ ਦੀ ਰਾਏ ਲਏ ਬਗੈਰ ਮੁੜ ਤੋਂ ਬਾਦਲ ਦਲ ਨਾਲ ਮਿਲਵਰਤਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹਾ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਦੇ ਬਿਆਨਾਂ ਤੋਂ ਸਪਸ਼ਟ ਹੁੰਦਾ ਹੈ। ਰਾਜਸੀ ਪਾਰਟੀਆਂ ਭਾਵੇਂ ਕਹਿਣ ਨੂੰ ਜਮਹੂਰੀਅਤ ਦੀ ਅਗਵਾਈ ਕਰਦੀਆਂ ਹੋਣ, ਪਰ ਅੰਦਰੂਨੀ ਜਮਹੂਰੀਅਤ ਅਜਿਹੀ ਨਜ਼ਰ ਨਹੀਂ ਆਉਂਦੀ।
ਪੰਜਾਬ ਦੇ ਲੋਕ ਹੁਣ ਕਿਸੇ ਵੀ ਪਾਰਟੀ ਤੋਂ ਕੋਈ ਆਸ ਨਹੀਂ ਰੱਖਦੇ, ਸਾਰੀਆਂ ਪਾਰਟੀਆਂ ਨਕਾਰੀਆਂ ਜਾ ਚੁੱਕੀਆਂ ਹਨ। ਪਾਰਟੀਆਂ ਦੇ ਗਠਜੋੜ ਅਤੇ ਆਪਸੀ ਤੋੜ ਵਿਛੋੜੇ ਸਿਰਫ ਨਿੱਜੀ ਮੁਫਾਦਾਂ ਦੀ ਖੇਡ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਆਪਣੇ ਇਲਾਕਾਈ ਦਿੱਕਤਾਂ ਦੇ ਹੱਲ ਵਾਸਤੇ ਖੁਦ ਹੀ ਭੂਮਿਕਾ ਨਿਭਾਉਣੀ ਪੈਣੀ ਹੈ।
ਭਾਈ ਮਲਕੀਤ ਸਿੰਘ
ਸੰਪਾਦਕ
Comments (0)