ਸਰਕਾਰੀ ਕਾਲਜ ਸਠਿਆਲਾ ਦੇ ਪੁਰਾਣੇ ਵਿਦਿਆਰਥੀ ਤੇ ਪ੍ਰਸਿੱਧ ਸਿੱਖ ਚਿੰਤਕ ਡਾ.ਸਰਬਜਿੰਦਰ ਸਿੰਘ ਜੀ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹੋਏ ਸੰਬੋਧਿਤ
ਲਗਨ ਦੇ ਨਾਲ ਤੁਸੀਂ ਕਿਤਾਬ ਨਾਲ ਮੁਹੱਬਤ ਕਰਨਾ ਸਿਖ ਗਏ ਤਾਂ ਕੁਦਰਤ ਦਾ ਆਕਰਸ਼ਣ ਨਿਯਮ ਪ੍ਰਾਪਤੀਆਂ ਲੈ ਕੇ ਤੁਹਾਡੇ ਵਲ ਤੁਰ ਪੈਂਦਾ ਹੈ : ਡਾ.ਸਰਬਜਿੰਦਰ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਗੁਰੂ ਤੇਗ ਬਹਾਦਰ ਸਰਕਾਰੀ ਕਾਲਜ ਸਠਿਆਲਾ ਵਲੋਂ ਪ੍ਰੋਗਰਾਮ ਵਿਸ਼ੇਸ਼ ਰੂ-ਬ-ਰੂ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਗੋਰਮਿੰਟ ਕਾਲਜ ਸਠਿਆਲਾ ਦੇ ਪੁਰਾਣੇ ਵਿਦਿਆਰਥੀ ਤੇ ਪ੍ਰਸਿੱਧ ਸਿੱਖ ਚਿੰਤਕ ਡਾ. ਸਰਬਜਿੰਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੌਮਾਂਤਰੀ ਸਿੱਖ ਚਿੰਤਕ ਡਾ.ਸਰਬਜਿੰਦਰ ਸਿੰਘ ਨੇ ਪੰਜਾਬੀ ਵਿਭਾਗ ਵਲੋਂ ਕਰਵਾਏ ਵਿਸ਼ੇਸ਼ ਰੂ-ਬ-ਰੂ ਵਿਚ ਸੰਬੋਧਨ ਹੁੰਦਿਆ ਕਾਲਜ ਵਿੱਚ ਬਿਤਾਏ ਸਾਲਾਂ ਨੂੰ ਯਾਦ ਕਰਦਿਆਂ ਹਿੰਦੁਸਤਾਨ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਰੁਤਬੇ ਆਸੀਨ ਹੋਣ ਦਾ ਬਿਰਤਾਂਤ ਸਾਂਝਾ ਕੀਤਾ । ਉਨਾਂ ਦੱਸਿਆ ਕਿ ਜੇਕਰ ਲਗਨ ਦੇ ਨਾਲ ਤੁਸੀਂ ਕਿਤਾਬ ਨਾਲ ਮੁਹੱਬਤ ਕਰਨਾ ਸਿਖ ਗਏ ਤਾਂ ਕੁਦਰਤ ਦਾ ਆਕਰਸ਼ਣ ਨਿਯਮ ਪ੍ਰਾਪਤੀਆਂ ਲੈ ਕੇ ਤੁਹਾਡੇ ਵਲ ਤੁਰ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਅਸੀਂ ਸ਼ੁਰੂ ਤੋਂ ਹੀ ਇਹ ਧਾਰਨਾ ਪ੍ਰਪੱਕ ਕਰ ਲੈਂਦੇ ਹਾਂ ਕਿ ਪੜਨ ਪੜ੍ਹਾਉਣ ਦਾ ਇਸ ਦੇਸ਼ ਵਿੱਚ ਕਾਰਜ ਸਮਾਂ ਖਰਾਬ ਕਰਨਾ ਹੈ ਜਦਕਿ ਸੱਚ ਇਸ ਦੇ ਵਿਪਰੀਤ ਹੈ । ਪ੍ਰਾਪਤੀਆਂ ਤੁਹਾਡੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਪਰ ਤੁਸੀਂ ਬੇਖਬਰ ਉਨਾਂ ਦੇ ਕੋਲੋਂ ਲੰਘ ਜਾਂਦੇ ਹਨ, ਇਵੇਂ ਮੰਜਲ ਪਿਛੇ ਰਹਿ ਜਾਂਦੀ ਹੈ ਤੇ ਤੁਸੀਂ ਕੁਲ ਜਿੰਦਗੀ ਖਲਾਅ ਵਿੱਚ ਲਟਕ ਜਾਂਦੇ ਹੋ। ਉਨਾਂ ਜਿੰਦਗੀ ਚ ਝੱਲੀਆਂ ਦੁਸ਼ਵਾਰੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਉਹ ਡਰੇ ਨਹੀਂ ਮੁਸ਼ਕਲਾਂ ਨੂੰ ਸਾਹਮਣੇ ਹੋ ਟੱਕਰੇ । ਆਖਰ ਸਫਲਤਾਵਾਂ ਪ੍ਰਾਪਤ ਕੀਤੀਆਂ ਤੇ ਅਜ ਵੀ ਅਕਾਦਮਿਕ ਸੰਸਾਰ ਵਿੱਚ ਉਹ ਅਹਿਮ ਰੁਤਬਿਆਂ ਤੇ ਉਹ ਕਾਰਜਸ਼ੀਲ ਹਨ । ਡਾ. ਸਰਬਜਿੰਦਰ ਸਿੰਘ ਜੀ ਨੇ ਇਸ ਸੰਸਥਾਂ ਲਈ ਅਲੂਮਨੀ ਬਨਾਉਣ ਲਈ ਕਾਲਜ ਦੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਤਾਂ ਜੋ ਪੁਰਾਣੇ ਵਿਦਿਆਰਥੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰ ਕੁਝ ਅਹਿਮ ਕੀਤਾ ਜਾਵੇ ।
ਇਸ ਪ੍ਰੋਗਰਾਮ ਦਾ ਆਯੋਜਨ ਪ੍ਰਿੰਸੀਪਲ ਤਜਿੰਦਰ ਕੌਰ ਜੀ ਦੀ ਅਗਵਾਈ ਵਿੱਚ ਇਥੋਂ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ.ਹਰਸਿਮਰਨ ਕੌਰ ਦੁਆਰਾ ਕੀਤਾ ਗਿਆ ਸੀ । ਡਾ.ਹਰਸਿਮਰਨ ਹੋਰਾਂ ਵਿਦਵਾਨ ਸਰੋਤੇ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਸਾਡਾ ਸਾਰਿਆਂ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ ਜਦ ਡਾ.ਸਰਬਜਿੰਦਰ ਸਿੰਘ ਜੀ ਇਸ ਸੰਸਥਾਂ 'ਚ ਸਾਡੇ ਸਨਮੁੱਖ ਹਨ। ਅਸੀਂ ਖੁਸ਼ੀ ਚ ਖੀਵੇ ਹੋ ਰਹੇ ਹਾਂ ਤੇ ਨਵੀਂ ਆਸ ਤੇ ਉਮੰਗ ਸਾਡੇ ਵਿੱਚ ਵੀ ਜਾਗੀ ਹੈ । ਇੰਨਾਂ ਦੁਆਰਾ ਨਿਰਧਾਰਤ ਪੈੜਾਂ ਚ ਪੈਰ ਪਾ ਕੇ ਤੁਰਨ ਦੀ ਅਸੀਂ ਹਰ ਕੋਸ਼ਿਸ਼ ਕਰਾਂਗੇ। ਕਾਲਜ ਪ੍ਰਿੰਸੀਪਲ ਡਾ. ਤਜਿੰਦਰ ਕੌਰ ਜੀ ਨੇ ਕਿਹਾ ਕਿ ਸਾਨੂੰ ਇਹ ਹਮੇਸ਼ਾ ਯਾਦ ਰਹੇਗਾ ਕਿ ਦੁਨੀਆਂ ਭਰ ਚ ਅਕਾਦਮਿਕਤਾ ਦਾ ਚਾਨਣ ਜਗਾਉਣ ਵਾਲਾ ਡਾ. ਸਰਬਜਿੰਦਰ ਸਿੰਘ ਜੀ ਸਾਡਾ ਵਿਦਿਆਰਥੀ ਹੈ । ਸੰਸਥਾ ਲਈ ਇਸ ਤੋਂ ਵੱਡੇ ਮਾਣ ਦੀ ਗਲ ਕੀ ਹੋ ਸਕਦੀ ਹੈ । ਵਿਦਿਆਰਥੀਆਂ ਨੇ ਬਹੁਤ ਉਤਸੁਕਤਾ ਨਾਲ ਸਰਬਜਿੰਦਰ ਸਿੰਘ ਹੋਰਾਂ ਨੂੰ ਸੁਣਿਆਂ ਤੇ ਉਨਾਂ ਦੀ ਸਫਲਤਾ ਬਾਰੇ ਅਨੇਕਾਂ ਸਵਾਲ ਕੀਤੇ ।
Comments (0)