ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਸੱਦੇ ਬਾਰੇ ਖੋਲ੍ਹੇ ਆਪਣੇ ਪੱਤੇ

ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਸੱਦੇ ਬਾਰੇ ਖੋਲ੍ਹੇ ਆਪਣੇ ਪੱਤੇ
ਇੱਕ ਪੁਰਾਣੀ ਤਸਵੀਰ ਵਿੱਚ; ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਸਿਮਰਜੀਤ ਸਿੰਘ ਬੈਂਸ, ਕੰਵਰ ਸੰਧੂ

ਚੰਡੀਗੜ੍ਹ: ਬੀਤੇ ਦਿਨੀਂ ਭਗਵੰਤ ਮਾਨ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਫੋਨ ਕਰਨ ਸਬੰਧੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਜਿਹਨਾਂ ਸਬੰਧੀ ਸਾਫ ਕਰਦਿਆਂ ਅੱਜ ਆਪ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਅਤੇ ਕੰਵਰ ਸੰਧੂ ਨੂੰ ਫੋਨ ਕਰਕੇ ਲੋਕ ਸਭਾ ਵਿੱਚ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਗੱਲ ਕੀਤੀ ਸੀ ਤੇ ਇਸ ਦੌਰਾਨ ਏਕਤਾ ਸਬੰਧੀ ਕੋਈ ਗੱਲ ਨਹੀਂ ਹੋਈ। 

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, "ਅਸੀ ਏਕਤਾ ਦੇ ਹਾਮੀ ਹਾਂ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ- ਭਾਜਪਾ ਤੋਂ ਬਰਾਬਰ ਦੂਰੀ ਰੱਖਦੀ ਕਿਉਂਕਿ ਇਹਨਾਂ ਲੋਕ ਸਭਾ ਚੋਣਾਂ ਦੋਰਾਨ ਵੀ ਕੇਜਰੀਵਾਲ ਨੇ ਕਾਂਗਰਸ ਨਾਲ ਗਠਬੰਧਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹੋ ਸਕਦਾ ਹੈ ਕਿ ਅਗਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਪ ਦਾ ਗਠਜੋੜ ਹੋ ਜਾਵੇ। ਜਿੱਥੇ ਇੱਕ ਪਾਸੇ ਭਗਵੰਤ ਮਾਨ ਨੇ ਜ਼ੀ ਟੀਵੀ ਦੀ ਇੰਟਰਵਿਊ ਵਿੱਚ ਏਕਤਾ ਦੀ ਗੱਲ ਕੀਤੀ ਉੱਥੇ ਹੀ ਦੂਸਰੇ ਪਾਸੇ ਮੇਰੇ ਉੱਪਰ ਆਪ ਨੂੰ ਕਮਜ਼ੋਰ ਕਰਨ ਅਤੇ ਬਠਿੰਡਾ ਵਿੱਚ ਬਾਦਲਾਂ ਦੀ ਮਦਦ ਕਰਨ ਦੇ ਇਲਜ਼ਾਮ ਲਗਾਏ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੰਟਰਵਿਊ ਏਕਤਾ ਲਈ ਕੀਤੀ ਗਈ ਕੋਸ਼ਿਸ਼ ਹੈ? ਕੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਲਈ ਵੀ ਮੈਂ ਜ਼ੁੰਮੇਵਾਰ ਹਾਂ? ਜੇਕਰ ਮੈਨੂੰ ਪਈਆਂ ਵੋਟਾਂ ਨੇ ਹਰਸਿਮਰਤ ਨੂੰ ਜਿਤਾਇਆ ਤਾਂ ਕੀ ਆਮ ਆਦਮੀ ਪਾਰਟੀ ਨੂੰ ਪਈਆਂ 1.32 ਲੱਖ ਵੋਟਾਂ ਨੇ ਹਰਸਿਮਰਤ ਹਰਾ ਦਿੱਤੀ?"

ਇਸ ਬਿਆਨ ਤੋਂ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਅਤੇ ਆਪ ਦੇ ਵਤੀਰੇ ਪ੍ਰਤੀ ਆਪਣੀ ਨਰਾਜ਼ਗੀ ਦਾ ਵੀ ਖੁੱਲਮ ਖੁੱਲ੍ਹਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਆਪਣੀ ਭਵਿੱਖੀ ਰਾਜਸੀ ਰਣਨੀਤੀ ਬਾਰੇ ਸਾਫ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਤੀਸਰੇ ਬਦਲ ਵਜੋਂ ਉਹ ਪੰਜਾਬ ਡੈਮੋਕਰੈਟਿਕ ਅਲਾਇੰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਤੇ ਆਪ ਵਿੱਚ ਵਾਪਿਸ ਸ਼ਾਮਿਲ ਹੋਣ ਦੀਆਂ ਸਾਰੀਆਂ ਅਫਵਾਹਾਂ ਨੂੰ ਰੱਦ ਕਰ ਦਿੱਤਾ। 

ਸੁਖਪਾਲ ਖਹਿਰਾ ਨੇ ਲਿਖਿਆ, "ਹਾਂ ਅਸੀਂ ਪੰਜਾਬ ਵਿੱਚ ਤੀਸਰੇ ਬਦਲ ਦੇ ਹਮਾਇਤੀ ਹਾਂ, ਸੱਭ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ, ਡਾ. ਗਾਂਧੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਉਪਰੰਤ ਜੇਕਰ ਆਮ ਆਦਮੀ ਪਾਰਟੀ ਵਿਸ਼ਵਾਸ ਦਿਵਾਉਂਦੀ ਹੈ ਕਿ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ ਤਾਂ ਉਹ ਸਾਡੇ ਅਲਾਇੰਸ ਵਿੱਚ ਸ਼ਾਮਿਲ ਹੋ ਸਕਦੀ ਹੈ। ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਆਸ ਕਰਦਾ ਹਾਂ ਕਿ ਇਹ ਪੋਸਟ ਏਕਤਾ ਸੰਬੰਧੀ ਚਲ਼ ਰਹੀਆਂ ਚਰਚਾਵਾਂ ਬਾਰੇ ਸਥਿਤੀ ਸਪੱਸ਼ਟ ਕਰ ਦੇਵੇਗੀ।"

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ