ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ 1 ਜੂਨ ਨੂੰ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ 1 ਜੂਨ ਨੂੰ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਗੁਰਦੁਆਰਾ ਹੇਮਕੁੰਟ ਸਾਹਿਬ

ਚੰਡੀਗੜ੍ਹ: ਉੱਤਰਾਖੰਡ ਵਿਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਹਫ਼ਤਾ ਪੱਛੜ ਕੇ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਫਿਲਹਾਲ ਬਰਫ ਵਧੇਰੇ ਹੋਣ ਕਾਰਨ ਸੰਗਤਾਂ ਨੂੰ ਲਗਪਗ ਤਿੰਨ ਕਿਲੋਮੀਟਰ ਰਸਤਾ ਬਰਫ ਵਿਚੋਂ ਲੰਘ ਕੇ ਜਾਣਾ ਪਵੇਗਾ।

ਇਸ ਦੌਰਾਨ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਜਾਵੇਗੀ। ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਅਜੇ ਵੀ ਬਰਫ ਜੰਮੀ ਹੋਈ ਹੈ। ਭਾਰਤੀ ਫੌਜ ਦੇ ਜਵਾਨਾਂ ਵਲੋਂ ਬਰਫ ਨੂੰ ਕੱਟ ਕੇ ਗੁਰਦੁਆਰੇ ਨੂੰ ਜਾਣ ਲਈ ਰਸਤਾ ਬਣਾਇਆ ਗਿਆ ਹੈ। ਸਾਲਾਨਾ ਯਾਤਰਾ ਸਬੰਧੀ ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਵਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 

ਟਰਸੱਟ ਦੇ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹੇ ਜਾਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 29 ਮਈ ਨੂੰ ਗੁਰਦੁਆਰਾ ਗੋਬਿੰਦਘਾਟ ਵਿਖੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਅਖੰਡ ਪਾਠ ਰੱਖਿਆ ਜਾਵੇਗਾ, ਜਿਸ ਦਾ ਭੋਗ 31 ਮਈ ਨੂੰ ਪਵੇਗਾ। ਪਹਿਲੀ ਜੂਨ ਨੂੰ ਸੰਗਤਾਂ ਦਾ ਜਥਾ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜੇਗਾ, ਜਿਥੇ ਸਵੇਰੇ ਗੁਰਦੁਆਰੇ ਦੇ ਕਿਵਾੜ ਖੋਲਣ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ