ਵਾਸ਼ਿੰਗਟਨ ਡੀਸੀ ਦੇ ਸਕੂਲਾਂ ਵਿਚ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣ ਸਕਣਗੇ

ਵਾਸ਼ਿੰਗਟਨ ਡੀਸੀ ਦੇ ਸਕੂਲਾਂ ਵਿਚ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣ ਸਕਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ  : ਵਾਸ਼ਿੰਗਟਨ ਡੀਸੀ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਹੁਣ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਡਿਸਟ੍ਰਿਕਟ ਆਫ ਕੋਲੰਬੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਨਵੇਂ ਸਮਾਜਿਕ ਅਧਿਐਨ ਨਿਯਮਾਂ ਦੇ ਹੱਕ ਵਿਚ ਮਤਦਾਨ ਕੀਤਾ ਹੈ ਜਿਸ ਤੋਂ ਬਾਅਦ ਸਿੱਖ ਧਰਮ ਨੂੰ ਸਕੂਲੀ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ। ਅਮਰੀਕਾ ਦੇ 17 ਸੂਬਿਆਂ ਵਿਚ ਪਹਿਲਾਂ ਤੋਂ ਹੀ ਸਕੂਲਾਂ ਵਿਚ ਸਿੱਖ ਧਰਮ ਬਾਰੇ ਪੜ੍ਹਾਇਆ ਜਾਂਦਾ ਹੈ।

ਸਿੱਖ ਕੁਲੀਸ਼ਨ ਅਨੁਸਾਰ ਨਵੇਂ ਸਟੈਂਡਰਡ ਸੂਬੇ ਵਿਚ ਲਗਪਗ 49,800 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਦੇਣਗੇ। ਸਿੱਖ ਕੁਲੀਸ਼ਨ ਦੇ ਸਿੱਖਿਆ ਡਾਇਰੈਕਟਰ ਹਰਮਨ ਸਿੰਘ ਨੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕੱਟੜਤਾ,ਨਸਲਵਾਦ ਨਾਲ ਨਜਿੱਠਣ ਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਇਕ ਹੋਰ ਅਹਿਮ ਕਦਮ ਹੈ। ਇਸ ਤੋਂ ਪਹਿਲਾਂ ਵਰਜੀਨੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਅਪ੍ਰੈਲ ਵਿਚ ਇਤਿਹਾਸ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ਦੇ ਨਵੇਂ ਨਿਯਮਾਂ ਦੇ ਹੱਕ ਵਿਚ ਮਤਦਾਨ ਕੀਤਾ ਸੀ, ਜਿਸ ਵਿਚ ਸਿੱਖ ਧਰਮ ਵੀ ਸ਼ਾਮਲ ਹੈ। ਸਿੱਖ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਸਿਆਸਤ, ਖੇਤੀ, ਇੰਜੀਨੀਅਰਿੰਗ ਤੇ ਮੈਡੀਕਲ ਦੇ ਖੇਤਰ ਵਿਚ 125 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਅਮਰੀਕੀ ਸਮਾਜ ਵਿਚ ਯੋਗਦਾਨ ਦਿੱਤਾ ਹੈ।