ਦਿੱਲੀ ਹਿੰਸਾ ਮਗਰੋਂ ਬੇਘਰ ਹੋਈਆਂ ਬੀਬੀਆਂ: ਨਾ ਘਰ ਰਹੇ, ਨਾ ਇੱਜ਼ਤਾਂ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਮੀਡੀਆ ਤੇ ਸਿਆਸਤਦਾਨਾਂ ਵਲੋਂ 1984 ਦੇ ਕਤਲੇਆਮ ਲਈ ਦੰਗੇ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ ਮੌਜੂਦਾ 2020 ਹਿੰਸਾ ਜਿਸ ਵਿਚ ਮੁਸਲਮਾਨ ਭਾਈਚਾਰਾ ਬੁਰੀ ਤਰ੍ਹਾਂ ਬਰਬਾਦ ਹੋਇਆ, ਲਈ ਵੀ ਦੰਗਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੋਵਾਂ ਮਾਮਲਿਆਂ ਵਿਚ ਹਮਲਾਵਰ ਹਿੰਸਕ ਟੋਲੇ ਦੇਸ਼ ਦੀ ਵੱਡੀ ਬਹੁਗਿਣਤੀ ਵਾਲੇ ਭਾਈਚਾਰੇ ਨਾਲ ਸਬੰਧਿਤ ਸਨ, ਜੋ ਕਿ ਸੱਤਾਧਾਰੀ ਧਿਰਾਂ ਦੇ ਨੇਤਾਵਾਂ ਵਲੋਂ ਕਰਵਾਏ ਦੱਸੇ ਜਾਂਦੇ ਹਨ। ਇਹ ਠੀਕ ਹੈ ਕਿ ਅਜੋਕੀ ਹਿੰਸਾ ਵਿਚ ਬਹੁਗਿਣਤੀ ਭਾਈਚਾਰੇ ਅਤੇ ਵੱਡੀ ਘੱਟਗਿਣਤੀ ਦੇ ਧੜਿਆਂ ਦੌਰਾਨ ਕੁਝ ਝੜਪਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪਰ ਇਨ੍ਹਾਂ ਝੜਪਾਂ ਦੌਰਾਨ ਵੀ ਵੱਡੀ ਘੱਟਗਿਣਤੀ ਦਾ ਕੋਈ ਗਰੁੱਪ ਜਥੇਬੰਦ ਹੋ ਕੇ ਦੂਜੇ ਇਲਾਕਿਆਂ ਵਿਚ ਨਹੀਂ ਗਿਆ, ਬਲਕਿ ਆਪਣੀ ਸੁਰੱਖਿਆ ਵਿਚ ਕਾਰਵਾਈ ਕੀਤੀ ਹੈ। ਹਾਲਾਂ ਕਿ ਬਹੁਤ ਸਾਰੀਆਂ ਵੀਡੀਓ ਫਿਲਮਾਂ ਸ਼ੋਸ਼ਲ ਮੀਡੀਆ ਵਿਚ ਮਿਲ ਰਹੀਆਂ ਹਨ ਕਿ ਪੁਲੀਸ ਦੀ ਹਾਜ਼ਰੀ ਵਿਚ ਇਹ ਹਿੰਸਾ ਹੋਈ। ਕਈ ਥਾਂ 'ਤੇ ਪੁਲੀਸ ਦੀ ਵਰਦੀ ਵਿਚ ਕੁਝ ਲੋਕ ਹਿੰਸਾ ਕਰਦੇ ਦਿਖਾਈ ਦੇ ਰਹੇ ਹਨ। ਦਿੱਲੀ ਸਿੱਖ ਕਤਲੇਆਮ ਵਾਂਗ ਇਹ ਵੀ ਹਿੰਸਾ ਧਾਰਮਿਕ ਘੱਟਗਿਣਤੀਆਂ ਖ਼ਿਲਾਫ਼ ਗਿਣ-ਮਿਥ ਕੇ ਜਥੇਬੰਦਕ ਢੰਗ ਨਾਲ ਕੀਤੀ ਗਈ। ਨਫਰਤ ਦਾ ਮਾਹੌਲ ਸੱਤਾਧਾਰੀ ਧਿਰ ਦੇ ਕੁਝ ਨੇਤਾਵਾਂ ਵਲੋਂ ਸਿਰਜਿਆ ਗਿਆ ਤੇ ਨਫ਼ਰਤ ਭਰਪੂਰ ਨਾਅਰੇ ਲਗਾਏ ਗਏ। ਦਿੱਲੀ ਵਿਚ ਹੋਈ ਹਿੰਸਾ ਦੌਰਾਨ ਬਹੁਤ ਸਾਰੇ ਲੋਕ ਬੰਦੂਕਾਂ ਦੀਆਂ ਗੋਲੀਆਂ ਤੇ ਤੇਜ਼ਾਬੀ ਬੰਬਾਂ ਨਾਲ ਜ਼ਖ਼ਮੀ ਕੀਤੇ ਗਏ।
ਇਸ ਹਿੰਸਾ ਵਿਚ ਇਕ ਪੁਲੀਸ ਮੁਲਾਜ਼ਮ ਤੇ ਇਕ ਆਈਬੀ ਦਾ ਅਫਸਰ ਮਾਰਿਆ ਗਿਆ, ਜੋ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀ, ਪਰ ਇਸ ਦੇ ਬਾਵਜੂਦ ਇਸ ਨੂੰ ਦੋ ਤਰਫਾ ਹਿੰਸਾ ਨਹੀਂ ਕਿਹਾ ਜਾ ਸਕਦਾ। ਜੇਕਰ ਅਸੀਂ ਇਸ ਨੂੰ ਦੰਗੇ ਕਹਿੰਦੇ ਹਾਂ ਤਾਂ ਅਸੀਂ ਮੁਸਲਮਾਨ ਭਾਈਚਾਰੇ ਤੇ ਘੱਟ ਗਿਣਤੀਆਂ ਨਾਲ ਬੇਇਨਸਾਫੀ ਕਰ ਰਹੇ ਹਾਂ। ਇੱਥੋਂ ਤੱਕ ਸਰਕਾਰੀ ਹਸਪਤਾਲਾਂ ਵਿਚ ਮੁਸਲਮਾਨ ਭਾਈਚਾਰੇ ਨਾਲ ਵਿਤਕਰਾ ਕੀਤਾ ਗਿਆ ਤੇ ਉਨ੍ਹਾਂ ਦਾ ਇਲਾਜ ਵੀ ਠੀਕ ਤਰ੍ਹਾਂ ਨਾ ਕੀਤਾ ਗਿਆ। ਇਹ ਸ਼ਿਕਾਇਤਾਂ ਉਸ ਸਮੇਂ ਮਿਲੀਆਂ, ਜਦੋਂ ਮੈਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਟੀਮ ਦੇ ਨਾਲ ਦਿੱਲੀ ਵਿਖੇ ਗਿਆ। ਸ. ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ, ਸਾਹਿਬ ਸਿੰਘ, ਦਿੱਲੀ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ ਸ਼ਾਮਲ ਸਨ।
ਜਿੱਥੋਂ ਤੱਕ ਰਾਹਤ ਕੈਪਾਂ ਦਾ ਸੁਆਲ ਹੈ ਮੈਂ ਈਦਗਾਹ ਮੁਸਤਫਾਪੁਰ ਵਾਲੇ ਇਲਾਕੇ ਵਿਚ ਗਿਆ ਸਾਂ, ਇੱਥੇ ਹਜ਼ਾਰ ਲੋਕਾਂ ਦਾ ਰਾਹਤ ਕੈਂਪ ਲੱਗਾ ਹੋਇਆ ਹੈ, ਬਹੁਗਿਣਤੀ ਔਰਤਾਂ ਸ਼ਾਮਲ ਹਨ। ਇੱਥੇ ਰਹਿਣ, ਖਾਣ, ਪਾਣੀ, ਕੱਪੜਿਆਂ, ਦਵਾਈਆਂ ਤੇ ਦੇਖਭਾਲ ਦੀ ਘਾਟ ਮਹਿਸੂਸ ਹੋਈ। ਇਨ੍ਹਾਂ ਲੋਕਾਂ ਤੋਂ ਪਤਾ ਲੱਗਿਆ ਕਿ ਪੀੜਤਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਪਿੰਡਾਂ ਵਿਚ ਸ਼ਰਨ ਲਈ ਹੋਈ ਹੈ। ਪੀੜਤਾਂ ਦੀ ਮਦਦ ਜ਼ਿਆਦਾਤਰ ਸਿੱਖ ਭਾਈਚਾਰਾ ਕਰ ਰਿਹਾ ਹੈ। 20 ਤੋਂ 50 ਲੋਕ ਮਿਲ ਕੇ ਪੀੜਤ ਲੋਕਾਂ ਦੇ ਰਹਿਣ ਤੇ ਖਾਣ ਪੀਣ ਦਾ ਇੰਤਜ਼ਾਮ ਕਰ ਰਹੇ ਹਨ। ਖਾਲਸਾ ਏਡ ਦੇ ਵਲੰਟੀਅਰਾਂ ਨੇ ਵੀ ਪੀੜਤਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੀ ਸਨਮਾਨਜਨਕ ਢੰਗ ਨਾਲ ਮਦਦ ਕਰਦੀ ਪਰ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੁਲੀਸ ਦਾ ਵਰਤਾਰਾ ਵੀ ਉਨ੍ਹਾਂ ਪ੍ਰਤੀ ਠੀਕ ਨਹੀਂ।
ਜਦੋਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਟਰੱਕ ਰਾਹੀਂ ਰਾਸ਼ਨ ਵੰਡ ਰਹੀ ਸੀ ਤਾਂ ਇਕ ਪੁਲੀਸ ਦੀ ਗੱਡੀ ਆਈ ਤਾਂ ਪੁਲੀਸ ਦੀ ਗੱਡੀ ਵਿਚ ਉੱਚੀ ਉੱਚੀ ਹੂਟਰ ਵੱਜਣ ਲੱਗ ਪਏ ਕਿ ਇਥੋਂ ਟਰੱਕ ਪਰੇ ਕਰ ਲਿਆ ਜਾਵੇ। ਮੈਂ ਉਸ ਸਮੇਂ ਆਪਣਾ ਪੱਤਰਕਾਰੀ ਦਾ ਕਾਰਡ ਦਿਖਾਇਆ ਤੇ ਪੁੱਛਿਆ ਕਿ ਰਸਤਾ ਤੇ ਲੰਘਣਯੋਗ ਹੈ, ਤੁਸੀਂ ਲੰਘ ਕਿਉਂ ਨਹੀਂ ਜਾਂਦੇ? ਇਹ ਤਾਂ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ। ਸਰਕਾਰ ਵਾਲਾ ਕੰਮ ਕਰ ਰਹੇ ਹਨ। ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਪੁਲੀਸ ਵਾਲੇ ਉਸ ਸਮੇਂ ਝੱਟ ਹੀ ਕੋਈ ਜਵਾਬ ਦਿੱਤੇ ਬਿਨਾ ਚਲੇ ਗਏ। ਮੈਂ ਸਮਝਦਾ ਹਾਂ ਕਿ ਇਸ ਨਫਰਤ ਭਰਪੂਰ ਹਿੰਸਾ ਨੇ ਜੋ ਜਖ਼ਮ ਮੁਸਲਮਾਨ ਭਾਈਚਾਰੇ ਨੂੰ ਦਿੱਤੇ ਹਨ, ਉਨ੍ਹਾਂ ਨੂੰ ਸ਼ਾਇਦ ਹੀ ਕਦੇ ਭਰਿਆ ਜਾ ਸਕੇ। ਜੇਕਰ ਸਰਕਾਰ ਸੰਵੇਦਨਸ਼ੀਲਤਾ ਦਿਖਾਵੇ ਤਾਂ ਉਨ੍ਹਾਂ ਦੇ ਜਖਮਾਂ ਨੂੰ ਮਲ੍ਹਮ ਲੱਗ ਸਕਦੀ ਹੈ।
ਰਾਹਤ ਕੈਪਾਂ ਵਿਚ ਕੁਝ ਔਰਤਾਂ ਨਾਲ ਵੀ ਮੇਰੀ ਗੱਲ ਹੋਈ। ਔਰਤਾਂ ਨੇ ਦੱਸਿਆ ਕਿ ਕੁਝ ਛੇੜਛਾੜ ਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਗਿਆ ਹੈ ਤੇ ਉਨ੍ਹਾਂ ਨਾਲ ਸਰੀਰਕ ਹਿੰਸਾ ਵੀ ਹੋਈ ਹੈ। ਚਾਂਦਬਾਗ ਵਿਚ ਜਦ ਮੁਸਲਮਾਨ ਹਿੰਸਕ ਲੋਕਾਂ ਦੀ ਭੀੜ ਤੋਂ ਜਾਣ ਬਚਾ ਰਹੇ ਸਨ ਤਦ ਇਹ ਔਰਤਾਂ ਆਪਣੀ ਜਾਨ ਦੇ ਨਾਲ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਵਿਚ ਸਨ। ਇਹ ਔਰਤਾਂ ਡਰਦੀਆਂ ਹਨ ਕਿ ਸਮਾਜ ਵਿਚ ਉਨ੍ਹਾਂ ਦੀ ਬੇਇਜ਼ਤੀ ਹੋਵੇਗੀ ਤੇ ਪੁਲੀਸ ਉਨ੍ਹਾਂ ਨੂੰ ਹੋਰ ਧਮਕਾਏਗੀ, ਇਸ ਲਈ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ। ਮਨੁੱਖੀ ਅਧਿਕਾਰ ਸੰਗਠਨ ਵੀ ਇਨ੍ਹਾਂ ਦੀ ਮਦਦ 'ਤੇ ਨਹੀਂ ਆਏ ਤੇ ਨਾ ਹੀ ਕੋਈ ਵਕੀਲਾਂ ਦੀ ਜਥੇਬੰਦੀ ਇਨ੍ਹਾਂ ਦੀ ਮਦਦ 'ਤੇ ਪਹੁੰਚੀ ਹੈ।
ਇਸ ਕੈਂਪ ਦੌਰਾਨ ਹਿੰਸਕ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਇਹਨਾਂ ਪੀੜਤਾਂ ਵਿਚ ਕੋਈ ਮਾਂ ਹੈ, ਜਿਸ ਦੀਆਂ ਦੋ ਬੇਟੀਆਂ ਦਾ ਵਿਆਹ ਇਸੇ ਸਾਲ ਹੋਣਾ ਹੈ। ਕੋਈ ਉਧੇੜ ਉਮਰ ਦੀ ਵਿਧਵਾ ਹੈ, ਕਈ ਨਵ-ਵਿਆਹੀਆਂ ਔਰਤਾਂ ਹਨ। ਇਨ੍ਹਾਂ ਔਰਤਾਂ ਵਿਚ ਇਸ ਤਰ੍ਹਾਂ ਦਹਿਸ਼ਤ ਛਾਈ ਹੋਈ ਹੈ ਕਿ ਉਹ ਆਪਣੀ ਰਿਪੋਰਟ ਜਾਂ ਸ਼ਿਕਾਇਤ ਥਾਣੇ ਵਿਚ ਦਰਜ ਨਹੀਂ ਕਰਵਾਉਣਾ ਚਾਹੁੰਦੀਆਂ। ਉਨ੍ਹਾਂ ਨੂੰ ਪੁਲੀਸ ਤੋਂ ਵੀ ਡਰ ਲੱਗਦਾ ਹੈ। ਰਾਹਤ ਕੈਂਪ ਵਿਚ 26 ਸਾਲ ਦੀ ਬੁਰਕਾ ਪਾਈ ਆਫਰੀਨ ਮਿਲੀ, ਜੋ ਆਪਣੇ ਘਰ ਵਾਲੇ ਨਾਲ ਚਾਂਦ ਬਾਗ ਵਿਚ ਰਹਿੰਦੀ ਸੀ, ਉਸ ਦੇ ਵਿਆਹ ਨੂੰ ਡੇਢ ਸਾਲ ਹੋਇਆ ਸੀ। ਉਸ ਦੇ ਚਿਹਰੇ 'ਤੇ ਪੀੜਾ ਸਾਫ ਦਿਖਾਈ ਦੇ ਰਹੀ ਸੀ। ਉਸ ਨੇ ਦੱਸਿਆ ਕਿ 24 ਫਰਵਰੀ ਦੀ ਰਾਤ ਅਚਾਨਕ ਕੁਝ ਗੁੰਡੇ ਛੱਤ ਟੱਪ ਕੇ ਸਾਡੇ ਘਰ ਆ ਵੜੇ। ਸਾਡੇ ਘਰ ਦੇ ਨਾਲ ਇਕ ਖਾਲੀ ਪਲਾਟ ਹੈ, ਉਥੋਂ ਹੀ ਭੀੜ ਘਰ ਵਿਚ ਵੜੀ ਤੇ ਸਮਾਨ ਭੰਨ੍ਹਣ ਲੱਗ ਪਈ। ਮੈਂ ਤੇ ਮੇਰਾ ਘਰ ਵਾਲਾ ਮੇਨ ਗੇਟ ਵਲ ਭੱਜ ਪਏ, ਪਰ ਭੀੜ ਨੇ ਸਾਨੂੰ ਫੜ ਲਿਆ। ਮੈਨੂੰ ਗਾਲ੍ਹਾਂ ਕੱਢੀਆਂ ਤੇ ਮੇਰਾ ਬੁਰਕਾ ਖਿੱਚ ਕੇ ਪਾੜ ਦਿੱਤਾ। ਮੇਰੇ ਸ਼ੋਅਰ ਮੈਨੂੰ ਬਚਾਉਣ ਦੌੜੇ ਤਾਂ ਹਿੰਸਕ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਗੁੰਡੇ ਮੇਰੇ ਨਾਲ ਛੇੜਾਖਾਨੀ ਕਰਨ ਲੱਗ ਪਏ। ਇਸ ਦੌਰਾਨ ਸ਼ੋਰ ਸ਼ਰਾਬਾ ਸੁਣ ਕੇ ਗੁਆਂਢ ਤੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਸਾਨੂੰ ਬਚਾਇਆ। ਅਸੀਂ ਗੁਆਂਢੀ ਹਿੰਦੂਆਂ ਦੇ ਘਰ ਆਪਣੀ ਰਾਤ ਗੁਜਾਰੀ ਤੇ ਹੁਣ ਅਸੀਂ ਕੈਂਪ ਵਿਚ ਹਾਂ। ਆਫਰੀਨ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਕਿਹਾ ਕਿ ਮੈਨੂੰ ਬੁਰੀ ਤਰ੍ਹਾਂ ਨੋਚਿਆ ਗਿਆ, ਪਰ ਮੇਰੀ ਇੱਜ਼ਤ ਬਚ ਗਈ। ਸਾਡਾ ਘਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ। ਹੁਣ ਅਸੀਂ ਇਸ ਰਾਹਤ ਕੈਂਪ ਵਿਚ ਹਾਂ। ਸਾਡੀ ਸਿੱਖ ਭਾਈਚਾਰਾ ਮਦਦ ਕਰ ਰਿਹਾ ਹੈ।
ਉੱਥੇ ਇਕ ਹੋਰ ਲੜਕੀ ਰੇਸ਼ਮਾ ਮਿਲੀ ਜੋ ਤਲਾਕਸ਼ੁਧਾ ਹੈ ਤੇ ਆਪਣੇ ਮਾਤਾ-ਪਿਤਾ ਕੋਲ ਦੋ ਬੱਚਿਆਂ ਨਾਲ ਚਾਂਦ ਬਾਗ ਰਹਿੰਦੀ ਸੀ। ਰੇਸ਼ਮਾ ਦਸਦੀ ਹੈ, "24 ਫਰਵਰੀ ਦੀ ਰਾਤ ਨੂੰ ਮੁਹੱਲੇ 'ਤੇ ਹਮਲਾ ਹੋਇਆ। ਸਵੇਰੇ ਖਬਰਾਂ ਮਿਲ ਰਹੀਆਂ ਸਨ ਕਿ ਘਰ ਫੂਕੇ ਜਾ ਰਹੇ, ਲੁੱਟੇ ਜਾ ਰਹੇ ਹਨ। ਕੁਝ ਸਮੇਂ ਵਿਚ ਹਿੰਸਕ ਲੋਕ ਉੱਥੇ ਆ ਪਹੁੰਚੇ ਜੋ ਪੈਟਰੋਲ ਬੰਬ ਸੁੱਟ ਰਹੇ ਸਨ। ਸਾਡੇ ਘਰ ਦਾ ਇਕ ਹਿੱਸਾ ਅੱਗ ਨਾਲ ਸੜ ਚੁੱਕਾ ਸੀ। ਘਰ ਕੱਚਾ ਸੀ ਢਹਿ ਢੇਰੀ ਹੋਣ ਲੱਗਾ ਅਸੀਂ ਭੱਜ ਕੇ ਬਾਹਰ ਨਿਕਲੇ। ਰਸਤੇ ਵਿਚ ਹਿੰਸਕ ਗੁੰਡਿਆਂ ਨੇ ਮੈਨੂੰ ਫੜ ਲਿਆ ਤੇ ਮੇਰੇ ਕੱਪੜੇ ਪਾੜ ਦਿੱਤੇ ਤੇ ਮੇਰੇ ਨਾਲ ਛੇੜਾਖਾਨੀ ਕੀਤੀ। ਮੇਰੇ ਗਲੇ 'ਤੇ ਅਜੇ ਵੀ ਵਹਿਸ਼ੀ ਦੇ ਦੰਦ ਦੇ ਨਿਸ਼ਾਨ ਹਨ। ਹਿੰਸਕ ਲੋਕਾਂ ਦੇ ਲਈ ਤਾਂ ਔਰਤਾਂ ਖਿਡੌਣਾ ਹੁੰਦੀਆਂ ਹਨ।"
ਉੱਥੇ ਤਰੁਨਮ ਨਾਮ ਦੀ ਔਰਤ ਮਿਲੀ, ਜਿਸਦਾ ਪਤੀ ਤੇ ਦੋ ਜਵਾਨ ਬੇਟੀਆਂ ਨਾਲ ਸਨ। ਤਰੁਨਮ ਨੇ ਮੈਨੂੰ ਦੱਸਿਆ ਕਿ ਜੀ ਕੇ ਕੀ ਕਰਾਂਗੇ ਸਾਡਾ ਤਾਂ ਕੁਝ ਨਹੀਂ ਬਚਿਆ। ਨਾ ਪੈਸਾ ਨਾ ਘਰ ਨਾ ਇੱਜ਼ਤ। ਉਸ ਦੀਆਂ ਦੋ ਬੇਟੀਆਂ ਦਾ ਇਸੇ ਸਾਲ ਨਿਕਾਹ ਹੋਣਾ ਹੈ। ਤਰੁਨਮ ਕਹਿੰਦੀ ਹੈ, "ਬਲਾਤਕਾਰ ਕਿਸ ਨੂੰ ਕਹਿੰਦੇ ਹਨ, ਇਨ੍ਹਾਂ ਕੁੱਤਿਆਂ ਨੇ ਮੇਰਾ ਸਰੀਰ ਨੋਚ ਦਿੱਤਾ, ਲਿਹਾਜ਼ ਹੀ ਨਹੀਂ ਕੀਤਾ ਉਹ ਸਾਰੇ 20-21 ਸਾਲ ਦੇ ਮੁੰਡੇ ਸਨ। ਉਨ੍ਹਾਂ ਨੇ ਮੇਰੀ ਸੋਨੇ ਦੀ ਅੰਗੂਠੀ ਲੁੱਟ ਲਈ, ਮੇਰੇ ਲੱਕ ਦੇ ਹੇਠਾਂ ਨੀਲੇ ਨਿਸ਼ਾਨ ਪਏ ਹੋਏ ਹਨ। ਉਸ ਵਕਤ ਮੇਰੀਆਂ ਬੇਟੀਆਂ ਘਰ ਵਿਚ ਨਹੀਂ ਸਨ, ਰਿਸ਼ਤੇਦਾਰਾਂ ਦੇ ਘਰ ਗਈਆਂ ਸਨ, ਇਹ ਦਰਿੰਦੇ ਉਨ੍ਹਾਂ ਨੂੰ ਵੀ ਨੋਚ ਕੇ ਖਾ ਜਾਂਦੇ।"
ਉੱਥੇ ਇਕ ਔਰਤ ਸ਼ਬਾਨਾ ਮਿਲੀ। ਉਸ ਦੇ ਪਤੀ ਦਾ ਪੰਜ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ, ਉਸ ਦਾ ਕੋਈ ਬੱਚਾ ਨਹੀਂ ਹੈ। ਉਹ ਪੰਜ ਸਾਲ ਤੋਂ ਚਾਂਦ ਬਾਗ ਦੇ ਇਕ ਕਮਰੇ ਵਿਚ ਇਕੱਲੀ ਰਹਿ ਰਹੀ ਸੀ ਤੇ ਸਿਲਾਈ ਕਢਾਈ ਨਾਲ ਆਪਣਾ ਘਰ ਚਲਾਉਂਦੀ ਸੀ। ਉਸ ਨੇ ਦੱਸਿਆ, "25 ਫਰਵਰੀ ਨੂੰ ਜਦ ਹਿੰਸਕ ਗੁੰਡੇ ਮੁਹੱਲੇ ਪਹੁੰਚੇ ਤਾਂ ਮੈਨੂੰ ਇੰਝ ਲੱਗਿਆ ਕਿ ਅਸੀਂ ਕਿਸੇ ਹੋਰ ਦੇਸ ਵਿਚ ਹਾਂ। ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਤੇ ਸਾਡਾ ਸਾਰਾ ਸਮਾਨ ਭੰਨ੍ਹ ਦਿੱਤਾ। ਉਨ੍ਹਾਂ ਨੇ ਮੈਨੂੰ ਅੱਧਾ ਨੰਗ ਕਰ ਦਿੱਤਾ। ਗੁੰਡੇ ਮੈਨੂੰ ਨੰਗਾ ਕਰਕੇ ਸੜਕ ਤੇ ਘੁੰਮਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਕੱਪੜੇ ਪਾੜ ਦਿੱਤੇ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਹੁਣ ਮੈਂ ਇਸ ਰਾਹਤ ਕੈਂਪ ਵਿਚ ਹਾਂ।"
ਸ਼ਿਵ ਵਿਹਾਰ ਦੀਆਂ ਔਰਤਾਂ ਨੇ ਵੀ ਦੱਸਿਆ ਕਿ ਉਨ੍ਹਾਂ ਨਾਲ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਤੇ ਇਸ ਤੋਂ ਬਾਅਦ ਮੁਸਤਫਾਬਾਦ ਕੈਂਪ ਵਿਚ ਸ਼ਰਨ ਲਈ ਹੈ।
ਮੁਸਤਫਾਬਾਦ ਜਿੱਥੇ ਇਹ ਰਾਹਤ ਕੈਂਪ 33 ਫੁੱਟ ਰੋਡ 'ਤੇ ਈਦਗਾਹ ਵਿਚ ਲੱਗਾ ਹੋਇਆ ਹੈ। ਇਸ ਕੈਂਪ ਵਿਚ ਪੁਲੀਸ ਦਲ ਸੁਰੱਖਿਅ ਦੇ ਲਈ ਮੌਜੂਦ ਨਹੀਂ ਹੈ। ਹਾਲਾਂਕਿ ਉਥੋਂ ਦੇ ਸਹਿਯੋਗੀ ਆਸਿਫ ਚੌਧਰੀ ਦੱਸਦੇ ਹਨ ਕਿ ਉਨ੍ਹਾਂ ਨੇ ਪੁਲੀਸ ਸੁਰੱਖਿਆ ਮੰਗੀ ਵੀ ਹੈ, ਪਰ ਹਾਲੇ ਤੱਕ ਨਹੀਂ ਮਿਲੀ।
ਇਸ ਕੈਂਪ ਵਿਚ ਸ਼ਿਵ ਵਿਹਾਰ ਤੋਂ ਪੀੜਤ ਲੋਕ ਵੀ ਆਏ ਹੋਏ ਹਨ। ਸ਼ਿਵ ਪੁਰੀ ਬਾਬਰਪੁਰ ਮੁਸਤਾਫਾਬਾਦ, ਘੋਂਡਾ ਦੇ ਲੋਕ ਆਏ ਹੋਏ ਹਨ। ਮੁਸਤਫਾਬਾਦ ਦੇ ਐਮ ਐਲ ਏ ਹਾਜ਼ੀ ਯਨੂਸ ਨੇ ਦੱਸਿਆ ਕਿ ਸਾਡੇ ਇੱਥੇ ਚਾਰ ਰਾਹਤ ਕੈਪਾਂ ਦੀ ਜ਼ਰੂਰਤ ਹੈ, ਉਮੀਦ ਹੈ ਕਿ ਜਲਦੀ ਸਾਨੂੰ ਮਿਲ ਜਾਣਗੇ।
ਸ਼ਿਵ ਵਿਹਾਰ ਦੇ ਇਕ ਬਜ਼ੁਰਗ ਮੁਹੰਮਦ ਨਫੀਜ਼ ਨੇ ਦੱਸਿਆ ਕਿ ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡਾ ਸਭ ਕੁਝ ਲੁੱਟਿਆ ਜਾ ਚੁੱਕਾ ਹੈ। ਅਸੀਂ ਇਸ ਰਾਹਤ ਕੈਂਪ ਤੋਂ ਜਾਣਾ ਚਾਹੁੰਦੇ ਹਾਂ। ਅਸੀਂ ਇੱਥੇ ਸੁਰੱਖਿਅਤ ਨਹੀਂ ਹਾਂ, ਕਿਉਂਕਿ ਪੁਲੀਸ ਦਾ ਇੰਤਜ਼ਾਮ ਨਹੀਂ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਪਰ ਉਹ ਸਾਡੇ 10-12 ਸਾਲ ਦੇ ਬੱਚਿਆਂ ਨੂੰ ਹੀ ਚੁੱਕ ਕੇ ਲਿਜਾ ਰਹੇ ਹਨ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਤੇ ਪ੍ਰਧਾਨ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਦੇਸ-ਵਿਦੇਸ਼ ਦੀਆਂ ਸੰਗਤਾਂ ਨੂੰ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
Comments (0)