ਸਾਵਧਾਨ! ਇਸਰਾਈਲੀ ਕੰਪਨੀ ਵੱਲੋਂ ਬਣਾਏ ਸੋਫਟਵੇਅਰ ਨਾਲ ਤੁਹਾਡੇ ਫੋਨਾਂ ਵਿੱਚ ਵੜੀਆਂ ਖੂਫੀਆਂ ਏਜੰਸੀਆਂ

ਸਾਵਧਾਨ! ਇਸਰਾਈਲੀ ਕੰਪਨੀ ਵੱਲੋਂ ਬਣਾਏ ਸੋਫਟਵੇਅਰ ਨਾਲ ਤੁਹਾਡੇ ਫੋਨਾਂ ਵਿੱਚ ਵੜੀਆਂ ਖੂਫੀਆਂ ਏਜੰਸੀਆਂ

ਨਵੀਂ ਦਿੱਲੀ/ ਚੰਡੀਗੜ੍ਹ: ਵਟਸਐਪ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਇਸਰਾਈਲ ਦੀ ਇੱਕ ਕੰਪਨੀ ਵੱਲੋਂ ਬਣਾਏ ਪੇਗਾਸਸ ਨਾਮੀਂ ਵਾਇਰਸ ਦੀ ਮਦਦ ਨਾਲ ਭਾਰਤ ਦੇ 1400 ਦੇ ਕਰੀਬ ਪੱਤਰਕਾਰਾਂ, ਸਿਆਸੀ ਕਾਰਕੁੰਨਾਂ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਲੋਕਾਂ ਦੇ ਵਟਸਐਪ ਖਾਤਿਆਂ ਵਿੱਚ ਖੂਫੀਆ ਏਜੰਸੀਆਂ ਵੱਲੋਂ ਘੁਸਪੈਠ ਕੀਤੀ ਗਈ ਹੈ। ਇਸ ਘੁਸਪੈਠ ਨਾਲ ਇਹਨਾਂ ਫੋਨਾਂ ਵਿੱਚੋਂ ਅਹਿਮ ਜਾਣਕਾਰੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ। ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਰਾਜਨੀਤਕ ਸਫਾਂ 'ਚ ਬਿਆਨਬਾਜ਼ੀ ਤੇਜ ਹੋ ਗਈ ਹੈ ਅਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਗੈਰਕਾਨੂੰਨੀ ਜਾਸੂਸੀ ਕਰਨ ਦਾ ਦੋਸ਼ ਲਾਇਆ ਹੈ। 

ਭਾਰਤ ਸਰਕਾਰ ਦੇ ਆਈਟੀ ਮਹਿਕਮੇ ਨੇ ਵਟਸਐਪ ਨੂੰ 4 ਨਵੰਬਰ ਤੱਕ ਇਸ ਮਸਲੇ 'ਤੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ।

ਵਟਸਐਪ ਨੇ ਕਿਹਾ ਹੈ ਕਿ ਉਹ ਇਸ ਸੋਫਟਵੇਅਰ ਨੂੰ ਬਣਾਉਣ ਵਾਲੀ ਇਸਰਾਈਲੀ ਕੰਪਨੀ ਐਨਐਸਓ ਖਿਲਾਫ ਕੇਸ ਦਰਜ ਕਰਾਉਣਗੇ। 

ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਗੱਲ ਕਰਦਿਆਂ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਸਾਰੀ ਜਾਣਕਾਰੀ ਹੈ ਕਿ ਉਹ 1400 ਦੇ ਕਰੀਬ ਕਿਹੜੇ ਲੋਕ ਹਨ ਜਿਹਨਾਂ ਦੇ ਫੋਨਾਂ 'ਤੇ ਇਸ ਵਾਇਰਸ ਰਾਹੀਂ ਹਮਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵਟਸਐਪ ਇਹਨਾਂ ਸਾਰੇ ਲੋਕਾਂ ਨਾਲ ਨਿਜੀ ਤੌਰ 'ਤੇ ਸੰਪਰਕ ਕਰ ਰਹੀ ਹੈ।

ਹਲਾਂਕਿ ਵਟਸਐਪ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਇਸ ਹਮਲੇ ਪਿੱਛੇ ਕਿਹੜੀ ਖੂਫੀਆ ਏਜੰਸੀ ਦਾ ਹੱਥ ਹੈ। 

ਕਾਂਗਰਸ ਪਾਰਟੀ ਦੇ ਬੁਲਾਰੇ ਰਨਦੀਪ ਸੁਰਜੇਵਾਲਾ ਨੇ ਇਸ ਹਮਲੇ ਪਿੱਛੈ ਮੋਦੀ ਸਰਕਾਰ ਦਾ ਹੱਥ ਦੱਸਿਆ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਇਸ ਲਈ ਜਵਾਬਦੇਹ ਬਣਾਇਆ ਜਾਵੇ। 

ਸੁਰਜੇਵਾਲਾ ਨੇ ਕਿਹਾ ਕਿ ਜਿਹੜੀ ਸਰਕਾਰ ਆਪਣੇ ਹੀ ਪੱਤਰਕਾਰਾਂ, ਕਾਰਕੁੰਨਾਂ, ਵਿਰੋਧੀ ਧਿਰ ਦੇ ਆਗੂਆਂ ਦੀ ਅਪਰਾਧੀਆਂ ਵਾਂਗ ਜਾਸੂਸੀ ਕਰਨ ਲੱਗ ਪਵੇ ਉਸ ਨੂੰ ਲੋਕਤੰਤਰ ਵਿੱਚ ਲੋਕਾਂ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।