ਸੋਸ਼ਲ ਮੀਡੀਆ ਰਾਹੀਂ ਸਿੱਖਾਂ 'ਤੇ ਨਿਸ਼ਾਨਾ

ਸੋਸ਼ਲ ਮੀਡੀਆ ਰਾਹੀਂ ਸਿੱਖਾਂ 'ਤੇ ਨਿਸ਼ਾਨਾ

ਮਨਜੀਤ ਸਿੰਘ ਟਿਵਾਣਾ
ਅਜੋਕਾ ਯੁੱਗ ਸੂਚਨਾ ਤੇ ਤਕਨਾਲੋਜੀ ਦਾ ਹੈ। ਇੰਟਰਨੈਟ ਦੀ ਖੋਜ ਤੋਂ ਬਾਅਦ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦਾ ਘੇਰਾ ਅਤੇ ਇਸ ਦੀ ਰਫਤਾਰ ਬਹੁਤ ਵਧ ਗਈ ਹੈ। ਹੁਣ ਕਿਸੇ ਸੂਚਨਾ ਦੇ ਅੱਖ ਦੇ ਫੋਰ ਵਿਚ ਧਰਤੀ ਦੇ ਕੋਨੇ-ਕੋਨੇ  'ਚ ਫੈਲ ਜਾਣ ਲਈ ''ਜੰਗਲ ਦੀ ਅੱਗ ਵਾਂਗ ਫੈਲ ਜਾਣਾ” ਦਾ ਮੁਹਾਵਰਾ ਵੀ ਛੋਟਾ ਪੈ ਗਿਆ ਪ੍ਰਤੀਤ ਹੁੰਦਾ ਹੈ। ਸੋਸ਼ਲ ਮੀਡੀਆ ਦੀ ਇਸ ਹਨੇਰੀ ਵਿਚ ਬਹੁਤ ਕੁਝ ਚੰਗਾ ਤੇ ਬਹੁਤ ਕੁਝ ਮਾੜਾ ਵੀ ਉਡ-ਪੁੱਡ ਰਿਹਾ ਹੈ। ਪਹਿਲਾਂ ਪ੍ਰਿੰਟ ਤੇ ਬਾਅਦ ਵਿਚ ਇਲੈਕਟ੍ਰੋਨਿਕ ਮੀਡੀਆ ਨੂੰ ਬਹੁਤ ਹੱਦ ਤਕ ਆਪਣੇ ਕਾਬੂ ਵਿਚ ਕਰਨ ਤੋਂ ਬਾਅਦ ਦੁਨੀਆ ਭਰ ਦੀਆਂ ਸਰਕਾਰਾਂ ਤੇ ਰਾਜ ਕਰਨ ਵਾਲੀਆਂ ਧਿਰਾਂ ਨੇ ਸੋਸ਼ਲ ਮੀਡੀਆ ਦੇ ਅੱਥਰੇ ਘੋੜੇ ਨੂੰ ਵੀ ਕਾਬੂ ਵਿਚ ਕਰ ਕੇ ਆਪਣੇ ਮਨ-ਮਾਫਕ ਦੀ ਦਿਸ਼ਾ ਦੇਣ ਲਈ ਵੱਡੀ ਪੱਧਰ ਦੀਆਂ ਪੇਸ਼ਬੰਦੀਆਂ ਕੀਤੀਆਂ ਹਨ। ਭਾਰਤ 'ਚ ਨਵੀਂ ਦਿੱਲੀ ਦੇ ਅਸ਼ੋਕਾ ਰੋਡ ਉਤੇ ਭਗਵਿਆਂ ਦੀ ਪੂਰੀ ਫੌਜ ਦਿਨ-ਰਾਤ ਇਸੇ ਹੀ ਕੰਮ ਉਤੇ ਲੱਗੀ ਹੋਈ ਹੈ। 

ਇਕ ਰਿਪੋਰਟ ਮੁਤਾਬਕ ਵਿਸ਼ਵ ਦੀ ਤਿੰਨ ਬਿਲੀਅਨ ਅਬਾਦੀ 'ਚੋਂ 40 ਫੀਸਦ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਅਸੀਂ ਹਰ ਰੋਜ਼ ਦੋ ਘੰਟੇ ਸ਼ੇਅਰ, ਲਾਈਕ, ਟਵੀਟ ਤੇ ਅਪਡੇਟ ਕਰਨ ਵਿਚ ਲਗਾਉਂਦੇ ਹਾਂ ।ਕਹਿਣ ਦਾ ਭਾਵ ਹੈ ਕਿ ਹਰ ਮਿੰਟ ਵਿਚ ਅੱਧਾ ਮਿਲੀਅਨ ਟਵੀਟ ਤੇ ਸਨੈਪਚੈਟ ਫੋਟੋਆਂ ਸ਼ੇਅਰ ਹੋ ਰਹੀਆਂ ਹਨ। ਮਨੁੱਖਤਾ ਲਈ ਵਿਗਿਆਨ ਜੇ ਵਰ ਹੈ ਤਾਂ ਸਰਾਪ ਵੀ ਹੈ। ਇਸ ਕਰ ਕੇ ਸਾਇੰਸ ਦੀ ਸੋਸ਼ਲ ਮੀਡੀਆ ਕਾਢ ਨੇ ਜਿਥੇ ਮਨੁੱਖਤਾ ਨੂੰ ਨਿੱਜ-ਪ੍ਰਗਟਾਵੇ ਦੀ ਆਜ਼ਾਦੀ ਦੀ ਬੁਲੰਦੀ ਦਾ ਸਵਾਦ ਚਖਾਇਆ ਹੈ, ਦੁਨੀਆ ਭਰ ਦੀਆਂ ਬੋਲੀਆਂ, ਸੱਭਿਆਚਾਰਾਂ ਤੇ ਸਟੇਟ ਦੀਆਂ ਸਰਹੱਦਾਂ ਨੂੰ ਤੋੜਿਆ ਹੈ, ਉਥੇ ਨਾਲ ਹੀ ਬਹੁਤ ਸਾਰੇ ਸੱਭਿਆਚਾਰਾਂ, ਕੌਮਾਂ ਤੇ ਬੋਲੀਆਂ ਲਈ ਨਵੀਂ ਕਿਸਮ ਦੇ ਖਤਰੇ ਵੀ ਖੜ੍ਹੇ ਕਰ ਦਿੱਤੇ ਹਨ। ਹੁਣ ਕਿਸੇ ਕੌਮ ਤੇ ਸੱਭਿਆਚਾਰ ਨੂੰ ਖਤਮ ਕਰਨ ਲਈ ਉਸ ਦੀਆਂ ਜੜ੍ਹਾਂ 'ਤੇ ਹੋਣ ਵਾਲੇ ਸੂਖਮ ਹਮਲਿਆਂ ਦੀ ਧਾਰ ਹੋਰ ਤਿੱਖੀ ਹੋ ਗਈ ਹੈ। ਸਵਾਲ ਹੈ ਕਿ ਸੋਸ਼ਲ ਮੀਡੀਆ ਦੀ ਮਨੁੱਖੀ ਜ਼ਿੰਦਗੀ ਵਿਚ ਇੰਨੀ ਅਹਿਮੀਅਤ ਹੋ ਜਾਣ ਤੋਂ ਬਾਅਦ ਸਿੱਖ ਕੀ ਕਰ ਰਹੇ ਹਨ? 

ਇਸ ਤਰ੍ਹਾਂ ਦੇ ਮਾਹੌਲ ਵਿਚ ਸਿੱਖ ਕੌਮ ਨੂੰ ਹੋਰ ਵਧੇਰੇ ਸੁਚੇਤ ਤੇ ਸਜੱਗਤਾ ਨਾਲ ਆਪਣੇ ਸਿਧਾਂਤ ਅਤੇ ਵਿਚਾਰਧਾਰਾ ਉਤੇ ਹੋ ਰਹੇ ਹਮਲਿਆਂ ਨੂੰ ਪਛਾਨਣ ਤੇ ਪਛਾੜਨ ਦੀ ਵੱਡੀ ਚੁਣੌਤੀ ਪੇਸ਼ ਹੋਈ ਹੈ। ਖਾਸ ਕਰ ਕੇ ਸਾਡੇ ਲਈ ਇਹ ਨੁਕਤਾ ਵੀ ਜ਼ਿਆਦਾ ਧਿਆਨ-ਗੋਚਰਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਦਾ ਮੱਥਾ ਜਨਮ ਤੋਂ ਹੀ ਉਨ੍ਹਾਂ ਨਾਲ ਲੱਗਿਆ ਆ ਰਿਹਾ ਹੈ, ਜਿਨ੍ਹਾਂ ਦੀ ਖਾਸੀਅਤ ਹਮੇਸ਼ਾ ਤੋਂਂ ਸਾਮ-ਦਾਮ-ਦੰਡ-ਭੇਦ ਦੇ ਸਿਧਾਂਤ ਉਤੇ ਚੱਲ ਕੇ ਗੁਰੂ ਨਾਨਕ ਦੀ ''ਸਰਬੱਤ ਦੇ ਭਲੇ” ਵਾਲੀ ਸਰਬ ਵਿਆਪੀ ਮਾਨਵਤਾ ਵਾਲੀ ਸੋਚ ਨੂੰ ਆਮ ਲੋਕਾਈ ਤੋਂ ਦੂਰ ਕਰ ਕੇ ਆਪਣੀ ਝੂਠ, ਪਾਖੰਡ ਤੇ ਦੰਭ ਦੀ ਦੁਕਾਨਦਾਰੀ ਚੱਲਦੀ ਰੱਖਣ ਵਾਲੀ ਹੈ। ਭਾਰਤ ਦੇ ਹਿੰਦੂਵਾਦੀ ਮੀਡੀਆ ਨੇ ਅੰਗਰੇਜ਼ਾਂ ਦੇ ਜਾਣ ਦੇ ਬਾਅਦ ਤੋਂ ਹੀ ਜਿਸ ਤਰ੍ਹਾਂ ਸਿੱਖ ਕੌਮ ਤੇ ਪੰਜਾਬ ਦੀਆਂ ਹੱਕੀ ਤੇ ਵਾਜਿਬ ਮੰਗਾਂ ਬਾਰੇ, ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਤੇ ਸਿੱਖ ਮਾਨਸਿਕਤਾ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਸਤੇ ਜੋ ਰਵੱਈਆ ਅਖਤਿਆਰ ਕੀਤਾ ਹੋਇਆ ਹੈ, ਉਹ ਜ਼ਾਹਰ ਹੀ ਹੈ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਬਕਾਇਦਾ ਸੰਗਠਿਤ ਰੂਪ ਵਿਚ ਵੀ ਅਤੇ ਬਿਪਰਵਾਦ ਦੀ ਪਿਊਂਦ ਚੜ੍ਹੀ ਸੋਚ ਵੱਲੋਂ ਵੀ ਸਿੱਖ-ਫਲਸਫੇ, ਸਿੱਖਾਂ ਦੇ ਧਾਰਮਿਕ  ਪਹਿਰਾਵੇ, ਕਕਾਰਾਂ ਅਤੇ ਹਰ ਘਟਨਾ ਵਿਚ ਵਿੰਗੇ-ਟੇਢੇ ਢੰਗ ਨਾਲ ਸਿੱਖਾਂ ਨੂੰ ਹੀ ਦੋਸ਼ੀ ਸਾਬਤ ਕਰਨ ਦਾ ਹੱਲਾ ਪ੍ਰਚੰਡ ਰੂਪ ਵਿਚ ਹੋ ਰਿਹਾ ਹੈ। 

ਸੋਸ਼ਲ ਮੀਡੀਆ ਪਲੇਟਫਾਰਮ ਉਤੇ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਕਲਪਿਤ ਤਸਵੀਰਾਂ ਨਾਲ ਛੇੜਛਾੜ ਕਰਕੇ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਪਾਉਣ ਦਾ ਵਰਤਾਰਾ ਆਮ ਹੀ ਚੱਲ ਰਿਹਾ ਹੈ। ਅਜਿਹੀਆਂ ਹਰਕਤਾਂ ਨਾਲ ਉਨ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ ਹੈ, ਜਿਨ੍ਹਾਂ ਨੂੰ ਪਹਿਲਾਂ ਇਹ ਜਚਾ ਦਿੱਤਾ ਗਿਆ ਹੈ ਕਿ ਸੱਚਮੁੱਚ ਇਹ ਤਸਵੀਰਾਂ ਸਿੱਖ ਗੁਰੂਆਂ ਦੀਆਂ ਹੀ ਹਨ। ਭਾਵੇਂ ਹੀ ਇਹ ਤਸਵੀਰਾਂ ਕਲਪਿਤ ਹਨ ਪਰ ਸਿੱਖ ਗੁਰੂਆਂ ਪ੍ਰਤੀ ਮੰਦ-ਭਾਵਨਾ ਰੱਖਣ ਤੇ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਆਹਤ ਕਰਨ ਦੀ ਸੋਚ ਨਾਲ ਅਜਿਹਾ ਸਭ ਕੀਤਾ ਜਾ ਰਿਹਾ ਹੈ। ਇਸ ਕਰ ਕੇ ਆਮ ਸਿੱਖਾਂ ਦੇ ਭੜਕਾਹਟ ਵਿਚ ਆ ਕੇ ਕਾਨੂੰਨ ਹੱਥ ਵਿਚ ਲੈਣਾ ਵੀ ਇਕ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਸ਼ਾਇਦ ਸੁਚੇਤ ਤੌਰ 'ਤੇ ਅਜਿਹੀਆਂ ਹਰਕਤਾਂ ਕਰਨ ਵਾਲੀ ਧਿਰ ਅਜਿਹਾ ਹੀ ਚਾਹੁੰਦੀ ਹੈ। ਜਦੋਂ ਸਿੱਖ ਨੌਜਵਾਨਾਂ ਵੱਲੋਂ ਕਿਸੇ 'ਗੱਗ', ਫਗਵਾੜੀਏ 'ਅਵਤਾਰ' ਬੂਬਨੇ ਤੇ ਕਥਿਤ ਬਾਂਦਰ-ਸੈਨਾਨੀ ਦੀ ਭੁਗਤ-ਸੰਵਾਰੀ ਜਾਂਦੀ ਹੈ, ਤਾਂ ਇਸ ਦੀਆਂ ਵੀਡੀਓਜ਼ ਵੱਡੀ ਪੱਧਰ 'ਤੇ ਵਾਇਰਲ ਕੀਤੀਆਂ ਜਾਂਦੀਆਂ ਹਨ। ਨਾਲ ਹੀ ਪੂਰੇ ਸਿੱਖ ਭਾਈਚਾਰੇ ਖਿਲਾਫ ਮੰਦਾ ਪਰਚਾਰ ਕਰਨ ਲਈ ''ਭਾੜੇ ਦੇ ਟੱਟੂ” ਬਿਠਾਏ ਗਏ ਹਨ।  ਕਈ ਬਾਬਾ ਮਾਰਕਸ ਦੀ ਸੋਚ ਤੋਂ ਅਸਲੋਂ ਕੋਰੇ ਤੇ ਸਿੱਖ ਵਿਰੋਧੀ ਮਾਨਸਿਕਤਾ ਦੇ ਪੁਰਾਣੇ ਰੋਗ ਨਾਲ ਗ੍ਰਸਤ ''ਖੱਬੇ ਪੱਖੀਏ” ਵੀ ਇਸ ਵਗਦੀ ਗੰਗਾ ਵਿਚ ਹੱਥ ਧੋਹਣ ਲਈ ਤਿਆਰ ਰਹਿੰਦੇ ਹਨ। ਇਸ ਵਹਾਅ ਵਿਚ ਹੀ ਕਈ ਸਾਡੇ ਆਪਣੇ ਭੋਲੇ-ਭਾਲੇ ਸਿੱਖ ਵੀ ਅਸਲੀਅਤ ਨੂੰ ਨਾ ਸਮਝਦਿਆਂ ਖੁਦ ਦੇ ਪੈਰ ਵੱਢਣ ਲਈ ਕੁਹਾੜਾ ਚੁੱਕੀ ਰੱਖਦੇ ਹਨ। ਹਾਲ ਵਿਚ ਹੀ ਦਿੱਲੀ 'ਚ ਵਾਪਰੀ ਘਟਨਾ ਇਸ ਦੀ ਪ੍ਰਤੱਖ ਉਦਾਹਰਣ ਹੈ। 

ਅਜਿਹੀਆਂ ਘਟਨਾਵਾਂ ਨੂੰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਆਲਮੀ ਪੱਧਰ ਉਤੇ ਬਦਨਾਮ ਕਰਨ ਲਈ ਖੂਬ ਵਰਤਿਆ ਜਾਂਦਾ ਹੈ। ਅਮਰੀਕਾ ਵਿਚ ਹਵਾਈ ਜਹਾਜ਼ 'ਚ ਸਫ਼ਰ ਕਰ ਰਹੇ ਇੱਕ ਸਿੱਖ ਵਿਅਕਤੀ ਦੀ ਸੁੱਤੇ ਹੋਏ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਅੱਤਵਾਦੀ ਲਿਖ ਕੇ ਪਾਈ ਗਈ। ਅਜਿਹਾ ਕੁਝ ਸਿੱਖਾਂ ਦੇ ਅਕਸ ਬਾਰੇ ਜਾ ਰਹੇ ਮਾੜੇ ਪ੍ਰਭਾਵ ਦਾ ਹੀ ਨਤੀਜਾ ਹੈ। ਦਸਤਾਰਾਂ ਵਾਲਿਆਂ ਨੂੰ 'ਅੱਤਵਾਦੀ' ਦਰਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਭਾਵੇਂ ਇਹ ਸਭ ਸਿੱਖਾਂ ਦੀ ਰਾਜਨੀਤਕ ਗੁਲਾਮੀ ਦਾ ਹੀ ਇਕ ਰੂਪ ਹੈ, ਪਰ ਆਜ਼ਾਦੀ ਦੀ ਮੰਜ਼ਿਲ ਦੇ ਰਾਹ ਵਿਚ ਆਉਂਦੀਆਂ ਅਜਿਹੀਆਂ ਲੜਾਈਆਂ ਵੀ ਲਾਜ਼ਮੀ ਲੜਨੀਆਂ ਪੈਂਦੀਆਂ ਹਨ। ਅਸੀਂ ਅਕਸਰ ਇਹ ਝੋਰਾ ਕਰਦੇ ਹਾਂ ਕਿ ਸਿੱਖ ਕੌਮ ਦਾ ਆਪਣਾ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਅਦਾਰਾ ਸਥਾਪਿਤ ਨਹੀਂ ਕਰ ਸਕੇ ਹਾਂ। ਹੁਣ ਸਾਇੰਸ ਨੇ ਸੋਸ਼ਲ ਮੀਡੀਆ ਰਾਹੀਂ ਅਜਿਹਾ ਬਹੁਤ ਕੁਝ ਸਸਤਾ ਤੇ ਸੌਖਾ ਕਰ ਦਿੱਤਾ ਹੈ। ਸਿੱਖਾਂ ਨੂੰ ਅਵੇਸਲੇ ਨਹੀਂ ਰਹਿਣਾ ਚਾਹੀਦਾ ਤੇ ਸਿੱਖੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਕੂੜ ਪਰਚਾਰ ਨੂੰ ਠੱਲ੍ਹਣ ਲਈ ਕੌਮੀ ਸੋਸ਼ਲ ਮੀਡੀਆ ਪਲੇਟਫਾਰਮ ਖੜ੍ਹਾ ਕਰਨਾ ਚਾਹੀਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ