ਸਿੱਖਾਂ ਨਾਲ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਹੈ ਧੋਖਾ: ਗਿਆਨੀ ਹਰਪ੍ਰੀਤ ਸਿੰਘ

ਸਿੱਖਾਂ ਨਾਲ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਹੈ ਧੋਖਾ: ਗਿਆਨੀ ਹਰਪ੍ਰੀਤ ਸਿੰਘ

ਮਹਾਰਾਣੀ ਜ਼ਿੰਦ ਕੌਰ ਬਾਰੇ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਅੰਦਰ ਬੀਬੀਆਂ ਵਲੋਂ ਸਿਰਜਿਆ ਗਿਆ ਵੱਡਾ ਇਤਿਹਾਸ ਹੈ ਜਿਨ੍ਹਾਂ ਅੰਦਰ ਮਹਾਰਾਣੀ ਜ਼ਿੰਦ ਕੌਰ ਜੀ ਨੇ ਵੀ ਅਹਿਮ ਯੋਗਦਾਨ ਪਾਇਆ ਹੈ । ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਵਲੋਂ ਉਨ੍ਹਾਂ ਨਮਿਤ ਇਕ ਵਿਸ਼ੇਸ਼ ਪ੍ਰੋਗਰਾਮ ਦਿੱਲੀ ਦੇ ਚਾਂਦ ਨਗਰ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਅਤੇ ਪੰਥ ਦੇ ਮਹਾਨ ਢਾਡੀ ਜੱਥਾ ਬੀਬੀ ਪੁਸ਼ਪਿੰਦਰ ਕੌਰ ਜਲੰਧਰ ਵਲੋਂ ਮਹਾਰਾਣੀ ਜ਼ਿੰਦ ਕੌਰ ਤੇ ਪ੍ਰਸੰਗ ਸੁਣਾ ਕੇ ਉੱਥੇ ਹਾਜਿਰ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ । ਸਿੱਖ ਪੰਥ ਦੀਆਂ ਵਿਧਿਆਰਥਣਾਂ ਜਿਨ੍ਹਾਂ ਨੇ ਪੀਐਚਡੀ ਕੀਤੀ ਹੋਈ ਹੈ ਉਨ੍ਹਾਂ ਵਲੋਂ ਵਿਸ਼ੇਸ਼ ਤੌਰ ਤੇ ਮਹਾਰਾਣੀ ਜ਼ਿੰਦ ਕੌਰ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਸੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਸਮੇਤ ਵੱਖ ਵੱਖ ਬੁਲਾਰਿਆ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਉਚੇਚੇ ਤੌਰ ਤੇ ਸਮਾਗਮ ਵਿਚ ਪਹੁੰਚੇ ਸਨ, ਸੰਗਤਾਂ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਨੇ ਪੁਰਾਤਨ ਸਮੇਂ ਦੌਰਾਨ ਸਿੱਖ ਬੀਬੀਆਂ ਵਲੋਂ ਪੜੀ ਜਾਂਦੀ ਗੁਰਬਾਣੀ ਬਾਰੇ ਦਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਵਲੋਂ ਬਾਣੀ ਪੜਨ ਤੇ ਉਨ੍ਹਾਂ ਦੀ ਔਲਾਦ ਵੀ ਸਿੱਖ ਹੀ ਹੁੰਦੀ ਸੀ ਪਰ ਹੁਣ ਟੀਵੀ ਦੇ ਯੁੱਗ ਅੰਦਰ ਭਾਵੇਂ ਗੁਰਬਾਣੀ ਦਾ ਕੀਰਤਨ ਘਰ ਘਰ ਪਹੁੰਚ ਰਿਹਾ ਵੱਖ ਵੱਖ ਅੰਦਰ ਦੇ ਸਮਾਗਮਾਂ ਦਾ ਪ੍ਰਚਾਰ ਹੋ ਰਿਹਾ ਹੈ ਪਰ ਅਸੀਂ ਬਾਣੀ ਪੜਨ ਅਤੇ ਸੁਣਨ ਵਾਲੇ ਪਾਸੇ ਨਹੀਂ ਤੁਰਦੇ ਉਨ੍ਹਾਂ ਚਿਰ ਸਿੱਖੀ ਜੰਮਣੀ ਨਹੀਂ ਹੈ । ਉਨ੍ਹਾਂ ਕਿਹਾ ਜੋ ਸਾਡੇ ਗੁਰੂਘਰ ਹਨ ਇਹ ਸਾਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਅਤੇ ਉਪਦੇਸ਼ ਦੇਂਦੇ ਹਨ । ਜਦੋ ਅਸੀਂ ਖੁਦ ਬਾਣੀ ਪੜਾਂਗੇ, ਸੁਣਾਂਗੇ ਤਦ ਹੀ ਸਿੱਖੀ ਜੰਮਣੀ ਹੈ । ਘਰਾਂ ਅੰਦਰ ਸ਼ਰਾਬ ਵਰਤਦੀ ਹੈ ਜਿਸ ਨੂੰ ਦੇਖ ਸਾਡੀ ਪੀੜੀ ਵੀ ਸ਼ਰਾਬ ਵਲ ਵਧਦੀ ਹੈ । ਇਸ ਲਈ ਸਾਡੇ ਘਰਾਂ ਅੰਦਰ ਵੱਡੇ ਵਡੇਰਿਆਂ ਨੂੰ ਖੁਦ ਬਾਣੀ ਨਾਲ ਜੁੜ ਕੇ ਆਪਣੀ ਪੀੜੀ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ । ਉਨ੍ਹਾਂ ਨੇ ਸਮੇਂ ਦੀਆਂ ਅੰਗਰੇਜ ਸਰਕਾਰਾਂ ਤੋਂ ਲੈ ਕੇ ਹੁਣ ਤਕ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਗਏ ਧੋਖੇ ਬਾਰੇ ਵੀ ਦਸਿਆ । ਉਨ੍ਹਾਂ ਨੇ ਕਿਹਾ ਕਿ ਨਸ਼ੇ ਦਾ ਵਪਾਰ ਪਹਿਲਾਂ ਸਾਡੇ ਰਾਜ ਅੰਦਰ ਆਇਆ ਫੇਰ ਪਿੰਡਾਂ ਵਿਚ ਪਹੁੰਚਦਾ ਹੋਇਆ ਹੁਣ ਸਾਡੇ ਘਰਾਂ ਦੇ ਚੁੱਲ੍ਹੀਆਂ ਤਕ ਪੁੱਜ ਚੁੱਕਾ ਹੈ ਇਹ ਸਭ ਸਿੱਖਾਂ ਨੂੰ ਬਰਬਾਦ ਕਰਣ ਲਈ ਹੈ ਜੋ ਕਿ ਸਾਡੇ ਨਾਲ ਕੀਤੇ ਗਏ ਧੋਖੇਆਂ ਵਿੱਚੋਂ ਇਕ ਹੈ । ਉਨ੍ਹਾਂ ਕਿਹਾ ਕਿ ਇਸ ਅੰਦਰ ਸਾਡਾ ਵੀ ਦੋਸ਼ ਹੈ ਕਿਉਂਕਿ ਅਸੀਂ ਅਕਾਲ ਪੁਰਖ ਦਾ ਆਸਰਾ ਛੱਡ ਕੇ ਬੰਦਿਆਂ ਮਗਰ ਤੁਰ ਪਏ ਹਾਂ । ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਟੇਕ ਸਿਰਫ ਗੁਰੂ ਸਾਹਿਬ ਤੇ ਰੱਖੀਏ ਫੇਰ ਸਾਨੂੰ ਕੌਈ ਵੀ ਧੋਖਾ ਨਹੀਂ ਦੇ ਸਕੇਗਾ । ਉਨ੍ਹਾਂ ਨੇ ਬੀਬੀ ਰਣਜੀਤ ਕੌਰ ਦਾ ਇਹ ਸਮਾਗਮ ਕਰਾਉਣ ਦੇ ਉਪਰਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਸਮਾਗਮ ਦੀ ਸਮਾਪਤੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਵਲੋਂ ਵੀ ਆਏ ਹੋਏ ਬੁਲਾਰੇਆਂ ਸਮੇਤ ਸਮੂਹ ਸੰਗਤਾਂ ਅਤੇ ਸਮਾਗਮ ਵਿਚ ਸਹਿਯੋਗ ਦੇਣ ਲਈ ਐਸਜੀਪੀਸੀ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ।