ਭਾਰਤ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ; ਅਟਾਰੀ ਸਰਹੱਦ ਤੋਂ ਭੇਜਿਆ ਵਾਪਿਸ

ਭਾਰਤ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ; ਅਟਾਰੀ ਸਰਹੱਦ ਤੋਂ ਭੇਜਿਆ ਵਾਪਿਸ
ਪੁਰਾਣੀ ਤਸਵੀਰ

ਅਟਾਰੀ: ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲਾ ਯਾਤਰੀ ਜਥਾ ਅਟਾਰੀ ਰੇਲਵੇ ਸਟੇਸ਼ਨ ਉਤੇ ਹੀ ਰੋਕ ਲਿਆ ਗਿਆ। ਪਾਕਿਸਤਾਨ ਸਰਕਾਰ ਵੱਲੋਂ ਜਥੇ ਨੂੰ ਆਪਣੇ ਮੁਲਕ ਵਿਚ ਆਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ ਪਰ ਭਾਰਤ ਸਰਕਾਰ ਨੇ ਇਸ ਸਬੰਧੀ ਰੇਲਵੇ ਨੂੰ ਕੋਈ ਜਾਣਕਾਰੀ ਨਾ ਭੇਜੀ। ਜਿਸ ਕਰਕੇ ਜਥੇ ਨੂੰ ਅਟਾਰੀ ਸਰਹੱਦ ਉਤੇ ਹੀ ਰੋਕ ਲਿਆ ਗਿਆ। 

ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਇਹ ਜਥਾ ਵਾਪਸ ਪਰਤ ਆਇਆ ਹੈ। ਜਥੇ ਵਿਚ ਭਾਰਤ ਸਰਕਾਰ ਖਿਲਾਫ ਕਾਫੀ ਗੁੱਸਾ ਸੀ ਤੇ ਉਨ੍ਹਾਂ ਸਰਕਾਰ ਉਤੇ ਜਾਣਬੁਝ ਕੇ ਤੰਗ ਕਰਨ ਦਾ ਦੋਸ਼ ਲਾਇਆ। ਜਥੇ ਦਾ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਇਸ਼ਾਰੇ ਉਤੇ ਮੋਦੀ ਸਰਕਾਰ ਨੇ ਇਹ ਰੋਕ ਲਾਈ ਹੈ।

ਭਾਰਤ ਸਰਕਾਰ ਨੇ 130 ਯਾਤਰੂਆਂ ਨੂੰ ਪਾਕਿਸਤਾਨ ਲੈ ਕੇ ਆਉਣ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ ਅਟਾਰੀ ਆਉਣ ਦੀ ਇਜਾਜ਼ਤ ਨਾ ਦਿੱਤੀ। ਜਿਸ ਕਰ ਕੇ ਇਹ ਜਥਾ ਇੱਥੇ ਕਾਫੀ ਪਰੇਸ਼ਾਨ ਹੋਇਆ ਤੇ ਆਖਰ ਵਿਚ ਆਖ ਦਿੱਤਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਕੋਈ ਪ੍ਰਵਾਨਗੀ ਨਹੀਂ ਆਈ ਹੈ। 

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ 7 ਜੂਨ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਮਨਾ ਚੁੱਕੀ ਹੈ ਜਦੋਂ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਵੱਲੋਂ ਇਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਤੇ ਜਥੇ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੋਈ ਸੀ ਪਰ ਭਾਰਤ ਨੇ ਇਜਾਜ਼ਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।