ਗੁਰਦੁਆਰਾ ਫਰੀਮੌਂਟ ਮਸਲਾ : ਸੰਗਤ ਵੱਲੋਂ ਖ਼ਾਲਸਾ ਧੜੇ ਦੁਆਰਾ ਬਣਾਈ ਗੈਰਕਾਨੂੰਨੀ ਕਮੇਟੀ ਰੱਦ

ਗੁਰਦੁਆਰਾ ਫਰੀਮੌਂਟ ਮਸਲਾ : ਸੰਗਤ ਵੱਲੋਂ ਖ਼ਾਲਸਾ ਧੜੇ ਦੁਆਰਾ ਬਣਾਈ ਗੈਰਕਾਨੂੰਨੀ ਕਮੇਟੀ ਰੱਦ

ਫਰੀਮੌਂਟ/ਏਟੀ ਨਿਊਜ਼ :
ਬੀਤੇ ਐਤਵਾਰ ਗੁਰਮੀਤ ਸਿੰਘ ਖਾਲਸਾ ਧੜੇ ਦੁਆਰਾ ਕੁੱਝ ਦਿਨ ਪਹਿਲਾਂ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਕਮੇਟੀ ਨੂੰ ਸੰਗਤ ਦੀ ਪ੍ਰਵਾਨਗੀ ਨਹੀਂ ਮਿਲ ਸਕੀ। ਯਾਦ ਰਹੇ ਕਿ ਸੰਨ 2012 ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਾਰੇ ਧੜਿਆਂ ਨੇ ਮਿਲ ਕੇ ਸਿੱਖ ਪੰਚਾਇਤ ਨੂੰ ਹੋਂਦ ਵਿਚ ਲਿਆਂਦਾ ਸੀ ਅਤੇ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਮਾਹੌਲ ਬਹੁਤ ਸ਼ਾਂਤੀ ਵਾਲਾ ਰਿਹਾ। ਗੁਰਦੁਆਰਾ ਸਾਹਿਬ ਵਿਚ 4 ਮਿਲੀਅਨ ਡਾਲਰ ਦੀ ਇਮਾਰਤ ਸੰਗਤ ਨੇ ਬਿਨਾ ਕਰਜ਼ਾ ਲਏ  ਖੜ੍ਹੀ ਕੀਤੀ। ਸਕੂਲ ਅਤੇ ਬੱਚਿਆਂ ਦੇ ਪ੍ਰੋਗਰਾਮ ਵੀ ਬਹੁਤ ਵਧੀਆ  ਚਲਦੇ ਰਹੇ ਪਰ ਗੁਰਮੀਤ ਸਿੰਘ ਦੀ ਸਿਆਸਤ ਨੇ ਇਕ ਵਾਰ ਮੁੜ ਇਸ ਵਿਚ ਖੜੋਤ ਲਿਆ ਦਿੱਤੀ ਹੈ। 
ਪਿਛਲੇ ਸਾਲ ਤੋਂ ਹੀ ਗੁਰਮੀਤ ਸਿੰਘ ਧੜਾ ਇਸ ਪ੍ਰਬੰਧ ਤੋਂ ਸ਼ੰਤੁਸ਼ਟ ਨਹੀਂ ਸੀ ਕਿਉਂਕਿ ਇਸ ਸਿਸਟਮ ਵਿਚ ਕਿਸੇ ਬੰਦੇ ਦੀ ਨਿੱਜੀ ਅਹਿਮੀਅਤ ਘੱਟ ਸੀ ਤੇ ਸਾਰਾ ਪਰਬੰਧ ਇਕ ਆਪਸੀ ਇਕਰਾਰਨਾਮੇ ਨਾਲ ਚੱਲਦਾ ਸੀ, ਜਿਸ ਵਿਚ ਚੌਧਰ ਤੇ ਆਪਹੁਦਰੇ ਫੈਸਲੇ ਲੈਣ ਦੀ ਜਗ੍ਹਾ ਨਹੀਂ ਸੀ।  ਗੁਰਮੀਤ ਸਿੰਘ ਧੜਾ ਕੁੱਝ ਕਾਰਨਾਂ, ਜਿਸ ਵਿਚ ਐਸਪੀ ਸਿੰਘ ਦੇ ਰੇਡੀਓ ਦੀ ਮਦਦ ਵੀ ਸ਼ਾਮਿਲ ਸੀ, ਕਰਕੇ ਖਫਾ ਹੋ ਗਿਆ ਅਤੇ ਸਿੱਖ ਪੰਚਾਇਤ ਨੂੰ ਤੋੜਨ ਦੀਆਂ ਚਾਲਾਂ ਚੱਲਣ ਲੱਗਾ। ਇਸ ਸਿਸਟਮ ਰਾਹੀਂ ਹੀ ਗੁਰੂ ਗਰੰਥ ਸਾਹਿਬ ਅੱਗੇ ਖੜ੍ਹ ਕੇ ਮੌਜੂਦਾ ਸਿੰਘ ਚੁਣੇ ਗਏ ਸਨ। ਚੁਣੇ ਹੋਏ ਸਿੰਘਾਂ ਵਿੱਚੋਂ ਹਰਮਿੰਦਰ ਸਿੰਘ ਨੇ ਆਪਣੇ ਧੜੇ ਨਾਲ ਤੇ ਇਕਰਾਰਨਾਮੇ ਨਾਲ ਧੋਖਾ ਕਰਕੇ ਕੁੱਝ ਅਜਿਹੇ ਮੁੱਦਿਆਂ 'ਤੇ ਡਿਕਟੇਟਰਾਨਾ ਫੈਸਲੇ ਲੈਣੇ ਆਰੰਭ ਕਰ ਦਿੱਤੇ, ਜਿਸ ਕਰਕੇ 23 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਚ ਖਾਲਸਾ ਧੜੇ ਦੇ ਦਰਸ਼ਨ ਸੰਧੂ ਨੇ ਕੰਵਲਜੀਤ ਸਿੰਘ ਉਤੇ ਸਿਰੀ ਸਾਹਿਬ ਨਾਲ ਵਾਰ ਕੀਤੇ। ਉਹ ਮਸਲਾ ਹਾਲਾਂ ਚੱਲ ਹੀ ਰਿਹਾ ਸੀ ਕਿ 15 ਸਾਲ ਤੋਂ ਚੱਲ ਰਹੇ ਨਾਨਕਸ਼ਾਹੀ ਕੈਲੰਡਰ ਨੂੰ ਹਟਾ ਕੇ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ। ਉਸ ਮਸਲੇ ਤੋਂ ਬਾਅਦ ਇਕ 11 ਮੈਂਬਰੀ ਕਮੇਟੀ ਬਣਾ ਦਿੱਤੀ ਤੇ ਮੌਜੂਦਾ ਕਮੇਟੀ ਭੰਗ ਕਰ ਦਿੱਤੀ। ਕਮੇਟੀ ਬਣਾਉਣ ਲਈ ਪੰਜ ਸਿੰਘ ਹਾਜ਼ਰ ਹੋਣੇ ਜ਼ਰੂਰੀ ਹਨ ਪਰ ਇਹਨਾਂ ਤਿੰਨ ਮੈਂਬਰਾਂ ਨੇ ਹੀ ਕਮੇਟੀ ਬਣਾਉਣ ਦਾ ਫੈਸਲਾ ਥੋਪ ਦਿੱਤਾ, ਜਿਹੜਾ ਇਸ  ਐਤਵਾਰ ਸੰਗਤ ਨੇ ਪੰਜ ਜੈਕਾਰਿਆਂ ਨਾਲ ਰੱਦ ਕਰ ਦਿੱਤਾ ਹੈ। 
ਇਹਨਾਂ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਨੂੰ ਆਪਣੇ ਅਧਿਕਾਰ ਖੇਤਰ ਦਾ ਹੀ ਨਹੀਂ ਪਤਾ। ਇਹਨਾਂ ਕੋਲ ਕਮੇਟੀ ਭੰਗ ਕਰਨ ਦੀ ਕੋਈ ਤਾਕਤ ਹੀ ਨਹੀਂ ਹੈ। ਪਿਛਲੇ ਸੱਤ ਸਾਲ ਤੋਂ ਗੁਰਮਤਿ ਸਿਧਾਂਤ ਅਨੁਸਾਰ ਹੀ ਸਾਰੇ ਫ਼ੈਸਲੇ ਲਏ ਜਾਂਦੇ ਸਨ ਪਰ ਇਹ ਹੁਣ ਧਾਰਮਿਕ ਰੀਤਾਂ ਨੂੰ ਤਿਲਾਂਜਲੀ ਦੇ ਕੇ ਕਾਰਪੋਰੇਟ ਕਾਨੂੰਨ ਨਾਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਦੀ ਵਕਾਲਤ ਕਰਨ ਲੱਗ ਪਏ ਹਨ। 
ਗੁਰਦੁਆਰਾ ਸਾਹਿਬ ਸਟੇਜ ਕਮੇਟੀ ਦੇ ਕੁੱਲ 6 ਮੈਂਬਰ ਹਨ ਅਤੇ ਹਰ ਮਹੀਨੇ ਆਪਣੀ ਵਾਰੀ ਅਨੁਸਾਰ ਹਰੇਕ ਮੈਂਬਰ ਸੇਵਾ ਕਰਦਾ ਹੈ। ਇਸ ਮਹੀਨੇ ਸਟੇਜ ਦੀ ਸੇਵਾ ਕੰਵਲਜੀਤ ਸਿੰਘ ਕੋਲ ਹੈ ਪਰ ਖਾਲਸਾ ਧੜੇ ਨੇ ਧੱਕਾ ਕਰਦੇ ਹੋਏ ਕਿਹਾ ਕਿ ਇਸ ਨੂੰ ਸਟੇਜ ਨਹੀਂ ਦਿੱਤੀ ਜਾਵੇਗੀ ਤੇ ਨਵੀਂ ਕਮੇਟੀ ਚਾਰਜ ਸਾਂਭੇਗੀ ਪਰ ਸੰਗਤ ਨੇ ਇਹ ਗਲਤ ਕੰਮ ਨਹੀਂ ਹੋਣ ਦਿੱਤਾ। ਇਸ ਦੌਰਾਨ ਸਟੇਜ ਸੈਕਟਰੀ ਦਵਿੰਦਰ ਸਿੰਘ ਨੇ ਸੰਗਤ ਅੱਗੇ ਪ੍ਰਸਤਾਵ ਰੱਖਿਆ ਤੇ ਕਿਹਾ ਕਿ ਗੁਰਮੀਤ ਸਿੰਘ ਧੜੇ ਨੇ ਜੋ ਕਮੇਟੀ ਬਣਾਈ ਹੈ, ਅਸੀਂ ਉਸ ਨੂੰ ਰੱਦ ਕਰਦੇ ਹਾਂ, ਤਾਂ ਸੰਗਤ ਨੇ ਪੰਜ ਜੈਕਾਰਿਆਂ ਨਾਲ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ। 
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸੁਪਰੀਮ ਕੌਂਸਲ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਕਿ ਰੋਜ਼ਮਰ੍ਹਾ ਦੇ ਕੰਮ ਪ੍ਰਬੰਧਕ ਕਮੇਟੀ ਕਰਦੀ ਹੈ ਤੇ ਸੁਪਰੀਮ ਕਂੌਸਲ ਜ਼ਿਆਦਾ ਦਖ਼ਲ ਨਹੀਂ ਦੇ ਸਕਦੀ। ਸਾਡੀ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਹੁਣ ਕਮੇਟੀ ਦੇ ਕੰਮਾਂ ਵਿਚ ਦਖ਼ਲ ਨਾ ਦੇਣ ਅਤੇ ਸਟੇਜ ਦੀ ਸੇਵਾ ਕੰਵਲਜੀਤ ਸਿੰਘ ਨੂੰ ਕਰਨ ਦੇਣ। ਅਗਲੇ ਮਹੀਨਿਆਂ ਵਿਚ ਉਹਨਾਂ ਦੀ ਵੀ ਵਾਰੀ ਆ ਹੀ ਜਾਣੀ ਹੈ। 
ਇਸ ਘਟਨਾਕ੍ਰਮ ਦੌਰਾਨ ਗੁਰਦੁਆਰਾ ਸਾਹਿਬ ਪੁਲਿਸ ਵੀ ਆਈ। ਉਨ੍ਹਾਂ ਨੇ ਦੇਖਿਆ ਕਿ ਕੋਈ ਲੜਾਈ ਝਗੜਾ ਨਹੀਂ ਹੈ ਤੇ ਵਾਪਸ ਜਾਣਾ ਚਾਹਿਆ ਪਰ ਗੁਰਚਰਨ ਮਾਨ, ਜਿਸ ਨੂੰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀ ਸਹੁੰ ਖਾਣ ਵਾਲੇ ਵਜੋਂ ਜਾਣਦੀ ਹੈ, ਨੇ ਪੁਲਿਸ 'ਤੇ ਜ਼ੋਰ ਪਾਇਆ ਕਿ ਉਹ ਦੀਵਾਨ ਹਾਲ ਵਿਚ ਜਾਣ। ਪੁਲਿਸ ਵਾਲੇ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਕ ਸੁਪਰੀਮ ਕੌਂਸਲ ਮੈਂਬਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਇੱਕ ਹੋਰ ਘਿਨਾਉਣੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਰਹੇ ਹਨ ਤੇ ਤਕਰੀਬਨ ਦੋਹਾਂ ਧੜਿਆਂ ਨਾਲ ਸਬੰਧ ਵੀ ਠੀਕ ਰੱਖਦੇ ਹਨ, ਨੇ ਜਦੋਂ ਇਸ ਬਹਿਸ ਵਿਚ ਬੱਚਿਆਂ ਨੂੰ ਪਾਸੇ ਰਹਿਣ ਲਈ ਕਿਹਾ ਤਾਂ ਉਸ ਵੇਲੇ ਹੈਰਾਨੀ ਹੋਈ ਕਿ ਇਨ੍ਹਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਕਿਵੇਂ ਝੂਠ ਬੋਲਣਾ ਸਿਖਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਸਾਨੂੰ 2ully ਕੀਤਾ ਹੈ। ਉਹ ਗੱਲ ਵੱਖਰੀ ਹੈ ਕਿ ਪੁਲਿਸ ਨੇ ਬੱਚਿਆਂ 'ਤੇ ਯਕੀਨ ਨਹੀਂ ਕੀਤਾ ਪਰ ਬੱਚਿਆਂ ਨੂੰ ਇਸ ਤਰ੍ਹਾਂ ਢਾਲ ਬਣਾ ਕੇ ਵਰਤਣ ਦੀ ਭਾਈ ਅੰਮ੍ਰਿਤਾਲ ਸਿੰਘ ਨੇ ਨਿਖੇਧੀ ਕੀਤੀ ਤੇ ਸੁਆਲ ਕੀਤਾ ਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਹਨ ਅਤੇ ਅਸੀਂ ਅੱਜ ਬੱਚਿਆਂ ਨੂੰ ਕਾਨੂੰਨ ਕੋਲ ਝੂਠ ਬੋਲਣ ਦੀ ਸਿੱਖਿਆ ਦੇ ਰਹੇ ਹਾਂ।