ਸ਼ਿਲਾਂਗ: ਉਜਾੜੇ ਵਿਰੁੱਧ ਸਰਕਾਰ ਖਿਲਾਫ ਡਟੇ ਸਿੱਖ, ਉਪ ਮੁੱਖ ਮੰਤਰੀ ਦੀ ਧਮਕੀ ਅੱਗੇ ਝੁਕਣ ਤੋਂ ਸਾਫ ਨਾਹ

ਸ਼ਿਲਾਂਗ: ਉਜਾੜੇ ਵਿਰੁੱਧ ਸਰਕਾਰ ਖਿਲਾਫ ਡਟੇ ਸਿੱਖ, ਉਪ ਮੁੱਖ ਮੰਤਰੀ ਦੀ ਧਮਕੀ ਅੱਗੇ ਝੁਕਣ ਤੋਂ ਸਾਫ ਨਾਹ

ਸ਼ਿਲ਼ਾਂਗ: ਮੇਘਾਲਿਆ ਸੂਬੇ ਦੇ ਸ਼ਿਲਾਂਗ ਸ਼ਹਿਰ ਵਿੱਚ ਸਿੱਖਾਂ ਨੂੰ ਉਜਾੜਨ 'ਤੇ ਬਜਿੱਦ ਮੇਘਾਲਿਆ ਸਰਕਾਰ ਅਤੇ ਸਿੱਖਾਂ ਦਰਮਿਆਨ ਹਾਲਾਤ ਸੁਧਰਣ ਦੀ ਬਜਾਏ ਵਿਗੜਦੇ ਪ੍ਰਤੀਤ ਹੋ ਰਹੇ ਹਨ ਤੇ ਸਰਕਾਰ ਸਿੱਖਾਂ ਨੂੰ ਉਜਾੜਨ 'ਤੇ ਵਜਿੱਦ ਨਜ਼ਰ ਆ ਰਹੀ ਹੈ। ਬੀਤੇ ਕੱਲ੍ਹ ਮੇਘਾਲਿਆ ਦੇ ਉੱਪ ਮੁੱਖ ਮੰਤਰੀ ਪ੍ਰੀਸਟੋਨ ਤਿਨਸੋਂਗ ਵੱਲੋਂ ਇਸ ਮਾਮਲੇ ਸਬੰਧੀ ਉੱਚ ਪੱਧਰੀ ਕਮੇਟੀ ਦੀ ਬੈਠਕ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਦੇ ਸਿੱਖ ਰਿਹਾਇਸ਼ੀਆਂ ਨੂੰ ਆਪਣੀ ਮਾਲਕੀ ਦੇ ਕਾਗਜ਼ ਦਾਖਲ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਮੇਘਾਲਿਆ ਦੇ ਉੱਪ ਮੁੱਖ ਮੰਤਰੀ ਵੱਲੋਂ ਸਿੱਖਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਆਪ ਆਪਣੇ ਘਰਾਂ ਨੂੰ ਛੱਡ ਕੇ ਚਲੇ ਜਾਣ। 

ਦੱਸ ਦਈਏ ਕਿ ਇਹ ਉੱਚ ਪੱਧਰੀ ਕਮੇਟੀ ਮੇਘਾਲਿਆ ਸਰਕਾਰ ਵੱਲੋਂ ਬੀਤੇ ਸਾਲ ਜੂਨ ਮਹੀਨੇ ਬਣਾਈ ਗਈ ਸੀ ਜਦੋਂ ਸਥਾਨਕ ਖਾਸੀ ਲੋਕਾਂ ਨੇ ਸਥਾਨਕ ਸਿੱਖਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਲਗਾਤਾਰ ਮੇਘਾਲਿਆ ਸਰਕਾਰ ਦਾ ਪ੍ਰਸ਼ਾਸਨ ਸਿੱਖਾਂ ਨੂੰ ਉਜਾੜਨ ਦੇ ਰਾਹ ਤੁਰਿਆ ਹੋਇਆ ਹੈ। ਹਲਾਂਕਿ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਕੇਂਦਰ ਸਰਕਾਰ ਵਿੱਚ ਭਾਈਵਾਲ ਬਾਦਲ ਦਲ ਦੇ ਆਗੂ ਕਈ ਵਾਰ ਕੇਂਦਰ ਸਰਕਾਰ ਅਤੇ ਮੇਘਾਲਿਆ ਸਰਕਾਰ ਕੋਲ ਜਾ ਆਏ ਹਨ ਪਰ ਇਹਨਾਂ ਦੀਆਂ ਅਪੀਲਾਂ ਨੂੰ ਕਿਤੋਂ ਵੀ ਖੈਰ ਪੈਂਦੀ ਨਜ਼ਰ ਨਹੀਂ ਆ ਰਹੀ। 

ਸਿੱਖਾਂ ਨੇ ਸਰਕਾਰੀ ਕਮੇਟੀ ਨੂੰ ਰੱਦ ਕੀਤਾ
ਸ਼ਿਲਾਂਗ ਦੇ ਸਿੱਖਾਂ ਦੀ ਜਥੇਬੰਦੀ ਹਰੀਜਨ ਪੰਚਾਇਤ ਕਮੇਟੀ ਨੇ ਹੁਣ ਸਰਕਾਰ ਖਿਲਾਫ ਮੋਰਣਾ ਲਾਉਣ ਦਾ ਫੈਂਸਲਾ ਕਰ ਲਿਆ ਹੈ। ਸਰਕਾਰ ਵੱਲੋਂ ਉਹਨਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਸਿੱਖਾਂ ਨੇ ਸਰਕਾਰ ਵੱਲੋਂ ਬਣਾਈ ਉੱਚ ਕਮੇਟੀ ਨੂੰ ਰੱਦ ਕਰਦਿਆਂ ਉਸਦਾ ਫੈਂਸਲਾ ਮੰਨਣ ਤੋਂ ਮਨ੍ਹਾ ਕਰ ਦਿੱਤਾ ਹੈ। ਸਿੱਖਾਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਕਮੇਟੀ ਪੱਖਪਾਤ ਕਰ ਰਹੀ ਹੈ ਤੇ ਹਰ ਹੀਲੇ ਸਿੱਖਾਂ ਨੂੰ ਉਜਾੜਨਾ ਚਾਹੁੰਦੀ ਹੈ।

ਹਰੀਜਨ ਪੰਚਾਇਤ ਕਮੇਟੀ ਨੇ ਕਿਹਾ ਕਿ ਉਹ ਉੱਪ ਮੁੱਖ ਮੰਤਰੀ ਵੱਲੋਂ ਦਿੱਤੀ ਧਮਕੀ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। 

ਦੱਸ ਦਈਏ ਕਿ ਇਹ ਸਿੱਖ ਪਰਿਵਾਰ ਕਈ ਪੀੜ੍ਹੀਆਂ ਤੋਂ ਇੱਥੇ ਵਸ ਰਹੇ ਹਨ ਜਿਹਨਾਂ ਨੂੰ ਬਰਤਾਨੀਆ ਸਰਕਾਰ ਨੇ ਇੱਥੇ ਰੁਜ਼ਗਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਸਾਇਆ ਸੀ। ਸਿੱਖ ਵਸੋਂ ਵਾਲਾ ਇਹ ਖੇਤਰ ਸ਼ਿਲਾਂਗ ਦੇ ਮੁੱਖ ਵਪਾਰਕ ਕੇਂਦਰ ਦੇ ਬਿਲਕੁਲ ਨਜ਼ਦੀਕ ਹੈ ਜਿਸ ਕਾਰਨ ਕਈ ਵੱਡੇ ਪੂੰਜੀਪਤੀ ਸਰਕਾਰ ਦੀ ਸ਼ਹਿ 'ਤੇ ਸਿੱਖਾਂ ਨੂੰ ਇੱਥੋਂ ਉਜਾੜਨਾ ਚਾਹੁੰਦੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ