ਤਿੱਬਤ ਦਾ ਸੰਘਰਸ਼ ਹੁਣ ਰਾਜਨੀਤਕ ਅਜ਼ਾਦੀ ਦਾ ਸੰਘਰਸ਼ ਨਹੀਂ ਰਿਹਾ: ਦਲਾਈ ਲਾਮਾ

ਤਿੱਬਤ ਦਾ ਸੰਘਰਸ਼ ਹੁਣ ਰਾਜਨੀਤਕ ਅਜ਼ਾਦੀ ਦਾ ਸੰਘਰਸ਼ ਨਹੀਂ ਰਿਹਾ: ਦਲਾਈ ਲਾਮਾ
ਦਲਾਈ ਲਾਮਾ

ਧਰਮਸ਼ਾਲਾ: ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਤਿੱਬਤ ਨੂੰ ਚੀਨ ਤੋਂ ਅਜ਼ਾਦ ਕਰਾਉਣ ਦੇ ਸੰਘਰਸ਼ ਤੋਂ ਇੱਕ ਵਾਰ ਫੇਰ ਕਿਨਾਰਾ ਕਰਦਿਆਂ ਕਿਹਾ ਕਿ ਤਿੱਬਤ ਦਾ ਮਸਲਾ ਹੁਣ ਅਜ਼ਾਦੀ ਸੰਘਰਸ਼ ਨਾਲ ਸਬੰਧਿਤ ਨਹੀਂ ਰਿਹਾ ਹੈ। ਉਹਨਾਂ ਕਿਹਾ ਕਿ ਅਜ਼ਾਦੀ ਦੀ ਬਜਾਏ ਤਿੱਬਤ ਦੀ ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਪਛਾਣ ਨੂੰ ਸਾਂਭਣ ਦੀ ਜ਼ਰੂਰਤ ਵੱਧ ਧਿਆਨ ਕੇਂਦਰਤ ਕਰਨ ਦੀ ਲੋੜ ਹੈ।

ਦਲਾਈ ਲਾਮਾ ਨੇ ਕਿਹਾ, "ਚੀਨ ਦੇ ਪ੍ਰਮੁੱਖ ਆਗੂਆਂ ਵਿੱਚ ਇਹ ਸੋਚ ਵੱਧ ਰਹੀ ਹੈ ਕਿ ਉਹਨਾਂ ਦੀਆਂ ਨੀਤੀਆਂ ਪਿਛਲੇ 70 ਸਾਲਾਂ ਵਿੱਚ ਤਿੱਬਤ ਮਸਲੇ ਨੂੰ ਹੱਲ ਕਰਨ ਵਿੱਚ ਸਫਲ ਨਹੀਂ ਹੋਈਆਂ। ਇਸ ਲਈ ਉਹਨਾਂ ਨੂੰ ਹੋਰ ਕਾਰਗਰ ਪਹੁੰਚ ਅਪਣਾਉਣੀ ਚਾਹੀਦੀ ਹੈ। ਭਾਵੇਂ ਕਿ ਤਿੱਬਤ ਇੱਕ ਅਜ਼ਾਦ ਦੇਸ਼ ਹੈ, ਪਰ ਰਾਜਨੀਤਕ ਤੌਰ 'ਤੇ ਅੱਜ ਇਹ ਚੀਨ ਦੇ ਕਬਜ਼ੇ ਹੇਠ ਹੈ।"

"ਇਹਨਾਂ ਹਾਲਤਾਂ ਨੂੰ ਦੇਖਦਿਆਂ ਮੈਂ ਕਹਿੰਦਾ ਹਾਂ ਕਿ ਹੁਣ ਕੁੱਝ ਸਮੇਂ ਲਈ ਤਿੱਬਤ ਦੇ  ਸੱਭਿਆਚਾਰ, ਧਰਮ ਅਤੇ ਪਛਾਣ ਨੂੰ ਸਾਂਭਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਸੰਘਰਸ਼ ਹੁਣ ਰਾਜਨੀਤਕ ਅਜ਼ਾਦੀ ਲਈ ਨਹੀਂ ਰਿਹਾ।"

ਦੱਸ ਦਈਏ ਕਿ ਦਲਾਈ ਲਾਮਾ 1961 ਤੋਂ 1970 ਤੱਕ ਤਿੱਬਤ ਦੀ ਚੀਨ ਤੋਂ ਪੂਰਨ ਅਜ਼ਾਦੇ ਦੇ ਹਾਮੀ ਸਨ ਤੇ ਉਸ ਲਈ ਪ੍ਰਚਾਰ ਕਰਦੇ ਸਨ ਪਰ 1988 ਤੋਂ ਬਾਅਦ ਉਹ ਪੂਰਨ ਅਜ਼ਾਦ ਦੀ ਥਾਂ ਚੀਨ ਦੇ ਰਾਜਨੀਤਕ ਖੇਤਰ ਵਿੱਚ ਤਿੱਬਤ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਨ ਲੱਗੇ। 

ਦਲਾਈ ਲਾਮਾ ਨੇ ਕਿਹਾ ਕਿ ਰਾਜਨੀਤਕ ਅਜ਼ਾਦੀ ਦਾ ਮੁੱਖ ਮਕਸਦ ਲੋਕਾਂ ਲਈ ਖੁਸ਼ਹਾਲੀ ਲੈ ਕੇ ਆਉਣਾ ਹੁੰਦਾ ਹੈ, ਪਰ ਕੀ ਸਿਰਫ ਇਕੱਲੀ ਰਾਜਨੀਤਕ ਅਜ਼ਾਦੀ ਇਹ ਯਕੀਨੀ ਬਣਾ ਸਕਦੀ ਹੈ। 

ਦਲਾਈ ਲਾਮਾ ਨੇ ਹਿਮਾਚਲ ਦੇ ਮੈਕਲੋਡਗੰਜ ਵਿੱਚ ਦਿੱਤੀ ਇੰਟਰਵਿਊ 'ਚ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਚੀਨ ਅਤੇ ਤਿੱਬਤ ਇਕ ਰਾਜਨੀਤਕ ਸੰਘ ਵਿੱਚ ਰਹਿ ਸਕਦੇ ਹਨ ਜਿੱਥੇ ਤਿੱਬਤ ਦੀ ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਪਛਾਣ ਨੂੰ ਸੁਰੱਖਿਅਤ ਰੱਖਿਆ ਜਾਵੇ।

ਦੱਸ ਦਈਏ ਕਿ ਦਲਾਈ ਲਾਮਾ ਨੇ ਤਿੱਬਤ 'ਤੇ ਚੀਨ ਦੇ ਕਬਜ਼ੇ ਦੇ ਚਲਦਿਆਂ 1959 ਵਿੱਚ ਤਿੱਬਤ ਛੱਡਿਆ ਸੀ। ਦਲਾਈ ਲਾਮਾ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਤਿੱਬਤੀਆਂ ਨੇ ਭਾਰਤ ਵਿੱਚ ਰਾਜਨੀਤਕ ਸ਼ਰਨ ਲਈ ਹੋਈ ਹੈ।  

ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਚੀਨ ਤੋਂ ਅਜ਼ਾਦੀ ਹਾਸਿਲ ਕਰਨ ਦੇ ਇਸ ਸੰਘਰਸ਼ ਦੌਰਾਨ ਲੱਖਾਂ ਦੀ ਗਿਣਤੀ 'ਚ ਤਿੱਬਤੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਤਿੱਬਤੀ ਲੋਕ ਆਪਣੇ ਘਰਾਂ ਨੂੰ ਛੱਡ ਸ਼ਰਨਾਰਥੀ ਬਣੇ ਹਨ। 

ਤਿੱਬਤੀ ਆਗੂਆਂ ਦਰਮਿਆਨ ਆਪਣੇ ਰਾਜਨੀਤਕ ਭਵਿੱਖ ਨੂੰ ਲੈ ਕੇ ਵੱਖੋ-ਵੱਖਰੇ ਵਿਚਾਰ ਹਨ ਜਿਸ ਕਾਰਨ ਅੰਦਰੂਨੀ ਕਲੇਸ਼ ਵੀ ਲਗਾਤਾਰ ਚੱਲ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ