ਮਾਮਲਾ ਸਿੱਖਾਂ ਦੇ ਉਜਾੜੇ ਦਾ; ਮੇਘਾਲਿਆ ਦੇ ਮੁੱਖ ਮੰਤਰੀ ਨੂੰ ਮਿਲੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦੇ ਆਗੂ

ਮਾਮਲਾ ਸਿੱਖਾਂ ਦੇ ਉਜਾੜੇ ਦਾ; ਮੇਘਾਲਿਆ ਦੇ ਮੁੱਖ ਮੰਤਰੀ ਨੂੰ ਮਿਲੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦੇ ਆਗੂ

ਅੰਮ੍ਰਿਤਸਰ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਵੱਸਦੇ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੇ ਉਜਾੜੇ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸਾਂਝੇ ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਸ੍ਰੀ ਕੋਨਾਰਡ ਸੰਗਮਾਂ ਨਾਲ ਮੁਲਾਕਾਤ ਕੀਤੀ ਹੈ। ਦਿੱਲੀ ‘ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਕੀਤੀ ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਪਾਲ ਸਿੰਘ ਜੱਲ੍ਹਾ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ਼ਿਲਾਂਗ ਦੇ ਸਿੱਖ ਆਗੂ ਸ. ਗੁਰਜੀਤ ਸਿੰਘ ਤੇ ਬੀਬੀ ਰਣਜੀਤ ਕੌਰ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਬੈਠਕ ਵਿਚ ਮੇਘਾਲਿਆ ਸਰਕਾਰ ਦੇ ਕੁਝ ਮੰਤਰੀ ਵੀ ਹਾਜ਼ਰ ਰਹੇ।

ਮੇਘਾਲਿਆ ਦੇ ਮੁੱਖ ਮੰਤਰੀ ਸ੍ਰੀ ਸੰਗਮਾਂ ਨਾਲ ਮੁਲਾਕਾਤ ਸਮੇਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਸਿਲਾਂਗ ਦੇ ਸਿੱਖਾਂ ਦੀਆਂ ਮੌਜੂਦਾ ਸਮੱਸਿਆਵਾਂ ਹੱਲ ਕਰਨ ਦਾ ਮਾਮਲਾ ਉਠਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਮੀਡੀਆ ਸ. ਪਰਮਜੀਤ ਸਿੰਘ ਸਰੋਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਫ਼ਦ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ੨੦੦ ਸਾਲ ਤੋਂ ਵੱਸ ਰਹੇ ਸਿੱਖਾਂ ‘ਤੇ ਉਜਾੜੇ ਦੀ ਤਲਵਾਰ ਕਾਰਨ ਉਹ ਸਹਿਮ ਵਿਚ ਹਨ, ਜਿਸ ਦਾ ਸੰਜੀਦਗੀ ਨਾਲ ਹੱਲ ਕਰਨਾ ਸਰਕਾਰ ਦੀ ਜ਼ੁੰਮੇਵਾਰੀ ਹੈ। ਇਸ ਦੌਰਾਨ ਮੇਘਾਲਿਆ ਦੇ ਮੁੱਖ ਮੰਤਰੀ ਸ੍ਰੀ ਸੰਗਮਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੂਬੇ ਅੰਦਰ ਵੱਸਦੇ ਹਰ ਵਰਗ ਦੇ ਲੋਕਾਂ ਦੇ ਜਾਨ-ਮਾਲ ਦੀ ਰੱਖਵਾਲੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਵੱਸਦੇ ਸਿੱਖਾਂ ਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਲੈ ਕੇ ਸੰਜੀਦਾ ਹੈ। ਉਨ੍ਹਾਂ ਵਫ਼ਦ ਮੈਂਬਰਾਂ ਨੂੰ ਦਸਿਆ ਕਿ ਜਿਥੇ ਇਹ ਮਾਮਲਾ ਕੋਰਟ ਵਿਚ ਸੁਣਵਾਈ ਅਧੀਨ ਹੈ, ਉਥੇ ਹੀ ਸਰਕਾਰ ਵੱਲੋਂ ਵੀ ਉਪ ਮੁੱਖ ਮੰਤਰੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਮਾਮਲੇ ਨੂੰ ਲੈ ਕੇ ਨਿਰੰਤਰ ਕਾਰਜ ਕਰ ਰਹੀ ਹੈ ਅਤੇ ਉਨ੍ਹਾਂ ਦਾ ਯਤਨ ਹੈ ਕਿ ਇਸ ਦਾ ਜਲਦੀ ਹੱਲ ਕੱਢ ਲਿਆ ਜਾਵੇਗਾ। ਵਫ਼ਦ ਮੈਂਬਰਾਂ ਵੱਲੋਂ ਸ਼ਿਲਾਂਗ ਦੇ ਸਿੱਖਾਂ ਨੂੰ ਮਿਲੀ ਧਮਕੀ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ ”ਤੇ ਉਨ੍ਹਾਂ ਆਖਿਆ ਕਿ ਸੂਬੇ ਅੰਦਰ ਵੱਸਦੇ ਹਰ ਬਾਸ਼ਿੰਦੇ ਦੀ ਰੱਖਵਾਲੀ ਸਰਕਾਰ ਦਾ ਤਰਜੀਹੀ ਕੰਮ ਹੈ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਇਕ ਵਫ਼ਦ ਸ਼ਿਲਾਂਗ ਵਿਖੇ ਵੀ ਭੇਜਿਆ ਗਿਆ ਸੀ। ਜਿਸ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਮਾਮਲਾ ਹੱਲ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਨੇ ਸ਼ਿਲਾਂਗ ਦੇ ਸਿੱਖਾਂ ਨਾਲ ਮਿਲ ਕੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ