ਡਾਕਟਰਾਂ ਦੀ ਹੜਤਾਲ: ਮਮਤਾ ਬੈਨਰਜੀ ਤੇ ਡਾਕਟਰਾਂ ਦਰਮਿਆਨ ਬੈਠਕ 3 ਵਜੇ; ਪੀਜੀਆਈ ਦੇ ਡਾਕਟਰ ਵੀ ਹੜਤਾਲ 'ਤੇ

ਡਾਕਟਰਾਂ ਦੀ ਹੜਤਾਲ: ਮਮਤਾ ਬੈਨਰਜੀ ਤੇ ਡਾਕਟਰਾਂ ਦਰਮਿਆਨ ਬੈਠਕ 3 ਵਜੇ; ਪੀਜੀਆਈ ਦੇ ਡਾਕਟਰ ਵੀ ਹੜਤਾਲ 'ਤੇ

ਕਲਕੱਤਾ/ਚੰਡੀਗੜ੍ਹ: ਪੱਛਮੀ ਬੰਗਾਲ ਵਿੱਚ ਸਰਕਾਰ ਅਤੇ ਡਾਕਟਰਾਂ ਦਰਮਿਆਨ ਚੱਲ ਰਿਹਾ ਟਕਰਾਅ ਪੂਰੇ ਭਾਰਤ ਵਿੱਚ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਅੱਜ ਤੋਂ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਵੀ ਅਣਮਿੱਥੇ ਸਮੇਂ ਤੱਕ ਦੀ ਹੜਤਾਲ 'ਤੇ ਚਲੇ ਗਏ ਹਨ। ਫਿਲਹਾਲ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਦੁਪਹਿਰ 3 ਵਜੇ ਹੜਤਾਲ 'ਤੇ ਚੱਲ ਰਹੇ ਡਾਕਟਰਾਂ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਬੈਠਕ ਹੋਣ ਜਾ ਰਹੀ ਹੈ। 

ਪੱਛਮੀ ਬੰਗਾਲ ਸਰਕਾਰ ਵੱਲੋਂ ਸਰਕਾਰੀ ਚਿੱਠੀ ਭੇਜ ਕੇ ਡਾਕਟਰਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ। ਇਸ ਚਿੱਠੀ ਮੁਤਾਬਿਕ ਡਾਕਟਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇਸ ਬੈਠਕ ਦੌਰਾਨ ਹੋਣ ਵਾਲੀ ਸਾਰੀ ਗੱਲਬਾਤ ਨੂੰ ਰਿਕਾਰਡ ਕਰਕੇ ਜਨਤਕ ਕਰਨ ਦੀ ਵੀ ਗੱਲ ਕਹੀ ਗਈ ਹੈ।

ਜ਼ਿਕਰਯੋਗ ਹੈ ਕਿ ਅੱਜ ਤੋਂ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਵੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ ਤੇ ਉਹਨਾਂ ਪੱਛਮੀ ਬੰਗਾਲ ਵੱਲੋਂ ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਸਿਰਫ ਐਮਰਜੈਂਸੀ ਅਤੇ ਆਈਸੀਯੂ ਸੇਵਾਵਾਂ ਜਾਰੀ ਰੱਖਣ ਦਾ ਐਲਾਨ ਕਰਦਿਆਂ ਓਪੀਡੀ ਅਤੇ ਬਾਕੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਪੀਜੀਆਈ ਚੰਡੀਗੜ੍ਹ ਓਪੀਡੀ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਉਤਰਾਖੰਡ, ਉਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਇਲਾਜ਼ ਕਰਵਾਉਣ ਆਉਂਦੇ ਹਨ ਜਿਨ੍ਹਾਂ 'ਤੇ ਡਾਕਟਰਾਂ ਦੀ ਹੜਤਾਲ ਦਾ ਬਹੁਤ ਬੁਰਾ ਅਸਰ ਪੈ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ