12 ਸਾਲਾਂ ਵਿਚ 358 ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵਾਲਾ ਗੁਰਸੇਵਕ ਸਿੰਘ

12 ਸਾਲਾਂ ਵਿਚ 358 ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵਾਲਾ ਗੁਰਸੇਵਕ ਸਿੰਘ
ਗੁਰਸੇਵਕ ਸਿੰਘ


ਮੋਗਾ: ਗੁਰਸੇਵਕ ਸਿੰਘ ਸੰਨਿਆਸੀ ਮੋਗਾ ਸ਼ਹਿਰ ਵਿਚ ਡੈਂਟਿੰਗ-ਪੇਂਟਿੰਗ ਦਾ ਕਿੱਤਾ ਕਰਦੇ ਹਨ। ਉਹ ਪਿਛਲੇ 12 ਸਾਲਾਂ ਦੌਰਾਨ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ। ਜਿਹੜਾ ਕਾਰਜ 2007 ਵਿਚ ਗੁਰਸੇਵਕ ਸਿੰਘ ਨੇ ਇਕੱਲਿਆਂ ਸ਼ੁਰੂ ਕੀਤਾ ਸੀ, ਅੱਜ ਉਸ ਦੇ ਕਾਫ਼ਲੇ ਵਿਚ 150 ਸਰਗਰਮ ਵਲੰਟੀਅਰਾਂ ਦੀ ਟੀਮ, ਦੋ ਐਂਬੂਲੈਂਸ ਤੇ ਮ੍ਰਿਤਕਾਂ ਨੂੰ ਲਿਜਾਣ ਵਾਲੀ ਇੱਕ ਵੈਨ ਹੈ। ਇਹ ਟੀਮ ਕੇਵਲ ਅਣਪਛਾਤੀਆਂ ਲਾਸ਼ਾਂ ਦਾ ਹੀ ਸਸਕਾਰ ਨਹੀਂ ਕਰਦੀ ਸਗੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਪੀੜਤ ਲੋਕਾਂ ਦੀ ਸੰਭਾਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਗੁਰਸੇਵਕ ਸਿੰਘ ਨੇ ਕਿਹਾ ਕਿ ''ਅਸੀਂ ਪਿਛਲੇ 12 ਸਾਲਾਂ ਦੌਰਾਨ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਾਂ। ਲਾਸ਼ ਦੀ ਸ਼ਨਾਖ਼ਤ ਲਈ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ। ਫ਼ੋਟੋ, ਕੱਪੜਿਆਂ ਦੇ ਰੰਗ ਤੇ ਬਣਤਰ ਤੋਂ ਇਲਾਵਾ ਲਾਸ਼ ਮਿਲਣ ਵਾਲੀ ਥਾਂ ਦਾ ਜ਼ਿਕਰ ਕਰਦੇ ਹਾਂ ਤਾਂ ਕਿ ਲਾਸ਼ ਦੀ ਸ਼ਨਾਖ਼ਤ ਸੌਖੀ ਹੋ ਸਕੇ।''

ਗੁਰਸੇਵਕ ਸਿੰਘ ਨੇ ਦੱਸਿਆ ਕਿ ਅਣਪਛਾਤੀਆਂ ਲਾਸ਼ਾ ਜਾਂ ਤਾਂ ਨਹਿਰਾਂ ਵਿਚੋਂ ਮਿਲਦੀਆਂ ਹਨ ਤੇ ਜਾਂ ਫਿਰ ਰੇਲਵੇ ਲਾਈਨ ਤੋਂ। ਲਾਸ਼ਾਂ ਦਾ ਅੰਤਮ ਸਸਕਾਰ ਬਾਕਾਇਦਾ ਤੌਰ 'ਤੇ ਧਾਰਮਿਕ ਰਸਮਾਂ ਨਾਲ ਕਰਨ ਤੋਂ ਇਲਾਵਾ ਇਹ ਟੀਮ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੀ ਹੈ। ਇਸ ਟੀਮ ਕੋਲ ਹਰ ਲਾਸ਼ ਦਾ ਰਿਕਾਰਡ ਮੌਜੂਦ ਹੈ। ਰਿਕਾਰਡ ਮੁਤਾਬਿਕ ਕੇਵਲ ਅਣਪਛਾਤੀਆਂ ਲਾਸ਼ਾਂ ਦੀ ਸੰਭਾਲ ਹੀ ਨਹੀਂ ਕੀਤੀ ਗਈ ਸਗੋਂ ਵੱਖ-ਵੱਖ ਸੜਕ ਤੇ ਰੇਲ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਉਹ ਦੱਸਦੇ ਹਨ ਕਿ ਅਸੀਂ ਇਸ ਬਾਰੇ ਆਪਣੀ ਜੇਬ ਵਿਚੋ ਖਰਚ ਕਰਦੇ ਆਂ ਤੇ ਬਾਕੀ ਸੰਗਤ ਵੀ ਸਹਿਯੋਗ ਕਰ ਰਹੀ ਹੈ। ਪੈਸੇ ਦੀ ਅਹਿਮੀਅਤ ਨਹੀਂ ਹੈ। ਸਵਾਲ ਇਨਸਾਨੀਅਤ ਦਾ ਹੈ।

ਉਹਨਾਂ ਕਿਹਾ, ''ਸਾਡੀ ਟੀਮ ਲਈ ਟੈਲੀਫ਼ੋਨ ਦੀ ਹਰ ਘੰਟੀ ਅਤਿ ਮਹੱਤਵਪੂਰਨ ਹੈ। ਘੰਟੀ ਖੜਕਦੇ ਹੀ ਅਸੀਂ ਆਪਣੇ ਸਾਰੇ ਕੰਮ ਛੱਡ ਕੇ ਘਟਨਾ ਵਾਲੇ ਸਥਾਨ ਵੱਲ ਕੂਚ ਕਰਦੇ ਹਾਂ ਤੇ ਇੱਕ-ਇੱਕ ਮਨੁੱਖੀ ਜਾਨ ਬੁਚਾਉਣ ਲਈ ਕੰਮ ਸ਼ੁਰੂ ਕਰ ਦਿੰਦੇ ਹਾਂ।'' ਉਹ ਆਪਣੀ ਟੀਮ ਨਾਲ ਪੰਜਾਬ ਤੋਂ ਇਲਾਵਾ ਉੱਤਰਾਖੰਡ, ਜੰਮੂ-ਕਸ਼ਮੀਰ, ਬਿਹਾਰ ਤੇ ਗੁਜਰਾਤ ਵਿਚ ਹੜਾਂ ਸਮੇਂ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਦੀ ਸੇਵਾ ਨਿਭਾਅ ਚੁੱਕੇ ਹਨ। ਉਹਨਾਂ ਦੱਸਿਆ, ''ਨਹਿਰਾਂ ਵਿਚੋਂ ਮਿਲਣ ਵਾਲੀਆਂ ਕੁਝ ਕੁ ਲਾਸ਼ਾਂ ਬਹੁਤ ਜ਼ਿਆਦਾ ਗਲੀਆਂ-ਸੜੀਆਂ ਹੁੰਦੀਆਂ ਹਨ। ਅਜਿਹੀਆਂ ਲਾਸ਼ ਨੂੰ ਸੰਭਾਲਣ ਸਮੇਂ ਸਾਡੇ ਕੁਝ ਵਲੰਟੀਅਰ ਬਿਮਾਰ ਵੀ ਹੋ ਜਾਂਦੇ ਹਨ ਪਰ ਸੇਵਾ ਦੇ ਜਜ਼ਬੇ ਅੱਗੇ ਅਸੀਂ ਬਿਮਾਰੀ ਨੂੰ ਕੁਝ ਵੀ ਨਹੀਂ ਸਮਝਦੇ।''