ਅਵਾਰਾ ਪਸ਼ੂ ਸਰਕਾਰੀ ਦਰਵਾਜਿਆਂ 'ਤੇ ਛੱਡਣ ਦੀ ਮੁਹਿੰਮ ਨੇ ਜ਼ੋਰ ਫੜ੍ਹਿਆ; ਬੁੱਚੜਖਾਨੇ ਖੋਲ੍ਹਣ ਦੀ ਮੰਗ

ਅਵਾਰਾ ਪਸ਼ੂ ਸਰਕਾਰੀ ਦਰਵਾਜਿਆਂ 'ਤੇ ਛੱਡਣ ਦੀ ਮੁਹਿੰਮ ਨੇ ਜ਼ੋਰ ਫੜ੍ਹਿਆ; ਬੁੱਚੜਖਾਨੇ ਖੋਲ੍ਹਣ ਦੀ ਮੰਗ

ਜਲੰਧਰ: ਪੰਜਾਬ ਵਿਚ ਕਿਸਾਨਾਂ ਦੀ ਵੱਡੀ ਸਿਰਦਰਦੀ ਬਣ ਚੁੱਕੇ ਅਵਾਰਾ ਪਸ਼ੂਆਂ (ਗਾਵਾਂ ਖਾਸ ਕਰਕੇ) ਨੂੰ ਸਰਕਾਰੀ ਦਰਵਾਜ਼ਿਆਂ 'ਤੇ ਛੱਡਣ ਦੀ ਮੁਹਿੰਮ ਤੇਜ਼ੀ ਫੜ੍ਹ ਰਹੀ ਹੈ। ਇਸੇ ਮੁਹਿੰਮ ਤਹਿਤ ਬੀਤੇ ਕੱਲ੍ਹ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਆਵਾਰਾ ਪਸ਼ੂਆਂ ਨਾਲ ਲੱਦੀਆਂ 50 ਟਰਾਲੀਆਂ ਲੈ ਕੇ ਕਿਸਾਨ ਡੀਸੀ ਦਫਤਰ ਛੱਡਣ ਲਈ ਆ ਰਹੇ ਸਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂਆਂ ਵੱਲੋਂ ਨਕੋਦਰ, ਫਿਲੌਰ, ਸ਼ਾਹਕੋਟ ਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ’ਚੋਂ ਫੜੇ 400 ਤੋਂ ਵੱਧ ਆਵਾਰਾ ਪਸ਼ੂਆਂ ਨੂੰ ਟਰਾਲੀਆਂ ’ਚ ਲੱਦ ਕੇ ਜਲੰਧਰ ਲਿਆਂਦਾ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਕਿਸਾਨਾਂ ਨੂੰ ਲਾਂਬੜਾ ਨੇੜੇ ਪ੍ਰਤਾਪਪੁਰਾ ਦੀ ਦਾਣਾ ਮੰਡੀ ਵਿੱਚ ਹੀ ਰੋਕ ਲਿਆ।

ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐੱਸਪੀ ਬਲਕਾਰ ਸਿੰਘ, ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਫਸਰ ਮੌਕੇ ’ਤੇ ਪਹੁੰਚੇ ਹੋਏ ਸਨ, ਜਿਹੜੇ ਦਬਾਅ ਪਾ ਰਹੇ ਸਨ ਕਿ ਇਨ੍ਹਾਂ ਪਸ਼ੂਆਂ ਨੂੰ ਕਿਸਾਨ ਗਊਸ਼ਾਲਾ ਛੱਡ ਕੇ ਆਉਣ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੋਰੀ ਨਾਂਹ ਕਰਦਿਆਂ ਕਿਹਾ ਕਿ ਉਹ ਆਵਾਰਾ ਪਸ਼ੂਆਂ ਦੇ ਉਜਾੜੇ ਤੋਂ ਤੰਗ ਆ ਕੇ ਇਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਛੱਡਣ ਲਈ ਆਏ ਹਨ, ਨਾ ਕਿ ਗਊਸ਼ਾਲਾ ਲੈ ਕੇ ਜਾਣ ਲਈ। ਜਦੋਂ ਕਿਸਾਨ ਅੜ ਗਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਕੇ ’ਤੇ ਹੀ ਟਰੱਕਾਂ ਦਾ ਪ੍ਰਬੰਧ ਕਰਨਾ ਪਿਆ। ਪ੍ਰਸ਼ਾਸਨ ਨੇ ਹੀ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਗਊਸ਼ਾਲਾ ਵਿੱਚ ਛੱਡਿਆ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂਆਂ ਨੇ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਵਿੱਚ ਬੁੱਚੜਖਾਨੇ ਖੋਲ੍ਹੇ ਜਾਣ। ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂ ਵੱਡੇ ਪੱਧਰ ’ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਆ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਇਧਰ ਕੋਈ ਵੀ ਧਿਆਨ ਨਹੀਂ ਦੇ ਰਿਹਾ। 4 ਫਰਵਰੀ ਨੂੰ ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਇਹ ਨੋਟਿਸ ਦੇ ਦਿੱਤਾ ਸੀ ਕਿ ਜੇਕਰ 17 ਫਰਵਰੀ ਤੱਕ ਆਵਾਰਾ ਪਸ਼ੂਆਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ 18 ਫਰਵਰੀ ਨੂੰ ਪਸ਼ੂ ਸਰਕਾਰੀ ਦਫਤਰਾਂ ਵਿੱਚ ਛੱਡੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰੋੜਾਂ ਦਾ ਲੋਕਾਂ ਕੋਲੋਂ ਗਊ ਸੈੱਸ ਉਗਰਾਹੁੰਦੀ ਹੈ ਪਰ ਉਨ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕਰਦੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਵਾਰਾ ਪਸ਼ੂਆਂ ਕਾਰਨ ਸੜਕਾਂ ’ਤੇ ਦੁਰਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਜਸਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਸਵੇਰੇ 9.30 ਵਜੇ ਹੀ ਆਵਾਰਾ ਪਸ਼ੂਆਂ ਨਾਲ ਲੱਦੀਆਂ ਟਰਾਲੀਆਂ ਲੈ ਕੇ ਆਉਣ ਲੱਗ ਪਏ ਸਨ। ਜਦੋਂ 11.00 ਵਜੇ ਦੇ ਕਰੀਬ ਡੀਸੀ ਦਫਤਰ ਨੂੰ ਜਾਣ ਲਈ 50 ਦੇ ਕਰੀਬ ਟਰਾਲੀਆਂ ਚਾਲੇ ਪਾਉਣ ਲੱਗੀਆਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਟਰੱਕਾਂ ਦਾ ਪ੍ਰਬੰਧ ਕਰਕੇ ਇਨ੍ਹਾਂ ਆਵਾਰਾ ਗਊਆਂ ਨੂੰ ਗਊਸ਼ਾਲਾ ਵਿੱਚ ਲੈ ਗਏ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਹੋਰ ਆਗੂਆਂ ਵਿੱਚ ਹਰਿੰਦਰ ਸਿੰਘ ਲੱਖੋਵਾਲ, ਹਰਮਿੰਦਰ ਸਿੰਘ ਖਹਿਰਾ, ਹਰਜੀਤ ਸਿੰਘ, ਸੁਖਜੀਵਨ ਸਿੰਘ, ਮੇਜਰ ਸਿੰਘ ਗਿੱਲ, ਸੋਨੀ ਸੰਧੂ, ਸੁਖਚੈਨ ਸਿੰਘ ਭੰਗੂ, ਕੁਲਦੀਪ ਸਿੰਘ ਭੁੱਲਰ ਤੇ ਸਤਬੀਰ ਸਿੰਘ ਸਮੇਤ 400 ਦੇ ਕਰੀਬ ਕਿਸਾਨ ਹਾਜ਼ਰ ਸਨ।