ਕੋਰੋਨਾਵਾਇਰਸ ਦੀ ਆੜ ਵਿਚ ਸਿੱਖਾਂ ਅਤੇ ਮੁਸਲਮਾਨਾਂ ਖਿਲਾਫ 'ਸਰਜੀਕਲ ਸਟਰਾਈਕ'

ਕੋਰੋਨਾਵਾਇਰਸ ਦੀ ਆੜ ਵਿਚ ਸਿੱਖਾਂ ਅਤੇ ਮੁਸਲਮਾਨਾਂ ਖਿਲਾਫ 'ਸਰਜੀਕਲ ਸਟਰਾਈਕ'

ਸੁਖਵਿੰਦਰ ਸਿੰਘ
ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਦੀਆਂ ਖਬਰਾਂ ਚੱਲ ਰਹੀਆਂ ਹਨ, ਪਰ ਹਿੰਦੂ ਬਹੁਗਿਣਤੀ ਭਾਰਤ ਵਿਚ ਘੱਟਗਿਣਤੀਆਂ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਫੈਲਾਉਣ ਦੀਆਂ ਖਬਰਾਂ ਚੱਲ ਰਹੀਆਂ ਹਨ। ਛੂਆ-ਛੂਤ ਦੀ ਮਾਨਸਿਕਤਾ ਵਾਲੀ ਭਾਰਤੀ ਸੱਭਿਅਤਾ ਵਿਚ ਕੋਰੋਨਾਵਾਇਰਸ ਵਰਗੀ ਲਾਗ ਦੀ ਬਿਮਾਰੀ ਦੇ ਨਾਂ 'ਤੇ ਕਿਸੇ ਵੀ ਘੱਟਗਿਣਤੀ ਦੁਸ਼ਮਣ (ਮੁਸਲਮਾਨ ਅਤੇ ਸਿੱਖ ਵੱਡੇ ਹਿੱਸੇ ਲਈ ਦੁਸ਼ਮਣ ਹੀ ਹਨ) ਨੂੰ ਅਸ਼ੂਤ ਬਣਾਉਣਾ ਕੋਈ ਬਹੁਤ ਔਖਾ ਕੰਮ ਨਹੀਂ। ਪਹਿਲਾਂ ਹੀ ਸਮੇਂ ਸਮੇਂ ਭਾਰਤ ਵਿਚ ਨਸਲਕੁਸ਼ੀ ਝੱਲਣ ਵਾਲੇ ਇਹਨਾਂ ਦੋਵਾਂ ਘੱਟਗਿਣਤੀ ਭਾਈਚਾਰਿਆਂ ਪ੍ਰਤੀ ਨਫਤਰ ਫੈਲਾਉਣ ਦਾ ਭਾਰਤੀ ਮੀਡੀਆ ਨੂੰ ਇਹ ਖਾਸ ਮੌਕਾ ਮਿਲ ਗਿਆ ਸੀ, ਜਿਸ ਨੂੰ ਉਸਨੇ ਪੂਰੀ ਤਰ੍ਹਾਂ ਭੁਨਾਇਆ। 

ਕਈਆਂ ਨੂੰ ਲਗਦਾ ਹੈ ਕਿ ਹਜ਼ੂਰ ਸਾਹਿਬ ਦੀਆਂ ਸੰਗਤਾਂ ਪ੍ਰਤੀ ਨਫਰਤ ਭਰਨ ਦੇ ਇਸ ਅਣਮਨੁੱਖੀ ਵਿਹਾਰ ਦੀ ਸ਼ੁਰੂਆਤ ਤਬਲੀਗੀ ਜਮਾਤ ਤੋਂ ਸ਼ੁਰੂ ਹੋਈ ਸੀ। ਨਹੀਂ, ਇਸਦਾ ਮੁੱਢ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੋਂ ਬੰਨ੍ਹਿਆ ਗਿਆ ਸੀ। ਉਦੋਂ ਮਿਸ਼ਨ (ਘੱਟਗਿਣਤੀਆਂ ਨੂੰ ਬਦਨਾਮ ਕਰਨ ਦਾ) ਸ਼ੁਰੂਆਤੀ ਦੌਰ ਵਿਚ ਸੀ, ਇਸ ਲਈ ਉਹ ਪੂਰੇ ਨਤੀਜੇ ਨਹੀਂ ਦੇ ਸਕਿਆ। ਪਰ ਕੁੱਝ ਦਿਨਾਂ ਵਿਚ ਇਸ ਸਰਜੀਕਲ ਸਟਰਾਈਕ ਦੀਆਂ ਊਣਤਾਈਆਂ ਦਰੁਸਤ ਕਰ ਲਈਆਂ ਗਈਆਂ ਤੇ ਕੇਂਦਰ ਬਣਾਇਆ ਗਿਆ ਭਾਈ ਬਲਦੇਵ ਸਿੰਘ ਪਠਲਾਵਾ ਨੂੰ। ਪਿੰਡ ਦਾ ਇਕ ਸਾਧਾਰਣ ਸਿੱਖ ਹੋਰ ਲੱਖਾਂ ਆਮ ਲੋਕਾਂ ਵਾਂਗ ਵਿਚਰਦਾ ਇਸ ਦੁਨੀਆ ਤੋਂ ਰੁਖਸਤ ਕਰ ਗਿਆ। ਪਰ ਉਸਦੇ ਜਾਣ ਮਗਰੋਂ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਇਸਨੂੰ ਕੋਰੋਨਾਵਾਇਰਸ ਸੀ। ਪਰ ਉਸਦੀ ਮੌਤ ਕੋਰੋਨਾਵਾਇਰਸ ਨਾਲ ਨਹੀਂ ਹੋਈ ਸੀ। ਮੈਂ ਤੁਹਾਡੀ ਜਾਣਕਾਰੀ ਲਈ ਦਸ ਦਿਆਂ, ਕਿ ਕੌਮਾਂਤਰੀ ਅਦਾਰਿਆਂ ਦੀਆਂ ਰਿਪੋਰਟਾਂ ਮੁਤਾਬਕ ਦਰਸਾਏ ਜਾ ਰਹੇ ਅੰਕੜਿਆਂ ਵਿਚ 80 ਫੀਸਦੀ ਤੋਂ ਵੱਧ ਮੌਤਾਂ ਕੋਰੋਨਾਵਾਇਰਸ ਪਾਜ਼ੇਟਿਵ ਹੋਣ ਦੇ ਬਾਵਜੂਦ ਵੀ ਕੋਰੋਨਾਵਾਇਰਸ ਕਰਕੇ ਨਹੀਂ, ਬਲਕਿ ਮਰੀਜ਼ਾਂ ਨੂੰ ਪਹਿਲਾਂ ਤੋਂ ਲੱਗੀ ਕਿਸੇ ਹੋਰ ਬਿਮਾਰੀ ਕਾਰਨ ਹੋਈਆਂ ਹਨ। ਪਰ ਸਰਜੀਕਲ ਸਟਰਾਈਕ ਦਾ ਕੇਂਦਰ ਅਗਲਿਆਂ ਨੂੰ ਮਿਲ ਗਿਆ ਸੀ। ਬਲਦੇਵ ਸਿੰਘ ਪਠਲਾਵਾ ਨੂੰ 'ਸੁਪਰ ਸਪਰੈਡਰ' ਦਾ ਲਕਫ ਦੇ ਕੇ ਭਾਰਤੀ ਮੀਡੀਆ ਦੇ ਨਾਲ-ਨਾਲ ਭਾਰਤੀ ਮੀਡੀਆ ਦੇ ਸਰੋਤਾਂ ਨੇ ਕੌਮਾਂਤਰੀ ਮੀਡੀਆ ਵਿਚ ਵੀ ਵੱਡੀਆਂ ਖਬਰਾਂ ਛਪਵਾਈਆਂ। ਇਸ ਸਰਜੀਕਲ ਸਟਰਾਈਕ ਦਾ ਹਿੱਸਾ ਅਲ-ਜਜ਼ੀਰਾ ਅਤੇ ਬੀਬੀਸੀ ਵਰਗੇ ਕੌਮਾਂਤਰੀ ਅਦਾਰੇ ਵੀ ਬਣ ਗਏ। ਉਦਾਰਵਾਦੀ (ਲਿਬਰਲ) ਦੇ ਟੈਗ ਵਾਲੇ ਇਹਨਾਂ ਅਦਾਰਿਆਂ ਨੇ ਵੀ ਭਾਰਤ ਵਿਚ ਘੱਟਗਿਣਤੀਆਂ ਨੂੰ ਕੋਰੋਨਾਵਾਇਰਸ ਨਾਲ ਜੋੜ ਕੇ ਬਦਨਾਮ ਕਰਨ ਦੀ ਸਾਜਿਸ਼ ਦਾ ਮੁੱਢ ਬੰਨਣ ਵਿਚ ਹਿੱਸਾ ਪਾਇਆ। 

ਬਲਦੇਵ ਸਿੰਘ ਪਠਲਾਵਾ ਦੇ ਨਾਲ ਜੋੜ ਕੇ ਲੱਗੀਆਂ ਖਬਰਾਂ ਨੇ ਭਾਰਤੀ ਮੀਡੀਆ ਵਿਚ ਕੋਰੋਨਾਵਾਇਰਸ ਦੀ ਕਵਰੇਜ ਦੀ ਅਜਿਹੀ ਲੀਹ ਪਾਈ ਜਿੱਥੇ ਪੱਤਰਕਾਰਾਂ ਦੀ ਡਿਊਟੀ ਘੱਟਗਿਣਤੀਆਂ ਨਾਲ ਸਬੰਧਿਤ 'ਕੋਰੋਨਾ ਕੈਰੀਅਰ' ਲੱਭਣ 'ਤੇ ਲਾ ਦਿੱਤੀ ਗਈ। ਬਲਦੇਵ ਸਿੰਘ ਪਠਲਾਵਾ ਤੋਂ ਕੁੱਝ ਦਿਨਾਂ ਬਾਅਦ ਅਗਲਾ ਕੋਰੋਨਾ ਕੈਰੀਅਰ ਦਿੱਲੀ ਵਿਚ ਆਪਣੇ ਧਾਰਮਿਕ ਸਮਾਗਮ ਲਈ ਇਕੱਠੇ ਹੋਏ, ਅਤੇ ਭਾਰਤੀ ਪ੍ਰਧਾਨ ਮੰਤਰੀ ਦੇ ਬਿਨ੍ਹਾਂ ਅਗਾਂਊ ਸੂਚਨਾ ਦਿੱਤੇ ਲਾਏ ਗਏ ਲਾਕਡਾਊਨ ਦਰਮਿਆਨ ਫਸ ਗਏ ਮੁਸਲਿਮ ਬਣ ਗਏ। ਫੇਰ 'ਸਰਜੀਕਲ ਸਟਰਾਈਕ' ਦੀਆਂ ਸਾਰੀਆਂ ਕੈਮਰਾ ਰੂਪੀ ਬੰਦੂਕਾਂ ਮੁਸਲਮਾਨਾਂ 'ਤੇ ਕੇਂਦਰਤ ਹੋ ਗਈਆਂ। ਲਗਭਗ 20 ਤੋਂ 25 ਦਿਨ ਮੁਸਲਮਾਨਾਂ ਨੂੰ ਮੌਤ ਦੇ ਦੂਤਾਂ ਵਾਂਗ ਪਰਚਾਰਿਆ ਗਿਆ। ਇਸ ਲਈ ਸੋਸ਼ਲ ਮੀਡੀਆ 'ਤੇ ਇਕ ਧਿਰ ਦੇ ਆਈਟੀ ਵਿੰਗ ਨੇ ਵੀਡੀਓ ਐਡਿਟ ਕਰ ਕਰ ਮੁਸਲਮਾਨਾਂ ਨੂੰ ਫਲਾਂ 'ਤੇ ਥੁੱਕ ਲਾਉਂਦਿਆਂ, ਨੋਟਾਂ 'ਤੇ ਥੁੱਕ ਲਾਉਂਦਿਆਂ, ਦਰਵਾਜਿਆਂ 'ਤੇ ਥੁੱਕ ਲਾਉਂਦਿਆਂ ਪਰਚਾਰਿਆ। ਟੀਵੀ 'ਤੇ ਸਾਰਾ ਦਿਨ ਬੋਲਦੇ ਪੇਸ਼ਕਾਰਾਂ ਨੇ ਖਤਰਨਾਕ ਮੂੰਹ ਬਣਾ ਬਣਾ ਲੋਕਾਂ ਨੂੰ ਇਉਂ ਡਰਾ ਦਿੱਤਾ ਕਿ ਲੋਕਾਂ ਨੂੰ ਆਪਣਾ ਪਰਛਾਵਾਂ ਵੀ ਤਬਲੀਗੀ ਲੱਗਣ ਲੱਗਿਆ। ਪਿੰਡਾਂ ਵਿਚ ਪੁਲਸ ਦੀਆਂ ਗੱਡੀਆਂ ਅਨਾਉਸਮੈਂਟਾਂ ਕਰਦੀਆਂ ਫਿਰਦੀਆਂ ਸੀ ਕਿ ਪਹਿਰੇ ਲਾਓ, ਕੁੱਝ ਅਣਪਛਾਤੇ ਲੋਕ ਘੁੰਮਦੇ ਵੇਖੇ ਗਏ ਹਨ। ਪੁਲਸ ਦੇ ਅਣਪਛਾਤੇ ਅਤੇ ਟੀਵੀ ਦੇ ਤਬਲੀਗੀ ਇਹਨਾਂ ਦੀ ਲੋਕ ਮਨਾਂ ਵਿਚ ਪਛਾਣ ਨੂੰ ਮੁਸਲਮਾਨ ਹੀ ਬਣਾਉਂਦੇ ਸਨ। ਪੰਜਾਬ ਵਿਚ ਵੀ ਗੁੱਜਰਾਂ ਨੂੰ ਇਸ ਨਫਰਤੀ ਪ੍ਰਚਾਰ ਦਾ ਸ਼ਿਕਾਰ ਹੋਣਾ ਪਿਆ, ਪਰ ਪੰਜਾਬ ਦੀਆਂ ਹਵਾਵਾਂ ਵਿਚ ਮਿਲੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਇਸ ਨਫਰਤੀ ਪ੍ਰਚਾਰ ਦੇ ਹੱਲੇ ਨੂੰ ਛੇਤੀ ਹੀ ਡੱਕ ਲਿਆ। 

ਮੁਸਲਮਾਨਾਂ ਖਿਲਾਫ ਨਫਰਤ ਦੀਆਂ ਸਕਰਿਪਟਾਂ ਜਦੋਂ ਮੁੱਕਦੀਆਂ ਜਾ ਰਹੀਆਂ ਸਨ ਤਾਂ 'ਸਰਜੀਕਲ ਸਟਰਾਈਕ' ਦੀਆਂ ਕੈਮਰੇ ਰੂਪੀ ਬੰਦੂਕਾਂ ਨਵਾਂ ਸ਼ਿਕਾਰ ਭਾਲਣ ਲੱਗੀਆਂ। ਇਕ ਵਾਰ ਫੇਰ ਇਹਨਾਂ ਦੇ ਨਿਸ਼ਾਨੇ ਫੇਰ ਕੇਸਰੀ-ਨੀਲੀਆਂ ਦਸਤਾਰਾਂ 'ਤੇ ਜਾ ਲੱਗੇ। ਹੁਣ ਨਿਸ਼ਾਨੇ 'ਤੇ ਲਿਆ ਗਿਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ। ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਬਾਰੇ ਹਰ ਟੀਵੀ ਚੈਨਲ, ਅਖਬਾਰ ਵਿਚ ਖਾਸ ਜ਼ਿਕਰ ਕਰਕੇ ਸਥਾਪਤ ਕੀਤਾ ਗਿਆ ਕਿ ਇਹਨਾਂ ਸੰਗਤਾਂ ਨੇ ਪੰਜਾਬ ਵਿਚ ਕੋਰੋਨਾਵਾਇਰਸ ਫੈਲਾ ਦਿੱਤਾ ਹੈ। ਜਦਕਿ ਇਹਨਾਂ ਟੀਵੀ ਚੈਨਲਾਂ, ਅਖਬਾਰਾਂ ਵਿਚ ਉਸ ਅਖਬਾਰ ਦਾ ਨਾਂ ਲਿਖਣ ਦੀ ਹਿੰਮਤ ਨਹੀਂ ਸੀ, ਜਿਸਨੇ ਜਲੰਧਰ ਵਿਚ ਕੋਰੋਨਾਵਾਇਰਸ ਫੈਲਾਇਆ। ਨਾ ਹੀ ਰਾਜਪੁਰੇ ਵਿਚ ਲੰਗਰ ਪਾਸ ਲੈ ਕੇ ਹੁੱਕਾ ਪਾਰਟੀਆਂ ਕਰਦਿਆਂ ਕੋਰੋਨਾਵਾਇਰਸ ਫੈਲਾਉਣ ਵਾਲੇ ਹਿੰਦੂ ਆਗੂ ਕਿਸੇ ਟੀਵੀ ਨਿਊਜ਼ ਡਿਬੇਟ ਦਾ ਹਿੱਸਾ ਬਣੇ। 

ਅਸਲ ਵਿਚ ਕੋਰੋਨਾ ਕੈਰੀਅਰ ਨੂੰ ਅਧਾਰ ਬਣਾ ਕੇ ਰਿਪੋਰਟਿੰਗ ਕਰਨਾ ਹੀ ਪੱਤਰਕਾਰਤਾ ਦੇ ਅਸੂਲਾਂ ਖਿਲਾਫ ਹੈ। ਪਰ ਭਾਰਤੀ ਮੀਡੀਆ ਤੋਂ ਅਸੂਲਾਂ ਦੀ ਆਸ ਕਰਨੀ ਵੀ ਬੇਅਸੂਲੀ ਗੱਲ ਹੈ। ਕਿਸੇ ਵੀ ਇਨਸਾਨ ਨੇ ਜਾਣਬੁੱਝ ਕੇ ਇਹ ਬਿਮਾਰੀ ਨਹੀਂ ਲਵਾਈ ਤੇ ਨਾ ਹੀ ਕੋਈ ਇਨਸਾਨ ਜਾਣ ਬੁੱਝ ਕੇ ਇਸ ਨੂੰ ਅੱਗੇ ਹੋਰ ਲੋਕਾਂ ਤਕ ਵੰਡ ਰਿਹਾ ਹੈ। ਇਸ ਬਿਮਾਰੀ ਦਾ ਫੈਲਾਅ ਰੋਕਣ ਵਿਚ ਦੁਨੀਆ ਭਰ ਦੀਆਂ ਸਰਕਾਰਾਂ ਦੇ ਹੱਥ ਖੜ੍ਹੇ ਹੋਏ ਹਨ। ਪਰ ਕਿਸੇ ਹੋਰ ਦੇਸ਼ ਵਿਚ ਇਸ ਤਰ੍ਹਾਂ ਕਿਸੇ ਖਾਸ ਭਾਈਚਾਰੇ 'ਤੇ ਇਸ ਬਿਮਾਰੀ ਨੂੰ ਫੈਲਾਉਣ ਦਾ ਦੋਸ਼ ਨਹੀਂ ਲਾਇਆ ਗਿਆ। ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਹਿੰਦੂ ਹਨ, ਪਰ ਹਿੰਦੂਆਂ ਨਾਲ ਕਦੇ ਵੀ ਇਸ ਬਿਮਾਰੀ ਨੂੰ ਨਹੀਂ ਜੋੜਿਆ ਗਿਆ। ਸ਼ਾਇਦ ਸਿੱਖ ਅਤੇ ਮੁਸਲਮਾਨ ਇਸ ਨੀਚਤਾ ਤੋਂ ਪ੍ਰਹੇਜ਼ ਕਰਦੇ ਹਨ। 

ਹੁਣ ਬੀਤੇ ਕੁੱਝ ਦਿਨਾਂ ਤੋਂ ਨਫਰਤ ਦਾ ਸ਼ਿਕਾਰ ਹੋਏ ਇਹਨਾਂ ਦੋਵਾਂ ਭਾਈਚਾਰਿਆਂ ਨੂੰ ਹਿੰਦੂ ਰਾਜਨੀਤਕ ਆਗੂਆਂ ਦੇ ਬਿਆਨਾਂ ਦੇ ਅਧਾਰ 'ਤੇ ਇਕ ਦੂਜੇ ਖਿਲਾਫ ਖੜ੍ਹਾ ਕਰਨ ਦਾ ਅਗਲਾ ਨਿਸ਼ਾਨ ਸਾਧਿਆ ਜਾ ਰਿਹਾ ਹੈ। ਜਿੱਥੇ ਭਾਜਪਾ ਆਗੂਆਂ ਨੇ ਤਬਲੀਗੀ ਜਮਾਤ ਅਤੇ ਮੁਸਲਮਾਨਾਂ ਖਿਲਾਫ ਬੇਹੱਦ ਨਫਰਤ ਭਰੇ ਬਿਆਨ ਦਿੱਤੇ ਅਤੇ ਕਾਂਗਰਸੀ ਚੁੱਪ-ਚਾਪ ਇਸ ਸਰਜਾਈਕਲ ਸਟਰਾਈਕ ਦੇ ਸ਼ਾਂਤ ਹਮਾਇਤੀ ਬਣੇ ਰਹੇ ਉੱਥੇ ਸਿੱਖਾਂ ਖਿਲਾਫ ਹੋਏ ਹਮਲੇ ਮੌਕੇ ਕਾਂਗਰਸੀ ਆਗੂ ਦਿਗਵਿਜੇ ਨੇ ਕਿਹਾ ਕਿ ਹਜ਼ੂਰ ਸਾਹਿਬ ਦੇ ਸਿੱਖਾਂ ਦੀ ਤੁਲਨਾ ਤਬਲੀਗੀਆਂ ਨਾਲ ਕਿਉ ਨਾ ਕੀਤੀ ਜਾਵੇ? ਇਸ ਬਿਆਨ ਦੇ ਜਵਾਬ ਵਿਚ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਹਨ ਕਿ ਦਿਗਵਿਜੇ ਨੇ ਸਿੱਖਾਂ ਦੀ ਤੁਲਨਾ ਤਬਲੀਗੀਆਂ ਨਾਲ ਕਰਕੇ ਸਿੱਖਾਂ ਨੂੰ ਬਦਨਾਮ ਕੀਤਾ ਹੈ। ਇਸ ਸਾਰੇ ਬਿਆਨਾਂ ਅਤੇ ਉਪਰੋਕਤ ਹਮਲਿਆਂ ਨੂੰ ਧਿਆਨ ਨਾਲ ਵਾਚਿਆਂ ਪਤਾ ਲਗਦਾ ਹੈ ਕਿ ਹਿੰਦੂ ਨੁਮਾਂਇੰਦਗੀ ਵਾਲੀਆਂ ਇਹ ਦੋਵੇਂ ਪਾਰਟੀਆਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਜ਼ਲੀਲ ਕਰ ਰਹੀਆਂ। ਭਾਰਤ ਵਿਚ ਕੋਰੋਨਾਵਾਇਰਸ ਦੀ ਆੜ ਹੇਠ ਹੋਈ 'ਸਰਜੀਕਲ ਸਟਰਾਈਕ' ਦਾ ਨਿਸ਼ਾਨਾ ਸਿੱਖ ਅਤੇ ਮੁਸਲਮਾਨ ਦੋਵੇਂ ਬਣੇ ਹਨ ਅਤੇ ਇਹਨਾਂ ਦੋਵਾਂ ਭਾਈਚਾਰਿਆਂ ਖਿਲਾਫ ਆਉਂਦੇ ਸਮੇਂ ਹਮਲੇ ਹੋਰ ਤਿੱਖੇ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਇਹਨਾਂ ਦੋਵਾਂ ਭਾਈਚਾਰਿਆਂ ਦੀ ਆਪਸੀ ਸਾਂਝ ਹੀ ਇਹਨਾਂ ਦੇ ਸੁਰੱਖਿਅਤ ਬਚ ਨਿੱਕਲਣ ਵਿਚ ਸਹਾਈ ਹੋਵੇਗੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।