ਦਰਿਆਈ ਤਰਜ਼ਾਂ ਐਲਬਮ ਦੇ ਪਹਿਲੇ ਗੀਤ "ਗੁਰਮੁਖੀ ਦਾ ਬੇਟਾ" ਬਾਰੇ ਸਤਿੰਦਰ ਸਰਤਾਜ ਦੀਆਂ ਭਾਵਨਾਵਾਂ

ਦਰਿਆਈ ਤਰਜ਼ਾਂ ਐਲਬਮ ਦੇ ਪਹਿਲੇ ਗੀਤ
ਸਤਿੰਦਰ ਸਰਤਾਜ ਗਾਇਕੀ ਦੌਰਾਨ ਇੱਕ ਦਿਲਕਸ਼ ਅੰਦਾਜ ਵਿੱਚ (ਤਸਵੀਰ: ਸੁਖਵਿੰਦਰ ਸਿੰਘ)

ਚੰਡੀਗੜ੍ਹ: ਪੰਜਾਬੀ ਸੰਗੀਤ ਵਿੱਚ ਆਪਣੀ ਵਿਲੱਖਣ ਗਾਇਕੀ, ਗੀਤਕਾਰੀ ਅਤੇ ਅਦਾਕਾਰੀ ਨਾਲ ਸੁਚੱਜੀ ਥਾਂ ਬਣਾਉਣ ਵਾਲੇ ਸਤਿੰਦਰ ਸਰਤਾਜ ਵੱਲੋਂ ਆਪਣੀ ਇੱਕ ਨਵੀਂ ਪੇਸ਼ਕਾਰੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਗਈ ਹੈ। ਪੰਜਾਬ ਅਤੇ ਪੰਜਾਬ ਦੇ ਪਾਣੀਆਂ ਨੂੰ ਸਮਰਪਿਤ ਇਸ ਸੰਗੀਤਕ ਐਲਬਮ ਦਾ ਨਾਂ "ਦਰਿਆਈ ਤਰਜ਼ਾਂ Seven Rivers" ਰੱਖਿਆ ਗਿਆ ਗਿਆ ਹੈ। ਇਸ ਦਾ ਪਹਿਲਾ ਗੀਤ ਜੋ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਹੈ, "ਗੁਰਮੁਖੀ ਦਾ ਬੇਟਾ" ਬੀਤੇ ਕੱਲ੍ਹ ਜਾਰੀ ਕੀਤਾ ਗਿਆ। 

ਇਸ ਐਲਬਮ ਅਤੇ ਗੀਤ ਸਬੰਧੀ ਵਿਚਾਰ ਸਾਂਝੇ ਕਰਦਿਆਂ ਸਤਿੰਦਰ ਸਰਤਾਜ ਨੇ ਕਿਹਾ, "ਇਹ ਦਰਿਆਈ ਤਰਜ਼ਾਂ ਦੀ ਐਲਬਮ ਦਾ ਸੱਭ ਤੋਂ ਪਹਿਲਾ ਗੀਤ ਹੈ। ਸਾਨੂੰ ਲਿੱਪੀ ਦੀ ਮਹਤੱਤਾ ਦੀ ਸਮਝ ਹੋਣੀ ਜ਼ਰੂਰੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਬੋਲੀ ਮਰ ਰਹੀ ਹੈ ਪਰ ਦਰਅਸਲ ਲਿੱਪੀ ਹੀ ਬੋਲੀ ਨੂੰ ਸਾਂਭ ਕੇ ਰੱਖਦੀ ਹੈ। ਪੰਜਾਬੀ ਹੋਣ ਕਰਕੇ ਮੈਨੂੰ ਮਾਣ ਹੈ ਕਿ ਅਸੀਂ ਉਸ ਕੌਮ ਵਿੱਚੋਂ ਹਾਂ ਜ਼ਿਹਨਾਂ ਕੋਲ ਉਹਨਾਂ ਦੇ ਆਪਣੇ ਅੱਖਰ ਹਨ ਇਸਲਈ ਆਉ ਇਸ ਖ਼ਜ਼ਾਨੇ ਨੂੰ ਨਿਵਾਜੀਏ ਤੇ ਵਡਿਆਈਏ। "

ਉਹਨਾਂ ਕਿਹਾ, "ਇਹ ਸ਼ਾਇਦ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਂ ਬੋਲੀ ਦੀ ਲਿੱਪੀ ਦੀ ਸ਼ੋਭਾ ਵਿੱਚ ਕੋਈ ਗੀਤ ਲਿਖਿਆ ਗਿਆ ਹੋਵੇ।"

ਇਸ ਗੀਤ ਨੂੰ ਪੰਜਾਬ ਦੇ ਦਰਿਆ ਸਤਲੁੱਜ ਨੂੰ ਸਮਰਪਿਤ ਕਰਦਿਆਂ ਸਰਤਾਜ ਨੇ ਕਿਹਾ, "ਮੈਂ ਇਹ ਗੀਤ ਦਰਿਆ ਸਤਲੁਜ ਨੂੰ ਸਮਰਪਿਤ ਕਰਦਾ ਹਾਂ ਕਿਉਂ ਕਿ ਇਸਦੀ ਗਵਾਹੀ ਮਹਾਨ ਗੁਰਮੁਖੀ ਲਿਖਤਾਂ ਵਿੱਚ ਮਿਲਦੀ ਹੈ।"

ਉਹਨਾਂ ਕਿਹਾ, "ਇਹ ਸਾਹਿਤਕ ਸੋਨਾਟਾ ਇਸ ਸਭਿਆਚਾਰ ਦੇ ਬਹੁਤ ਨਾਂ ਗਾਏ ਗੀਤਾਂ ਨੂੰ ਵੀ ਮਹਤੱਤਾ ਦਿੰਦਾ ਹੈ।  ਗੁਰਮੁਖੀ ਦਾ ਬੇਟਾ ਕਿਸਾਨਾਂ ਤੋਂ ਲੈਕੇ ਇਸ ਜ਼ਮੀਨ ਨੂੰ ਪਿਆਰ ਕਰਨ ਵਾਲ਼ਿਆਂ ਨੂੰ ਆਪਣੇ ਖ਼ਾਸ ਕਲਾਵੇ ਵਿੱਚ ਲੈਂਦਾ ਹੈ।" 

ਸਰਤਾਜ ਨੇ ਕਿਹਾ, "12ਵੀਂ ਸਦੀ ਤੋਂ ਹੀ ਪੰਜਾਬੀ ਅਤੇ ਸੂਫ਼ੀਆਂ ਦਾ ਸ਼ਲਾਘਾਯੋਗ ਵਿਸ਼ੇਸ਼ ਸੰਬੰਧ ਜੁੜਦਾ ਹੈ, ਸ਼ੇਖ ਫਰੀਦ ਦੇ ਸਮੇਂ ਨੂੰ ਪੰਜਾਬੀ ਬੋਲੀ ਦਾ ਪਹਿਲਾ ਕਵੀ ਸਮਝਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਸ਼ਬਦ ਇਸ ਤੋਂ ਬਾਅਦ ਹੀ ਲਿੱਖਤਾਂ ਵਿੱਚ ਆਇਆ ਨਹੀਂ ਤਾਂ ਇਹ ਧਰਤੀ ਸਿੰਧ ਸੱਭਿਅਤਾ ਤੋਂ ਹੀ ਸਪਤ ਸਿੰਧੂ ਦੇ ਨਾਮ ਨਾਲ ਜਾਣੀ ਜਾਂਦੀ ਸੀ। "

"ਇਤਿਹਾਸਕਾਰਾਂ ਮੁਤਾਬਕ ਗੁਰਮੁਖੀ ਲਿੱਪੀ ਦੀਆਂ ਜੜਾਂ 13ਵੀਂ ਸਦੀ ਤੋਂ ਸ਼ਾਰਦਾ, ਟਾਂਕਰੀ ਅਤੇ ਲੰਡੇ ਵਿੱਚ ਪਈਆਂ ਸਨ ਅਤੇ ਸਿੱਖ ਗੁਰੂਆਂ ਨੇ ਇਸਨੂੰ ਲਿੱਪੀ ਬਣਾਇਆ ਅਤੇ ਗੁਰਮੁਖਾਂ ਨੇ ਇਸਨੂੰ ਗੁਰਮੁਖੀ ਦਾ ਨਾਮ ਦਿੱਤਾ ਤੇ ਪ੍ਰਚਾਰਿਆ।" 


"ਗੁਰਮੁਖੀ ਦਾ ਬੇਟਾ" ਗੀਤ ਦਾ ਪੋਸਟਰ

ਉਹਨਾਂ ਕਿਹਾ, "ਇਹ ਪੁਰਾਣੀ ਸੱਭਿਅਤਾ ਦੀ ਭੂਗੋਲਿਕ ਹੋਂਦ ਸਮੇਤ ਦੋ ਮਹਤੱਵਪੂਰਨ ਦਰਿਆਵਾਂ ਸਿੰਧ ਤੇ ਘੱਗਰ ਨੂੰ ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਨੂੰ ਇਕੱਠਾ ਕਰਨ ਦਾ ਯਤਨ ਹੈ।"

ਇਸ ਐਲਬਮ ਸਬੰਧੀ ਉਪਰੋਕਤ ਵਿਚਾਰਾਂ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਇਹ ਮੁਢਲੇ ਤੱਥ ਇਸ ਐਲਬਮ "ਦਰਿਆਈ ਤਰਜ਼ਾਂ" ਦੇ ਸਾਰ ਨੂੰ ਸਮਝਣ ਵਿੱਚ ਮਦਦ ਕਰਨਗੇ। "ਮੈਨੂੰ ਲਗਦਾ ਹੈ ਕਿ ਇਹ ਆਪਣੀ ਵਿਰਾਸਤ ਦੀਆਂ ਨਵੀਂਆਂ ਪਰਤਾਂ ਅਤੇ ਇਸਨੂੰ ਦੁਬਾਰਾ ਉਜਾਗਰ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ ਅਤੇ ਜ਼ਿਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਉਹਨਾਂ ਵੀ ਇਸ ਨੂੰ ਸਮਝ ਸਕਣਗੇ।" 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ