ਵਿਸ਼ਵ ਪ੍ਰਸਿੱਧ ਫੁੱਲ ਬੈਕ ਖਿਡਾਰੀ ਸੀ ਪ੍ਰਿਥੀਪਾਲ ਸਿੰਘ 

ਵਿਸ਼ਵ ਪ੍ਰਸਿੱਧ ਫੁੱਲ ਬੈਕ ਖਿਡਾਰੀ ਸੀ ਪ੍ਰਿਥੀਪਾਲ ਸਿੰਘ 

ਪ੍ਰਿਥੀਪਾਲ ਸਿੰਘ ਹਾਕੀ ਦਾ ਵਿਸ਼ਵ ਪ੍ਰਸਿੱਧ ਫੁੱਲ ਬੈਕ ਖਿਡਾਰੀ ਸੀ। ਉਸ ਨੂੰ ਪੈਨਲਟੀ ਕਾਰਨਰ ਦਾ ਕਿੰਗ ਕਿਹਾ ਜਾਂਦਾ ਸੀ।

ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਵੱਧ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਤੇ ਡਿਫੈਂਡਰਾਂ ਦੀ ਕੋਈ ਵਾਹ ਪੇਸ਼ ਨਹੀਂ ਸੀ ਜਾਂਦੀ। ਹਿੱਟ ਰੋਕਣ ਦੀ ਥਾਂ ਉਹ ਬਾਲ ਲਾਂਭੇ ਦੀ ਲੰਘ ਜਾਣ ਵਿਚ ਹੀ ਬਚਾਅ ਸਮਝਦੇ। ਉਹ ਭਾਰਤੀ ਹਾਕੀ ਟੀਮ ਦਾ ਬੰਬ ਸੀ, ਸਭ ਤੋਂ ਖ਼ਤਰਨਾਕ ਹਥਿਆਰ। ਉਹਦੀ ਖ਼ਤਰਨਾਕ ਹਿੱਟ ’ਤੇ ਕਾਬੂ ਪਾਉਣ ਲਈ ਐੱਫ.ਆਈ.ਐੱਚ. ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ।

ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ ਦੇ ਨੈੱਟ ਵਿੱਚ ਵੀ ਜਾ ਲੱਗੇ ਤਾਂ ਗੋਲ ਗਿਣਿਆ ਜਾਂਦਾ ਸੀ। ਫਿਰ ਨਿਯਮ ਬਣ ਗਿਆ ਕਿ ਪੈਨਲਟੀ ਕਾਰਨਰ ਦੀ ਹਿੱਟ ਜੇ ਗੋਲ ਪੋਸਟ ਦੇ ਫੱਟੇ ਵਿਚ ਵੱਜੇ ਤਦ ਹੀ ਗੋਲ ਗਿਣਿਆ ਜਾਵੇਗਾ ਵਰਨਾ ਹਿੱਟ ਫਾਊਲ ਕਰਾਰ ਦੇ ਦਿੱਤੀ ਜਾਵੇਗੀ। ਜਦੋਂ ਇਹ ਨਿਯਮ ਬਣਿਆ ਤਾਂ ਅਖ਼ਬਾਰਾਂ ਵਿਚ ਚਰਚਾ ਹੋਈ ਕਿ ਪ੍ਰਿਥੀਪਾਲ ਦੀ ਹਿੱਟ ਤੋਂ ਡਰਦਿਆਂ ਹੀ ਪੈਨਲਟੀ ਕਾਰਨਰ ਦਾ ਨਿਯਮ ਬਦਲਿਆ ਗਿਆ ਹੈ। ਨਿਊਜ਼ੀਲੈਂਡ ਦੇ ਇੱਕ ਅਖ਼ਬਾਰ ਨੇ ਤਾਂ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ‘ਬੰਬ’ ਲਿਖ ਦਿੱਤਾ ਸੀ ਤੇ ਗੋਲਕੀਪਰਾਂ ਨੂੰ ਸੁਚੇਤ ਕੀਤਾ ਸੀ ਕਿ ਉਸ ਦੀ ਹਿੱਟ ਰੋਕਣਾ ਆਪਣੀ ਜਾਨ ਖ਼ਤਰੇ ਵਿੱਚ ਪਾਉਣਾ ਹੈ। ਇਹੋ ਜਿਹੀ ਸੀ ਨਨਕਾਣੇ ਦੇ ਜੰਮਪਲ ਪ੍ਰਿਥੀਪਾਲ ਸਿੰਘ ਦੀ ਦਹਿਸ਼ਤ।

ਉਸ ਦਾ ਜਨਮ 28 ਫਰਵਰੀ 1932 ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਸੀ। ਤਦੇ ਮੈਂ ਉਹਦੇ ਬਾਰੇ ਲਿਖੇ ਲੇਖ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ ਸੀ ਜੋ 1966 ’ਚ ‘ਆਰਸੀ’ ਵਿੱਚ ਛਪਿਆ। ਤਦ ਉਹ ਪੂਰੀ ਚੜ੍ਹਾਈ ਵਿੱਚ ਸੀ। ਨਨਕਾਣਾ ਸਾਹਿਬ ਦੇ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਵਿੱਚ ਉਸ ਦੇ ਪਿਤਾ ਸ. ਵਧਾਵਾ ਸਿੰਘ ਮਾਸਟਰ ਸਨ ਜੋ ਖੇਡ ਪ੍ਰੇਮੀ ਸਨ। ਪ੍ਰਿਥੀਪਾਲ ਦਾ ਖੇਡ ਕਰੀਅਰ ਉਸੇ ਸਕੂਲ ਦੇ ਖੇਡ ਮੈਦਾਨ ’ਚੋਂ ਸ਼ੁਰੂ ਹੋਇਆ। ਉੱਥੇ ਉਹ ਫੁੱਟਬਾਲ ਖੇਡਣ ਲੱਗਾ। ਫਿਰ 1947 ਦੇ ਉਜਾੜੇ ’ਚ ਉਨ੍ਹਾਂ ਨੂੰ ਨਨਕਾਣਾ ਸਾਹਿਬ ਛੱਡ ਕੇ ਬਹਾਦਰਗੜ੍ਹ ਕੋਲ ਪਿੰਡ ਭੱਟ ਮਾਜਰੇ ਆਉਣਾ ਪਿਆ। ਉੱਥੇ ਅਲਾਟ ਹੋਈ ਜ਼ਮੀਨ ਵਿੱਚ ਉਨ੍ਹਾਂ ਦਾ ਪਰਿਵਾਰ ਮੁੜ ਖੇਤੀ ਕਰਨ ਲੱਗਾ।

18 ਸਾਲ ਦੀ ਉਮਰੇ ਉਹ ਖੇਤੀਬਾੜੀ ਕਾਲਜ ਲੁਧਿਆਣਾ ਦਾਖਲ ਹੋਇਆ। 1950-51 ਦੇ ਸੈਸ਼ਨ ਵਿੱਚ ਕੁੱਲ 120 ਵਿਦਿਆਰਥੀ ਸਨ। ਕਾਲਜ ਦੀ ਹਾਕੀ ਟੀਮ ਬਣਾਉਣ ਲਈ ਗਿਆਰਵਾਂ ਖਿਡਾਰੀ ਨਹੀਂ ਸੀ ਲੱਭ ਰਿਹਾ। ਸਕੂਲ ਵਿੱਚ ਫੁੱਟਬਾਲ ਖੇਡਦੇ ਰਹੇ ਪ੍ਰਿਥੀਪਾਲ ਨੂੰ ਹੁੰਦੜਹੇਲ ਵੇਖ ਕੇ ਫੁੱਲ ਬੈਕ ਦੀ ਜਗ੍ਹਾ ਖੜ੍ਹਾਅ ਲਿਆ ਗਿਆ। ਉਸ ਜਗ੍ਹਾ ਉਹ ਐਸਾ ਜੰਮਿਆ ਕਿ ਬਾਅਦ ਵਿੱਚ ਵਿਸ਼ਵ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਸਾਬਤ ਹੋਇਆ। ਕਾਲਜ ਦੀ ਹਾਕੀ ਟੀਮ ਵੱਲੋਂ ਉਹ ਹਰ ਸਾਲ ਖੇਡਦਾ। 1955 ਵਿੱਚ ਉਸ ਨੇ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ। ਖੇਡਣ ਦੇ ਨਾਲ ਉਹ ਪੜ੍ਹਾਈ ਵਿੱਚ ਵੀ ਵਜ਼ੀਫ਼ੇ ਲੈਂਦਾ ਰਿਹਾ। ਉਹਦਾ ਕੱਦ 5 ਫੁੱਟ 9 ਇੰਚ ਸੀ ਤੇ ਵਜ਼ਨ 71 ਕਿਲੋਗ੍ਰਾਮ। ਨੱਕ ਤਿੱਖਾ ਸੀ, ਮੱਥਾ ਚੌੜਾ, ਮੁੱਛਾਂ ਨਿੱਕੀਆਂ, ਬੁੱਲ੍ਹ ਢਾਲੂ ਤੇ ਬਾਹਾਂ ਤਕੜੀਆਂ ਸਨ। ਹੱਥ ਉਸ ਤੋਂ ਵੀ ਤਕੜੇ ਤੇ ਉਂਗਲਾਂ ਮੋਟੀਆਂ ਮਜ਼ਬੂਤ। ਜਦੋਂ ਦੌੜਦਾ ਤਾਂ ਉਹਦੀ ਗਿੱਚੀ ਪਿੱਛੇ ਲਟਕਦੇ ਵਾਲ ਛਾਲਾਂ ਮਾਰਦੇ ਲੱਗਦੇ। ਮੈਦਾਨ ’ਚ ਖੜ੍ਹਾ ਉਹ ਲੋਹੜੇ ਦਾ ਸਜਦਾ।

ਕਾਲਜ ਤੇ ਯੂਨੀਵਰਸਿਟੀ ਵਿੱਚ ਉਹ 1950 ਤੋਂ 56 ਤੱਕ ਪੜ੍ਹਿਆ ਤੇ ਖੇਡਿਆ। ਐੱਮਐੱਸਸੀ ਫਸਟ ਕਲਾਸ ਵਿੱਚ ਕਰਨ ਪਿੱਛੋਂ ਲੈਕਚਰਾਰ ਲੱਗਣਾ ਸੀ, ਪਰ ਉਸ ਨੂੰ ਜਲੰਧਰ ਦੇ ਪੁਲੀਸ ਅਫ਼ਸਰ ਅਸ਼ਵਨੀ ਕੁਮਾਰ ਨੇ ਪੰਜਾਬ ਪੁਲੀਸ ਵਿੱਚ ਥਾਣੇਦਾਰ ਭਰਤੀ ਕਰ ਲਿਆ। ਪੰਜਾਬ ਪੁਲੀਸ ਦੀ ਟੀਮ ਕੱਪ ’ਤੇ ਕੱਪ ਜਿੱਤਣ ਲੱਗੀ। 1958 ਵਿੱਚ ਉਹ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਉਸ ਟੀਮ ਨੇ ਕੀਨੀਆ, ਯੂਗਾਂਡਾ, ਤਨਜ਼ਾਨੀਆ ਤੇ ਜ਼ੰਜ਼ੀਬਾਰ ਵਿੱਚ ਮੈਚ ਖੇਡੇ। 1959 ਵਿੱਚ ਉਹ ਮਿਊਨਿਖ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਿਆ ਤੇ ਯੂਰਪ ਦੇ ਕਈ ਮੁਲਕਾਂ ਦਾ ਦੌਰਾ ਕੀਤਾ। 1960 ’ਚ ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੇ ਡੈਨਮਾਰਕ ਤੇ ਹਾਲੈਂਡ ਦੀਆਂ ਟੀਮਾਂ ਵਿਰੁੱਧ ਹੈਟ੍ਰਿਕ ਮਾਰੇ। ਹਾਲੈਂਡ ਵਿਰੁੱਧ ਤਾਂ ਤਿੰਨੇ ਗੋਲ ਅਖ਼ੀਰਲੇ ਛੇ ਸੱਤ ਮਿੰਟਾਂ ਵਿੱਚ ਹੀ ਕੀਤੇ। ਏਡੀ ਵੱਡੀ ਪ੍ਰਾਪਤੀ ਪਿੱਛੋਂ ਉਸ ਨੂੰ ਵਿਸ਼ਵ ਦਾ ਬਿਹਤਰੀਨ ਪੈਨਲਟੀ ਕਾਰਨਰ ਲਾਉਣ ਵਾਲਾ ਖਿਡਾਰੀ ਕਿਹਾ ਜਾਣ ਲੱਗਾ। ਉੱਥੇ ਭਾਰਤੀ ਟੀਮ ਦੇ ਗੋਲਾਂ ਵਿੱਚੋਂ ਸਭ ਤੋਂ ਵੱਧ ਗੋਲ ਉਹਦੀ ਸਟਿੱਕ ਨਾਲ ਹੀ ਹੋਏ।

1961 ’ਚ ਇੱਕ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਅਹਿਮਦਾਬਾਦ ਵਿਖੇ ਹੋਇਆ। ਉੱਥੇ ਜਰਮਨੀ ਵਿਰੁੱਧ ਫਾਈਨਲ ਮੈਚ ਪ੍ਰਿਥੀਪਾਲ ਦੇ ਪੈਨਲਟੀ ਕਾਰਨਰ ਨਾਲ ਜਿੱਤਿਆ ਗਿਆ। ਉਸੇ ਸਾਲ ਉਹ ਭਾਰਤੀ ਟੀਮ ਨਾਲ ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਟੂਰ ’ਤੇ ਗਿਆ। 1962 ਵਿੱਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਵਿੱਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਫਿਰ ਅਸ਼ਵਨੀ ਕੁਮਾਰ ਨਾਲ ਅਣਬਣ ਹੋ ਜਾਣ ਪਿੱਛੋਂ 1963 ਵਿਚ ਉਹ ਪੰਜਾਬ ਪੁਲੀਸ ਛੱਡ ਕੇ ਰੇਲਵੇ ਪੁਲੀਸ ਵਿੱਚ ਚਲਾ ਗਿਆ। ਉਹ ਅਣਖੀ ਖਿਡਾਰੀ ਸੀ ਤੇ ਕਿਸੇ ਦੀ ਈਨ ਨਹੀਂ ਸੀ ਮੰਨਦਾ। ਰੇਲਵੇ ਵਿਚ ਜਾਣ ਨਾਲ ਉਹਦੀ ਟੀਮ ਦੇਸ਼ ਦੇ ਵੱਡੇ ਹਾਕੀ ਕੱਪ ਜਿੱਤਣ ਲੱਗੀ। ਉੱਥੇ ਉਸ ਨੂੰ ਰੇਲਵੇ ਮਨਿਸਟਰ ਮੈਡਲ ਨਾਲ ‘ਬੈਸਟ ਰੇਲਵੇ ਸਪੋਰਟਸਮੈਨ’ ਵਜੋਂ ਸਨਮਾਨਿਆ ਗਿਆ। ਅਸ਼ਵਨੀ ਕੁਮਾਰ ਨੇ ਉਸ ਨੂੰ ਸਬਕ ਸਿਖਾਉਣ ਲਈ ਭਾਰਤੀ ਹਾਕੀ ਟੀਮ ਵਿੱਚੋਂ ਕੱਢ ਦਿੱਤਾ ਜਿਸ ਦੀ ਅਖ਼ਬਾਰਾਂ ਵਿਚ ਕਾਫ਼ੀ ਆਲੋਚਨਾ ਹੋਈ। ਸੁਆਲ ਉਠਾਇਆ ਗਿਆ, “ਕੀ ਉਹ ਪੰਜਾਬ ਪੁਲੀਸ ਛੱਡਣ ਤੇ ਰੇਲਵੇ ਵਿਚ ਜਾਣ ਨਾਲ ਹੀ ਚੰਗੇ ਖਿਡਾਰੀ ਤੋਂ ਮਾੜਾ ਖਿਡਾਰੀ ਬਣ ਗਿਆ?”

ਉਤੋਂ ਟੋਕੀਓ-1964 ਦੀਆਂ ਓਲੰਪਿਕ ਖੇਡਾਂ ਆ ਗਈਆਂ। ਉਦੋਂ ਭਾਰਤ ਕੋਲੋਂ ਓਲੰਪਿਕ ਤੇ ਏਸ਼ੀਆ ਦੀ ਹਾਕੀ ਗੁਰਜ ਖੁੱਸੀ ਹੋਈ ਸੀ ਜੋ ਮੁੜ ਜਿੱਤਣੀ ਸੀ। ਮੀਡੀਆ ਨੇ ਪ੍ਰਿਥੀਪਾਲ ਸਿੰਘ ਦੇ ਹੱਕ ਵਿਚ ਆਵਾਜ਼ ਚੁੱਕੀ ਤਾਂ ਉਸ ਨੂੰ ਮੁੜ ਭਾਰਤੀ ਟੀਮ ਵਿੱਚ ਪਾ ਲਿਆ ਗਿਆ। ਰੋਮ ਵਾਂਗ ਟੋਕੀਓ ਵਿਚ ਵੀ ਉਸ ਨੇ ਸਭ ਤੋਂ ਵੱਧ ਗੋਲ ਕੀਤੇ। ਫਾਈਨਲ ਮੈਚ ਰੋਮ ਦੇ ਫਾਈਨਲ ਵਾਂਗ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਆਣ ਪਿਆ। ਉਦੋਂ ਪਾਕਿਸਤਾਨੀ ਖਿਡਾਰੀ ਸਮਝਦੇ ਸਨ ਕਿ ਭਾਰਤੀ ਸੋਹਲ ਖੇਡ ਖੇਡਦੇ ਹਨ ਇਸ ਲਈ ਉਨ੍ਹਾਂ ਨੂੰ ਮਾਰ ਧਾੜ ਦੀ ਖੇਡ ਨਾਲ ਹਰਾਇਆ ਜਾ ਸਕਦੈ।

ਪ੍ਰਿਥੀਪਾਲ ਹੋਰਾਂ ਨੇ ਮਤਾ ਪਕਾ ਲਿਆ ਕਿ ਐਤਕੀਂ ਉਨ੍ਹਾਂ ਨੂੰ ਬੰਦਿਆਂ ਵਾਂਗ ਟੱਕਰਨਾ। ਮੈਚ ਦੇ ਦੂਜੇ ਅੱਧ ਵਿਚ ਹਾਕੀਆਂ ਭਿੜ ਪਈਆਂ। ਜਪਾਨ ਦੇ ਅਖ਼ਬਾਰ ‘ਯਮੇਰੀ’ ਨੇ ਉਹਦੀ ਤਸਵੀਰ ਛਾਪੀ ਜਿਸ ਵਿੱਚ ਪਾਕਿਸਤਾਨੀ ਖਿਡਾਰੀ ਨੇ ਭਾਰਤੀ ਟੀਮ ਦੇ ਕਪਤਾਨ ਚਰਨਜੀਤ ਸਿੰਘ ਉੱਤੇ ਹਾਕੀ ਉੱਘਰੀ ਹੋਈ ਸੀ ਤੇ ਪ੍ਰਿਥੀਪਾਲ ਨੇ ਪਾਕਿਸਤਾਨੀ ਖਿਡਾਰੀ ਦੇ ਗਿੱਟਿਆਂ ਵਿੱਚ ਹਾਕੀ ਅੜਾ ਕੇ ਉਹਦੀਆਂ ਰਗਾਂ ਨੂੰ ਹੱਥ ਪਾਇਆ ਹੋਇਆ ਸੀ। ਇਸ ਨਾਲ ਭਾਰਤੀ ਖਿਡਾਰੀਆਂ ਦੀ ਸੋਹਲ ਖੇਡ ਦਾ ਭੁਲੇਖਾ ਨਿਕਲ ਗਿਆ। ਭਾਰਤ ਇੱਕ ਗੋਲ ਨਾਲ ਅੱਗੇ ਸੀ। ਪਾਕਿਸਤਾਨ ਦਾ ਫਾਰਵਰਡ ‘ਬੋਲਾ’ ਪ੍ਰਿਥੀਪਾਲ ਤੋਂ ਡਰਦਾ ਉਹਦੇ ਲਵੇ ਲੱਗਣੋਂ ਹੀ ਹਟ ਗਿਆ। ਬੋਲੇ ਨੂੰ ਅੱਗੇ ਵਧਣੋਂ ਝਿਜਕਦਿਆਂ ਵੇਖ ਫੁੱਲ ਬੈਕ ਤਨਵੀਰ ਨੇ ਕਿਹਾ, “ਬੋਲਿਆ ਮਰ ’ਗਾਂਹ, ਗੋਲ ਉਤਾਰ।” ਬੋਲੇ ਨੇ ਜਵਾਬ ਦਿੱਤਾ, “ਇਹ ਨ੍ਹੀਂ ਉਤਰਦਾ ਹੁਣ, ’ਗਾਂਹ ਤੇਰਾ ਪਿਉ ਖੜ੍ਹਾ!” ਇੰਜ ਭਾਰਤ ਨੇ ਰੋਮ ਦੀ ਹਾਰ ਦਾ ਬਦਲਾ ਲਿਆ।

ਟੋਕੀਓ ਵਿਚ ਭਾਰਤੀ ਟੀਮ ਦੇ 22 ਗੋਲਾਂ ਵਿੱਚੋਂ 11 ਗੋਲ ਪ੍ਰਿਥੀਪਾਲ ਸਿੰਘ ਨੇ ਕੀਤੇ। ਦੋ ਸਾਲ ਬਾਅਦ 1966 ਦੀਆਂ ਏਸ਼ਿਆਈ ਖੇਡਾਂ ਬੈਂਕਾਕ ਵਿੱਚ ਹੋਈਆਂ। ਉਦੋਂ ਗੋਲਚੀ ਸ਼ੰਕਰ ਲਕਸ਼ਮਣ ਤੋਂ ਬਿਨਾਂ ਅੱਗੇ ਖੇਡਣ ਵਾਲੇ ਸਾਰੇ ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ। ਉੱਥੇ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਕੁਝ ਮਹੀਨੇ ਬਾਅਦ ਪ੍ਰਿਥੀਪਾਲ ਰੇਲਵੇ ਦੀ ਨੌਕਰੀ ਛੱਡ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿੱਚ ਸਟੂਡੈਂਟਸ ਵੈੱਲਫੇਅਰ ਵਿਭਾਗ ਦਾ ਡਿਪਟੀ ਡਾਇਰੈਕਟਰ ਬਣ ਗਿਆ। ਡਿਪਟੀ ਡਾਇਰੈਕਟਰ ਹੁੰਦਿਆਂ ਵੀ ਉਹ ਸਰਗਰਮ ਹਾਕੀ ਖੇਡਦਾ ਰਿਹਾ।

1967 ਵਿੱਚ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ਕੈਪਟਨ ਬਣਾਇਆ ਗਿਆ ਜਿਸ ਨੇ ਜਰਮਨੀ ਤੇ ਨੀਦਰਲੈਂਡਜ਼ ਦੀਆਂ ਟੀਮਾਂ ਖਿਲਾਫ਼ ਟੈਸਟ ਮੈਚ ਖੇਡੇ। ਉਸੇ ਸਾਲ ਭਾਰਤੀ ਟੀਮ ਨੇ ਉਸ ਦੀ ਕਪਤਾਨੀ ਵਿੱਚ ਮੈਡਰਿਡ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ। 1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਜਾਇੰਟ ਕਪਤਾਨ ਬਣਾਇਆ ਗਿਆ। ਉੱਥੇ ਵੀ ਪ੍ਰਿਥੀਪਾਲ ਨੇ ਸਭ ਤੋਂ ਵੱਧ ਗੋਲ ਕੀਤੇ, ਪਰ ਟੀਮ ਕਾਂਸੀ ਦਾ ਤਗ਼ਮਾ ਹੀ ਜਿੱਤ ਸਕੀ। ਇੰਜ ਪ੍ਰਿਥੀਪਾਲ ਸਿੰਘ ਪਾਸ ਓਲੰਪਿਕ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਿੰਨ ਤਗ਼ਮੇ ਹਨ ਅਤੇ ਏਸ਼ਿਆਈ ਖੇਡਾਂ ਦਾ ਇੱਕ ਗੋਲਡ ਤੇ ਇੱਕ ਸਿਲਵਰ ਮੈਡਲ ਹੈ। ਉਸ ਦੇ ਕੁੱਲ ਮੈਡਲ ਤਾਂ ਦੋ ਦਰਜਨ ਤੋਂ ਵੀ ਵੱਧ ਹੋਣਗੇ।

ਮੈਕਸੀਕੋ ਦੀਆਂ ਓਲੰਪਿਕ ਖੇਡਾਂ ਪਿੱਛੋਂ ਉਹ ਸਰਗਰਮ ਹਾਕੀ ਤੋਂ ਰਿਟਾਇਰ ਹੋ ਗਿਆ। ਤਦ ਤੱਕ ਉਹ ਪੀਏਯੂ ਲੁਧਿਆਣਾ ਵਿਖੇ ਵਿਦਿਆਰਥੀ ਭਲਾਈ ਵਿਭਾਗ ਦਾ ਡਾਇਰੈਕਟਰ ਬਣ ਚੁੱਕਾ ਸੀ। ਉਹਦੀ ਆਮਦ ਨਾਲ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੇਡ ਸਰਗਰਮੀਆਂ ਵਿੱਚ ਹੋਰ ਵੀ ਵਾਧਾ ਹੋ ਗਿਆ। ਉੱਥੇ ਖੇਡਾਂ ਦੇ ਵੱਡੇ ਟੂਰਨਾਮੈਂਟ ਕਰਾਏ ਜਾਣ ਲੱਗੇ। ਉਸ ਨੂੰ ਕੁਝ ਸਮਾਂ ਭਾਰਤੀ ਹਾਕੀ ਟੀਮਾਂ ਦੀ ਚੋਣ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਹ ਅੰਤਰਾਰਸ਼ਟਰੀ ਹਾਕੀ ਟੂਰਨਾਮੈਂਟਾਂ ਦਾ ਅਬਜ਼ਰਵਰ ਰਿਹਾ ਅਤੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਤੇ ਲਕਸ਼ਮੀਬਾਈ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਮੈਂਬਰ ਰਿਹਾ। ਹਾਕੀ ਖਿਡਾਰੀਆਂ ਵਿੱਚੋਂ ਉਸ ਨੂੰ ਸਭ ਤੋਂ ਪਹਿਲਾਂ ਅਰਜਨ ਐਵਾਰਡ ਮਿਲਿਆ ਤੇ ਪਦਮ ਸ਼੍ਰੀ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ।

1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ’ਤੇ ਮੈਂ ਨਨਕਾਣਾ ਸਾਹਿਬ ਗਿਆ ਤਾਂ ਪ੍ਰਿਥੀਪਾਲ ਦੀ ਇੱਛਾ ਅਨੁਸਾਰ ਉਹਦੇ ਪਹਿਲੇ ਖੇਡ ਮੈਦਾਨ ਦੀ ਮਿੱਟੀ ਲੈ ਆਇਆ। ਮੁੜ ਕੇ ਲੁਧਿਆਣਾ ਰਹਿੰਦੇ ਪ੍ਰਿਥੀਪਾਲ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਘਰ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ। ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਨੇ ਤੁਹਾਨੂੰ ਸਲਾਮ ਆਖੀ ਹੈ। ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ’ਚ ਹੰਝੂ ਤੈਰ ਆਏ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ! ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦਾ ਬਚਪਨ ਭਾਵੇਂ ਕਿਹੋ ਜਿਹਾ ਵੀ ਗੁਜ਼ਰਿਆ ਹੋਵੇ, ਹੁਲਾਰਾ ਜਿਹਾ ਆ ਜਾਂਦੈ ਬਚਪਨ ਨੂੰ ਯਾਦ ਕਰ ਕੇ। ਪ੍ਰਿਥੀਪਾਲ ਵੀ ਬਚਪਨ ਦੀਆਂ ਗੱਲਾਂ ਕਰਦਾ ਸੁਣਦਾ ਬੱਚਾ ਬਣ ਜਾਂਦਾ ਸੀ।

ਮੈਂ ਉਸ ਨੂੰ ਪਹਿਲੀ ਵਾਰ ਦਿੱਲੀ ਦੇ ਸ਼ਿਵਾ ਜੀ ਸਟੇਡੀਅਮ ਵਿੱਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿੱਚ ਉਸ ਕੋਲ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਿਆ ਤਾਂ ਸਾਡਾ ਆਮ ਹੀ ਮੇਲ ਮਿਲਾਪ ਹੋਣ ਲੱਗਾ। ਉਹ ਸਾਡੇ ਪਿੰਡ ਚਕਰ ਤੇ ਢੁੱਡੀਕੇ ਕਾਲਜ ਵਿੱਚ ਵੀ ਜਾ ਆਇਆ ਸੀ, ਪਰ ਮੈਂ ਉਸ ਦਾ ਨਵਾਂ ਪਿੰਡ ਭੱਟ ਮਾਜਰਾ ਨਹੀਂ ਸਾਂ ਵੇਖ ਸਕਿਆ।

ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ-1982 ਪਿੱਛੋਂ ਲੁਧਿਆਣੇ ਹੋਈ ਗੱਲਬਾਤ ਮੈਨੂੰ ਮੁੜ-ਮੁੜ ਯਾਦ ਆ ਜਾਂਦੀ ਹੈ। ਉਦੋਂ ਉਸ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਇੱਕ ਕਾਪੀ ਮੈਨੂੰ ਦਿੱਤੀ ਸੀ। ਉਸ ਵਿੱਚ ਲਿਖਿਆ ਸੀ ਕਿ ਦਿੱਲੀ ਏਸ਼ੀਆਡ ਦੇ ਅਧਿਕਾਰੀਆਂ ਨੇ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ ਵੀ ਸੱਦਾ ਪੱਤਰ ਨਹੀਂ ਸਨ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਾ ਜਿਸ ਦਾ ਉਸ ਨੂੰ ਦਿਲੀਂ ਦੁੱਖ ਸੀ।

ਹੋਣੀ ਦਾ ਭਾਣਾ ਵੇਖੋ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਗੁੱਟਾਂ ਦੇ ਝਗੜੇ ਸੁਲਝਾਉਂਦਿਆਂ ਉਹ ਇੱਕ ਗੁੱਟ ਦੀ ਹਿੱਟ ਲਿਸਟ ’ਤੇ ਆ ਗਿਆ। 20 ਜਨਵਰੀ 1983 ਦੇ ਦਿਨ ਕਾਤਲ ਮੋਟਰ ਸਾਈਕਲ ’ਤੇ ਆਏ ਤੇ ਕੈਂਪਸ ਵਿੱਚ ਹੀ ਗੋਲੀਆਂ ਮਾਰ ਕੇ ਰੂਪੋਸ਼ ਹੋ ਗਏ। 1947 ਦੀ ਮਾਰ ਧਾੜ ਵਿਚੋਂ ਤਾਂ ਪ੍ਰਿਥੀਪਾਲ ਬਚ ਨਿਕਲਿਆ ਸੀ, ਪਰ ਆਪਣੀ ਯੂਨੀਵਰਸਿਟੀ ਵਿੱਚ ਬਚ ਨਾ ਸਕਿਆ। ਪਿੱਛੇ ਉਸ ਦੀ ਵਿਧਵਾ ਪਤਨੀ, ਗੋਦ ਲਈ ਬੱਚੀ ਤੇ ਵੱਡੇ ਭਰਾ ਦੇ ਬੱਚੇ ਰਹਿ ਗਏ। ਪ੍ਰਿਥੀਪਾਲ ਜੋੜੇ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਦੇ ਵੱਡੇ ਭਰਾ ਦਾ ਪਹਿਲਾਂ ਹੀ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ।

ਯੂਨੀਵਰਸਿਟੀ ਵਿੱਚ ਉਸ ਨੂੰ ਸ਼ਰਧਾਂਜਲੀ ਦੇਣ ਸਮੇਂ ਬੜਾ ਵੱਡਾ ਇਕੱਠ ਹੋਇਆ। ਉਸ ਦੀ ਯਾਦ ਵਿੱਚ ਪ੍ਰਿਥੀਪਾਲ ਸਿੰਘ ਸਪੋਰਟਸ ਕੰਪਲੈਕਸ ਬਣਾਇਆ ਗਿਆ ਜਿੱਥੇ ਹਾਕੀ ਦਾ ਆਸਟ੍ਰੋਟਰਫ ਲਾਇਆ ਗਿਆ। ਉਸ ਦੀ ਯਾਦ ਵਿੱਚ ਹਾਕੀ ਦੇ ਟੂਰਨਾਮੈਂਟ ਹੁੰਦੇ ਹਨ। ਕੁਝ ਸਾਲ ਪਹਿਲਾਂ ਮੈਂ ਕੈਨੇਡਾ ਤੋਂ ਪੰਜਾਬ ਗਿਆ ਤਾਂ ਪ੍ਰਿਥੀਪਾਲ ਸਿੰਘ ਦੇ ਭਤੀਜੇ ਤਰਲੋਚਨ ਸਿੰਘ ਦਾ ਫੋਨ ਆਇਆ। ਉਸ ਨੇ ਸੱਦਾ ਦਿੱਤਾ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ।

ਮੈਂ ਉਨ੍ਹਾਂ ਦੇ ਘਰ ਗਿਆ ਤਾਂ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ।  ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਮੌਜੂਦ ਸਨ। ਉਹ ਬੈਠਕ ਜਿੱਥੇ ਹਾਕੀ ਦੇ ਓਲੰਪੀਅਨ ਤੇ ਅਫ਼ਸਰ ਆਉਂਦੇ ਜਾਂਦੇ ਰਹੇ ਸਨ ਵੀਰਾਨ ਪਈ ਸੀ। ਉਹਦੇ ਵਿੱਚ ਕੁਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਾਉਂਦੀਆਂ ਸਨ ਕਿ ਇਹ ਪੈਨਲਟੀ ਕਾਰਨਰ ਦੇ ਬਾਦਸ਼ਾਹ ਦੀ ਬੈਠਕ ਸੀ।

ਫੁੱਟਬਾਲ ਦੇ ਦੀਵਾਨੇ ਬ੍ਰਾਜ਼ੀਲ ਦੇ ਪੇਲੇ ਵੱਲੋਂ ਪਹਿਨੀਆਂ ਪੁਸ਼ਾਕਾਂ ਦੀਆਂ ਲੀਰਾਂ ਵੀ ਸਾਂਭੀ ਬੈਠੇ ਹਨ। ਸਾਡਾ ਪ੍ਰਿਥੀਪਾਲ ਸਿੰਘ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਅਸੀਂ ਤਾਂ ਉਹਦੀ ਉਹ ਹਾਕੀ ਵੀ ਨਹੀਂ ਸੰਭਾਲੀ ਜਿਸ ਨਾਲ ਉਹਨੇ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਗੋਲ ਕੀਤੇ ਸਨ।

 

ਪਿ੍ੰਸੀਪਲ ਸਰਵਣ ਸਿੰਘ