ਕਿਸਾਨਾਂ ਖਿਲਾਫ ਦੰਗੇ ਭੜਕਾਉਣ ਦੀ ਸਾਜਿਸ਼

ਕਿਸਾਨਾਂ ਖਿਲਾਫ ਦੰਗੇ ਭੜਕਾਉਣ ਦੀ ਸਾਜਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਮੋਜੂਦਾ ਸਰਕਾਰ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਚਲਾ ਰਹੇ ਹਨ। ਇਹਨਾਂ ਦੋਵਾਂ ਆਗੂਆਂ 'ਤੇ ਧਾਰਮਿਕ ਦੰਗੇ ਭੜਕਾਉਣ ਦੇ ਵੱਡੇ ਦੋਸ਼ ਲੱਗਦੇ ਰਹੇ ਹਨ ਅਤੇ ਬਹੁਤ ਵਿਚਾਰਵਾਨ ਇਹਨਾਂ ਨੂੰ ਅਜਿਹੀਆਂ ਕਾਰਵਾਈਆਂ ਅੰਜਾਮ ਦੇਣ ਦੇ ਮਾਹਰ ਮੰਨਦੇ ਹਨ। ਕਿਸਾਨ ਸੰਘਰਸ਼ ਜਦੋਂ ਆਪਣੇ ਸਿਖਰਾਂ 'ਤੇ ਪਹੁੰਚਿਆ ਹੋਇਆ ਹੈ ਅਤੇ ਸਰਕਾਰ ਕੋਲ ਇਸਦਾ ਕੋਈ ਤੋੜ ਨਹੀਂ ਹੈ ਤਾਂ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਦੀ ਬਜਾਏ ਸੰਘਰਸ਼ ਨੂੰ ਖਦੇੜਨ ਲਈ ਹਿੰਸਾ ਦੇ ਤਰੀਕੇ ਵਰਤਦੀ ਨਜ਼ਰ ਆ ਰਹੀ ਹੈ। 

ਬੀਤੇ ਕੱਲ੍ਹ ਸਿੰਘੂ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ 'ਤੇ ਕੁੱਝ ਸੈਂਕੜੇ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਹਮਲਾਵਰ ਭੀੜ ਹੱਥਾਂ ਵਿਚ ਤਿਰੰਗੇ, ਪੱਥਰ ਅਤੇ ਪੈਟਰੋਲ ਬੰਬ ਲੈ ਕੇ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਚੜ੍ਹ ਆਈ ਸੀ। ਇਹ ਹਮਲਾਵਰ ਭੀੜ ਕਿਸਾਨਾਂ ਨੂੰ ਬਾਰਡਰ ਤੋਂ ਧਰਨਾ ਚੁੱਕਣ ਲਈ ਕਹਿ ਰਹੀ ਸੀ। ਇਹ ਮਾਹੌਲ ਬਿਲਕੁਲ ਉਸੇ ਤਰ੍ਹਾਂ ਦਾ ਸੀ ਜਿਵੇਂ ਕੁੱਝ ਮਹੀਨੇ ਪਹਿਲਾਂ ਸੀਏਏ ਖਿਲਾਫ ਚੱਲ ਰਹੇ ਧਰਨਿਆਂ ਨੂੰ ਖਤਮ ਕਰਨ ਲਈ ਕਰਵਾਈ ਗਈ ਹਿੰਸਾ ਤੋਂ ਪਹਿਲਾਂ ਬਣਾਇਆ ਗਿਆ ਸੀ। ਹਮਲਾਵਰ ਭੀੜਾਂ ਨੂੰ ਪੁਲਿਸ ਦੀ ਪੂਰੀ ਸ਼ਹਿ ਹਾਸਲ ਸੀ ਜੋ ਭਾਰਤੀ ਚੈਨਲਾਂ ਦੇ ਕੈਮਰਿਆਂ ਵਿਚ ਵੀ ਕੈਦ ਹੋ ਗਈ। ਪੁਲਸ ਇਕ ਪਾਸੇ ਖੜ੍ਹ ਇਸ ਹਮਲਾਵਰ ਭੀੜ ਨੂੰ ਕਿਸਾਨਾਂ 'ਤੇ ਪੱਥਰ ਮਾਰਨ, ਪੈਟਰੋਲ ਬੰਬ ਸੁੱਟਣ ਅਤੇ ਕਿਸਾਨਾਂ ਦੇ ਤੰਬੂ ਪੁੱਟਣ ਦੀ ਖੁੱਲ੍ਹ ਦੇ ਰਹੀ ਸੀ। 

ਜੇ ਕਿਸਾਨ ਚਾਹੁੰਦੇ ਤਾਂ ਖੁਦ ਕਾਰਵਾਈ ਕਰਕੇ ਇਸ ਭੀੜ ਨੂੰ ਭਜਾ ਸਕਦੇ ਸੀ ਪਰ ਕਿਸਾਨਾਂ ਨੇ ਸਰਕਾਰ ਦੀ ਚਾਲ ਨੂੰ ਸਮਝਦਿਆਂ ਸਬਰ ਨਾਲ ਕੰਮ ਲਿਆ ਅਤੇ ਮੌਕਾ ਸਾਂਭਿਆ। ਇਸ ਦੌਰਾਨ ਹਿੰਸਕ ਭੀੜ ਅਤੇ ਪੁਲਸ ਵੱਲੋਂ ਸਾਂਝੇ ਰੂਪ ਵਿਚ ਕੁੱਝ ਕਿਸਾਨਾਂ ਦੀ ਕੁੱਟਮਾਰ ਵੀ ਕੀਤੀ ਗਈ ਜੋ ਕੈਮਰਿਆਂ ਵਿਚ ਰਿਕਾਰਡ ਹੋ ਗਈ। ਇਕ ਅੰਮ੍ਰਿਤਧਾਰੀ ਕਿਸਾਨ ਨੂੰ ਪੁਲਸ ਧਰਨੇ ਵਿਚੋਂ ਅਗਵਾ ਕਰਕੇ ਲੈ ਗਈ ਹੈ ਜਿਸ ਬਾਰੇ ਅਜੇ ਤਕ ਕੁੱਝ ਪਤਾ ਨਹੀਂ ਲੱਗ ਰਿਹਾ। ਇਸ ਕਿਸਾਨ ਨਾਲ ਪੁਲਸ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। 

ਹਮਲਾਵਰ ਭੀੜ ਵੱਲੋਂ ਕਿਸਾਨਾਂ 'ਤੇ ਕੀਤੀ ਪੱਥਰਬਾਜ਼ੀ ਵਿਚ ਕਈ ਕਿਸਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਹਮਲਾਵਰ ਭੀੜ ਨੇ ਬੀਬੀਆਂ ਅਤੇ ਬੱਚਿਆਂ ਵਾਲੇ ਤੰਬੂਆਂ 'ਤੇ ਵੀ ਹਮਲਾ ਕੀਤਾ। 

ਇਹ ਹਮਲਾਵਰ ਭੀੜ ਖੁਦ ਨੂੰ ਹਿੰਦੂ ਅਤੇ ਧਰਨਾਕਾਰੀ ਕਿਸਾਨਾਂ ਨੂੰ ਸਿੱਖ ਦੱਸ ਰਹੀ ਸੀ। ਇਸ ਤੋਂ ਸਪਸ਼ਟ ਹੈ ਕਿ ਇਸ ਹਮਲੇ ਰਾਹੀਂ ਕਿਸਾਨ ਧਰਨੇ ਨੂੰ ਹਿੰਦੂ ਸਿੱਖ ਮਸਲੇ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਹਮਲਾਵਰ ਭੀੜ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਦੀ ਹੈ ਜੋ ਮਸਲੇ ਨੂੰ ਹਿੰਦੂ ਸਿੱਖ ਲੜਾਈ ਦਾ ਰੂਪ ਦੇਣਾ ਚਾਹੁੰਦੇ ਹਨ ਅਤੇ ਹਿੰਦੂ ਭਾਵਨਾਵਾਂ ਜਗਾ ਕੇ ਵੱਡੀਆਂ ਭੀੜਾਂ ਤੋਂ ਕਿਸਾਨਾਂ 'ਤੇ ਹਮਲਾ ਕਰਵਾਉਣਾ ਚਾਹੁੰਦੇ ਹਨ। ਇਹ ਹਮਲਾਵਰ ਭੀੜ ਕੁੱਝ ਘੰਟੇ ਰੌਲਾ ਪਾ ਕੇ ਅਤੇ ਦੰਗਾ ਕਰਕੇ ਕਿਸਾਨ ਮੋਰਚੇ ਤੋਂ ਪਿੱਛੇ ਹਟ ਗਈ।